37.2 C
Patiāla
Friday, April 26, 2024

ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਸਾਂਝਾ ਸਾਹਿਤਕ ਸਮਾਗਮ

Must read


ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਜ਼ੂਮ ਜ਼ਰੀਏ ਪਹਿਲਾ ਸਾਂਝਾ ਸਾਹਿਤਕ ਸਮਾਗਮ ਸਫਲਤਾ ਪੂਰਵਕ ਸਪੰਨ ਹੋਇਆ। ਇਸ ਵਿੱਚ ਪੰਜਾਬੀ ਅਤੇ ਇਤਾਲਵੀ ਸਾਹਿਤਕਾਰਾਂ ਨੇ ਭਾਗ ਲਿਆ। ਇਸ ਪਹਿਲੇ ਸਾਹਿਤਕ ਸਮਾਗਮ ਵਿੱਚ ਪੰਜਾਬੀ ਤੇ ਇਤਾਲਵੀ ਕਵਿਤਾ ਉੱਪਰ ਆਲੋਚਨਾਤਮਕ ਪੱਖ ਤੋਂ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੀ ਸਰਪ੍ਰਸਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ. ਪ. ਸਿੰਘ ਨੇ ਕੀਤੀ ਅਤੇ ਪ੍ਰਧਾਨਗੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਦੇ ਪ੍ਰਧਾਨ ਗੁਰਭਜਨ ਗਿੱਲ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ ਅਤੇ ਡਾ. ਸਾਂਦਰੀਨੋ ਲੁਈਜੀ ਮਾਰਾ ਸ਼ਾਮਲ ਹੋਏ।

ਇਸ ਮੌਕੇ ਡਾ. ਦਵਿੰਦਰ ਸੈਫੀ, ਫਰਾਂਕੋ ਮਾਤੇਈ, ਸਵਰਨਜੀਤ ਸਵੀ ਅਤੇ ਅਨਤੋਨੀਉ ਮਾਰੀੳ ਨਾਪੋਲੀਤਾਨੋ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ ਅਤੇ ਲੋਕ ਕਲਾ ਅਕਾਦਮੀ, ਚੰਡੀਗੜ੍ਹ ਦੇ ਮੀਤ ਚੇਅਰਮੈਨ ਡਾ. ਯੋਗ ਰਾਜ ਅਤੇ ਡਾ. ਦਾਨੀਏਲੇ ਕਾਸਤੇਲਾਰੀ ਬਤੌਰ ਆਲੋਚਕ ਸ਼ਾਮਲ ਹੋਏ। ਜਿਨ੍ਹਾਂ ਨੇ ਡਾ. ਦਵਿੰਦਰ ਸੈਫੀ ਦੀ ਕਵਿਤਾ ‘ਮੁਰਗੀਆਂ’, ਸਵਰਨਜੀਤ ਸਵੀ ਦੀ ਕਵਿਤਾ ‘ਕਿਤਾਬ ਜਾਗਦੀ ਹੈ’, ਫਰਾਂਕੋ ਮਾਤੇਈ ਦੀ ਕਵਿਤਾ ‘ਪਿਆਰਾ ਪਿੰਡ’, ‘ਝੀਲ’ ਅਤੇ ਨਾਪੋਲੀਤਾਨੋ ਦੀ ਕਵਿਤਾ ‘ਮੈਲੂਸੀਉ’ ਉੱਪਰ ਉੱਚ ਪਾਏ ਦੀ ਚਰਚਾ ਕੀਤੀ। ਇਸ ਸਮੇਂ ਨੋਬਲ ਇਨਾਮ ਜੇਤੂ ਇਤਾਲਵੀ ਕਵੀ ਊਜ਼ੈਨੀਉ ਮੌਨਤਾਲੇ, ਬਾਬਾ ਫਰੀਦ ਅਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਯਾਦ ਕੀਤਾ ਗਿਆ।

ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਇਤਾਲਵੀ ਤੇ ਪੰਜਾਬੀਆਂ ਦੀ ਸਦੀਆਂ ਪੁਰਾਣੀ ਸਾਂਝ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ. ਸ.ਪ. ਸਿੰਘ, ਪ੍ਰੋ. ਗੁਰਭਜਨ ਗਿੱਲ, ਡਾ. ਲਖਵਿੰਦਰ ਜੌਹਲ, ਸਾਂਦਰੀਨੋ ਲੁਈਜੀ ਮਾਰਾ ਨੇ ਇਸ ਸਮਾਗਮ ਦੀ ਸ਼ਲਾਘਾ ਕੀਤੀ ਅਤੇ ਦੋਵਾਂ ਭਾਸ਼ਾਵਾਂ ਵਿੱਚ ਸਾਂਝਾ ਸਮਾਗਮ ਕਰਨ ਲਈ ਸਭਾ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੁਨੀਆ ਭਰ ਵਿੱਚ ਵਸਦੇ ਸਾਹਿਤਕਾਰਾਂ ਨੂੰ ਭਾਸ਼ਾ ਦੇ ਅਜਿਹੇ ਸਾਂਝੇ ਪੁਲ ਉਸਾਰ ਕੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਜਿਸ ਨਾਲ ਸਾਹਿਤਕ ਸੁਨੇਹਾ ਵੀ ਸਾਂਝਾ ਹੋਵੇਗਾ ਤੇ ਅਸੀਂ ਅਗਲੀਆਂ ਪੀੜ੍ਹੀਆਂ ਨੂੰ ਵੀ ਸਾਹਿਤ ਨਾਲ ਜੋੜ ਸਕਾਂਗੇ। ਇਸ ਸਮਾਗਮ ਵਿੱਚ ਇਟਲੀ ਵਿੱਚ ਰਹਿਣ ਵਾਲੇ ਬੱਚਿਆਂ ਦਵਿੰਦਰ ਸਿੰਘ, ਬਿਕਰਮ ਸਿੰਘ ਬਾਵਾ ਅਤੇ ਜਸਜੀਤ ਸਿੰਘ ਚਾਹਲ ਨੇ ਬਤੌਰ ਅਨੁਵਾਦਕ ਖਾਸ ਭੂਮਿਕਾ ਨਿਭਾਈ। ਇਸ ਸਮਾਗਮ ਦਾ ਸਮੁੱਚਾ ਸੰਚਾਲਨ ਪ੍ਰੋ. ਜਸਪਾਲ ਸਿੰਘ ਅਤੇ ਦਲਜਿੰਦਰ ਰਹਿਲ ਨੇ ਪੰਜਾਬੀ ਅਤੇ ਇਤਾਲਵੀ ਭਾਸ਼ਾ ਵਿੱਚ ਬਾਖੂਬੀ ਕੀਤਾ।



News Source link
#ਪਜਬ #ਤ #ਇਤਲਵ #ਭਸ #ਦ #ਸਝ #ਸਹਤਕ #ਸਮਗਮ

- Advertisement -

More articles

- Advertisement -

Latest article