29.1 C
Patiāla
Sunday, May 5, 2024

ਕਾਵਿ ਕਿਆਰੀ

Must read


ਪੰਜਾਬੀ ਦੇ ਨਾਲ ਸਾੜਾ

ਜਸਵੰਤ ਗਿੱਲ

ਰਹੇ ਮਹਿਕ ਦੀ ਬੋਲੀ

ਮੇਰੇ ਸੋਹਣੇ ਵਤਨ ਪੰਜਾਬ ਦੀ।

ਖੁਸ਼ਬੋ ਵੰਡਦੀ ਰਹੇ ਹਮੇਸ਼ਾਂ

ਜਿਉਂ ਕਲੀ ਫੁੱਲ ਗੁਲਾਬ ਦੀ।

ਪੁੱਤ ਕਪੁੱਤ ਉਹ ਹੁੰਦੇ

ਕਹਿਣ ਮਾਂ ਬੋਲੀ ਨੂੰ ਜੋ ਮਾੜਾ।

ਮੁੱਢ ਤੋਂ ਹੀ ਦਿੱਲੀ ਨੂੰ

ਰਿਹਾ ਪੰਜਾਬੀ ਦੇ ਨਾਲ ਸਾੜਾ।

ਟੋਟੇ ਟੋਟੇ ਕਰਕੇ ਪਹਿਲਾਂ

ਵੰਡ ਕਰ ਦਿੱਤੀ ਹੈ ਕਾਣੀ।

ਦਿਲ ‘ਤੇ ਪੱਥਰ ਰੱਖੇ

ਦੁੱਖ ਜ਼ਰ ਲਏ ਸਭ ਨੇ ਹਾਣੀ।

ਫਿਰ ਦੁਸ਼ਮਣ ਨੇ ਆਏ

ਅਸੀਂ ਚੁੱਪ ਬੈਠੇ ਕਿਉ ਹਾੜਾ।

ਮੁੱਢ ਤੋਂ ਹੀ ਦਿੱਲੀ ਨੂੰ

ਰਿਹਾ ਪੰਜਾਬੀ ਦੇ ਨਾਲ ਸਾੜਾ।

ਗੁਰੂਆਂ ਦੀ ਹੈ ਜਾਈਂ

ਤਾਈਂ ਇਹ ਗੁਰਮੁਖੀ ਕਹਾਵੇ।

ਜੋ ਇਸ ਦੇ ਲੜ ਲੱਗਿਆ

ਉਹ ਹੈ ਰੁਤਬਾ ਉੱਚਾ ਪਾਵੇ।

ਪਰ ਅੱਜ ਬੱਚਿਆਂ ਦਾ

ਮਾਂ ਨਾਲ ਵਧਦਾ ਜਾਂਦਾ ਪਾੜਾ।

ਮੁੱਢ ਤੋਂ ਹੀ ਦਿੱਲੀ ਨੂੰ

ਰਿਹਾ ਪੰਜਾਬੀ ਦੇ ਨਾਲ ਸਾੜਾ।

ਆਪਣੀ ਬੋਲੀ ਛੱਡ ਕੇ

ਕਿਉਂ ਬੋਲੇ ਗਿੱਲ ਵਿਦੇਸ਼ੀ ਬੋਲੀ।

ਮਾਸੀਆਂ ਚਾਚੀਆਂ ਤਾਈਆਂ ਨਾਲ

ਕਿਉਂ ਜਾਵੇ ਮਾਂ ਆਪਣੀ ਨੂੰ ਤੋਲੀ।

ਮੰਗ ‘ਮੇਂ ਸੂਟਾਂ ਵਿੱਚ ਤੂੰ

ਕਦ ਤੱਕ ਘੁੰਮੇਗਾ ਬਣ ਲਾੜਾ।

ਮੁੱਢ ਤੋਂ ਹੀ ਦਿੱਲੀ ਨੂੰ

ਰਿਹਾ ਪੰਜਾਬੀ ਦੇ ਨਾਲ ਸਾੜਾ।
ਸੰਪਰਕ: 97804-51878

ਮਾਂ ਬੋਲੀ

ਵੀਰੇਂਦਰ ਮਿਰੋਕ

ਮਾਂ ਬੋਲੀ ਪੰਜਾਬੀ ਨੂੰ

ਕਿਵੇਂ ਵਿਸਾਰੀ ਜਾਂਦੇ ਹੋ

ਭੁੱਲ ਕੇ ਆਪਣੇ ਆਪ ਪਿਛੋਕੜ

ਕਿਵੇਂ ਮਹਾਨ ਅਖਵਾਉਂਦੇ ਹੋ

ਬਾਬੇ ਨਾਨਕ ਬੂਟਾ ਲਾਇਆ

ਸਾਰੇ ਜੱਗ ਨੂੰ ਰਾਹ ਵਿਖਾਇਆ

ਵੱਡੇ ਵੱਡੇ ਹੰਕਾਰੀਆਂ ਨੂੰ ਵੀ

ਉਨ੍ਹਾਂ ਸਿੱਧੇ ਰਸਤੇ ਪਾਇਆ

ਅੱਜ ਉਸ ਦੀ ਗੁਰਬਾਣੀ ਨੂੰ

ਕਿਵੇਂ ਭੁਲਾਈ ਜਾਂਦੇ ਹੋ…

ਮਾਂ ਬੋਲੀ ਪੰਜਾਬੀ ਨੂੰ

ਕਿਵੇਂ ਵਿਸਾਰੀ ਜਾਂਦੇ ਓ

ਸਭ ਨੂੰ ਮਿੱਠਾ ਮਿੱਠਾ ਬੋਲਾਂ

ਕਦੇ ਨਾ ਮੁੱਖ ‘ਚੋਂ ਕੌੜਾ ਵੇ

ਜਿੰਨਾ ਵੀ ਸਤਿਕਾਰ ਕਰਲੋ

ਮੇਰੇ ਲਈ ਉਹ ਵੀ ਥੋੜ੍ਹਾ ਵੇ।

ਅੱਜ ਮੇਰੇ ਹੀ ਬੋਲਾਂ ਨੂੰ

ਕਿਉਂ ਵਿਗਾੜੀ ਜਾਂਦੇ ਹੋ

ਮਾਂ ਬੋਲੀ ਪੰਜਾਬੀ ਨੂੰ

ਕਿਵੇਂ ਵਿਸਾਰੀ ਜਾਂਦੇ ਓ

ਮੇਰੇ ਤੋਂ ਹੀ ਰਾਹ ਪੁੱਛ ਪੁੱਛ ਜੇ

ਤੂੰ ਇਸ ਜੱਗ ਨੂੰ ਜਿੱਤਿਆ ਸੀ

ਪਿੰਡ ਵਾਲੇ ਸਕੂਲ ਦੇ ਵਿੱਚ ਵੇ

ਮੇਰੇ ਤੋਂ ਸਭ ਕੁਝ ਸਿੱਖਿਆ ਸੀ।

ਅੱਜ ਮੇਰੇ ਹੀ ਸ਼ਬਦਾਂ ਨੂੰ

ਠੋਕਰ ਮਾਰੀ ਜਾਂਦੇ ਹੋ

ਮਾਂ ਬੋਲੀ ਪੰਜਾਬੀ ਨੂੰ

ਕਿਵੇਂ ਵਿਸਾਰੀ ਜਾਂਦੇ ਓ

ਬਾਪੂ ਨੂੰ ਪੁੱਛ ਕੇ ਵੇਖ ਜਵਾਨਾ

ਕੀ ਮੁੱਲ ਮੇਰੇ ਰੁਤਬੇ ਦਾ

ਮੈਂ ਵੀ ‘ਕੱਲੀ ਬੈਠ ਪਈ ਰੋਵਾਂ

ਕਿਸ ਨੂੰ ਫਿਕਰ ਮੇਰੇ ਦੁਖੜੇ ਦਾ।

ਆਪਣੇ ਘਰ ਦੇ ਵਿੱਚੋਂ ਹੀ

ਕੱਢੀ ਮਾਂ ਵਿਚਾਰੀ ਜਾਂਦੇ ਹੋ

ਮਾਂ ਬੋਲੀ ਪੰਜਾਬੀ ਨੂੰ

ਕਿਵੇਂ ਵਿਸਾਰੀ ਜਾਂਦੇ ਓ

ਐ ਮੇਰੇ ਸ਼ਬਦੋ!

ਚਰਨਜੀਤ ਸਮਾਲਸਰ

ਐ ਮੇਰੇ ਸ਼ਬਦੋ! ਜਾਓ!

ਉਨ੍ਹਾਂ ਕਾਲ ਕੋਠੜੀਆਂ ਵਿੱਚ ਜਾਓ

ਜਿਨ੍ਹਾਂ ਵਿੱਚ ਸਦੀਆਂ ਤੋਂ ਹਨੇਰਾ ਹੈ।

ਐ ਮੇਰੇ ਸ਼ਬਦੋ! ਜਾਓ!

ਗੁਰਬਤ ਮਾਰੀਆਂ ਸੋਚਾਂ ਨੂੰ

ਆਪਣੀ ਲੋਅ ਨਾਲ ਰੁਸ਼ਨਾਓ।

ਐ ਮੇਰੇ ਸ਼ਬਦੋ! ਜਾਓ!

ਹਨੇਰੇ ਘਰਾਂ ‘ਚ ਜਾਓ

ਜਾਓ ਤੇ ਪੁੱਛੋ

ਕਿ ਦੀਵਾਲੀ ਦੀ ਰੌਸ਼ਨੀ ਅਜੇ ਤੀਕ

ਤੁਹਾਡੇ ਘਰਾਂ ਤੱਕ ਕਿਉਂ ਨਈਂ ਪਹੁੰਚੀ?

ਐ ਮੇਰੇ ਸ਼ਬਦੋ! ਜਾਓ!

ਗ਼ਰੀਬਾਂ ਤੇ ਮਜ਼ਲੂਮਾਂ

ਦੀਆਂ ਸਰਦਲਾਂ ‘ਤੇ ਜਾਓ

ਤੇ ਮਸ਼ਾਲਾਂ ਬਣ

ਸੰਘਰਸ਼ ਦਾ ਰਾਹ ਦਿਖਾਓ।

ਐ ਮੇਰੇ ਸ਼ਬਦੋ! ਜਾਓ!

ਕੰਜਕਾਂ ਤੇ ਨਾਰੀਆਂ

ਦੀ ਢਾਲ ਬਣੋ

ਕੁੱਤਿਆਂ, ਭੇੜੀਆਂ ਤੇ ਜ਼ਾਲਮਾਂ ਤੋਂ ਬਚਾਓ।

ਐ ਮੇਰੇ ਸ਼ਬਦੋ! ਜਾਓ!

ਝੂਠ ਦੇ ਨਕਾਬ ਲਾਹੋ

ਆਗੂਆਂ ਨੂੰ ਸ਼ੀਸ਼ਾ ਵਿਖਾਓ

ਹੱਕ-ਸੱਚ ਦੇ ਗੀਤ ਗਾਓ

ਸੁੱਤੇ ਜ਼ਮੀਰਾਂ ਨੂੰ ਜਗਾਓ

ਸੰਘਰਸ਼ਾਂ ਨੂੰ ਹਲੂਣਾ ਦਿਓ

ਜਿੱਤਾਂ ‘ਤੇ ਮੋਹਰਾਂ ਲਾਓ।
ਸੰਪਰਕ: 98144-00878

ਗੱਲ

ਅਸੀਸ ਜਤਿੰਦਰ ਨੂਰੀ

ਸੋਚਿਆ ਗੱਲ ਕਰੀਏ

ਜੋ ਬੈਠੇ ਏਸ ਕੰਢੇ ‘ਤੇ

ਓਸ ਪਾਰ ਦਿਆਂ ਦੀ

ਸੱਚ ਐ ਸੱਜਣਾ

ਏਨੀ ਸੌਖੀ ਨਹੀਂ

ਜ਼ਿੰਦਗੀ ਬਾਹਰਲਿਆਂ ਦੀ

ਕਿਸੇ ਨੂੰ ਗਲ ਦੀ ਗਾਨੀ, ਕੋਠੀਆਂ ਕਾਰਾਂ

ਤੇ ਡਾਲਰ ਦਿੱਸਦੇ ਨੇ

ਮੈਨੂੰ 18-20 ਘੰਟੇ ਲੱਗੀਆਂ ਸ਼ਿਫਟਾਂ ਵਿੱਚ

ਹੋਏ ਮੈਲੇ ਕਾਲਰ ਦਿੱਸਦੇ ਨੇ

ਤਿੰਨ ਵੇਲੇ ਦੀ ਭੁੱਖ ਨੂੰ

ਇੱਕੋ ਸਮੇਂ ਰੋਟੀ ਖਾ ਸਾਰ ਲਿਆ ਜੀ

ਏਨੀ ਸੌਖੀ ਨਹੀਂ

ਜ਼ਿੰਦਗੀ ਬਾਹਰਲਿਆਂ ਦੀ

ਅਸੀਂ ਬਦਲੇ ਜ਼ਮਾਨੇ ਦੀ ਤਰੱਕੀ ਨਾਲ

ਨਿੱਤ ਬਦਲਦੇ ਰਾਹ ਦੇਖੇ ਨੇ

ਅਸੀਂ ਫੇਸਬੁੱਕ, ਵਟਸਐਪ

ਵੀਡਿਓ ਕਾਲ ਰਾਹੀਂ

ਆਪਣਿਆਂ ਦੇ ਮੇਲੇ, ਭੋਗ

ਹਾਦਸੇ ਤੇ ਵਿਆਹ ਦੇਖੇ ਨੇ

ਸੱਤ ਸਮੁੰਦਰੋਂ ਪਾਰ ਹੋ ਕੇ

ਨਿੱਘ ਆਪਣਿਆਂ ਦੀ

ਗੋਦੀ ਦਾ ਮਾਣ ਲਿਆ ਜੀ

ਏਨੀ ਸੌਖੀ ਨਹੀਂ

ਜ਼ਿੰਦਗੀ ਬਾਹਰਲਿਆਂ ਦੀ

ਏਥੇ ਸਭ ਨੂੰ ਲੱਗੇ

ਸਾਡੀ ਲਾਟਰੀ ਨਿਕਲੀ

ਅਸੀਂ ਮਿਹਨਤ ਕੀਤੀ

ਕਿਸਮਤ ‘ਤੇ ਗੋਡੇ ਟੇਕੇ ਨਹੀਂ

ਸਾਨੂੰ ਘੁੰਮਦਿਆਂ, ਨੱਚਦੇ, ਗਾਉਂਦੇ

ਤਾਂ ਹਰ ਕੋਈ ਦੇਖੇ

ਪਰ ਸਾਡਾ ਸੰਘਰਸ਼, ਦੁੱਖ

ਹੰਝੂ ਕੋਈ ਵੀ ਦੇਖੇ ਨਹੀਂ

ਹੱਸਦੇ ਵੱਸਦੇ ਰਹਿਣ ਸਭ ਕਹੇ ਨੂਰੀ

ਥੋਡੇ ਸਬਰ ਸਿਦਕ ਨੂੰ ਮੱਥਾ ਟੇਕੇ ਜੀ

ਸਿਰ ਚੜ੍ਹੀ ਕਰਜ਼ੇ ਦੀ ਪੰਡ ਨੂੰ

ਹੌਲੀ ਹੌਲੀ ਉਤਾਰ ਲਿਆ ਜੀ

ਏਨੀ ਸੌਖੀ ਨਹੀਂ

ਜ਼ਿੰਦਗੀ ਬਾਹਰਲਿਆਂ ਦੀ
ਸੰਪਰਕ: 9569-34900

***



News Source link
#ਕਵ #ਕਆਰ

- Advertisement -

More articles

- Advertisement -

Latest article