31.5 C
Patiāla
Friday, April 26, 2024

ਮਾਂ

Must read


ਸੁਰਿੰਦਰ ਗੀਤ

ਪਹਿਲੀ ਵਾਰੀ ਉਹ ਮੈਨੂੰ ਟੋਰਾਂਟੋ ਇੱਕ ਸਮਾਗਮ ਵਿੱਚ ਮੇਰੀ ਸਹੇਲੀ ਪਰਮ ਨਾਲ ਮਿਲੀ ਸੀ। ਉਹ ਮੈਨੂੰ ਬਹੁਤ ਹੀ ਪਿਆਰੀ ਲੱਗੀ। ਰੱਬ ਨੇ ਕਿਤੇ ਵਿਹਲੇ ਵੇਲੇ ਬਿਲਕੁਲ ਇਕੱਲਿਆਂ ਬੈਠ ਕੇ ਬੜੀ ਹੀ ਰੀਝ ਨਾਲ ਤਰਾਸ਼ੀ ਜਾਪਦੀ ਸੀ। ਉਹ ਹੱਸਦੀ ਤਾਂ ਹੋਰ ਵੀ ਸੋਹਣੀ ਲੱਗਦੀ। ਉਸ ਦਾ ਉੱਚਾ ਲੰਬਾ ਕੱਦ, ਗੋਰਾ ਰੰਗ ਤੇ ਤਰਾਸ਼ੇ ਹੋਏ ਨੈਣ ਨਕਸ਼। ਉਹ ਗੱਲ ਗੱਲ ‘ਤੇ ਖਿੜੀ ਕਪਾਹ ਵਾਂਗ ਖਿੜ ਜਾਂਦੀ। ਮੈਂ ਮਨ ਹੀ ਮਨ ਸੋਚਿਆ ਕਿ ਇਹ ਕੁੜੀ ਕਿੰਨੀ ਖੁਸ਼ ਹੈ। ਇਸ ਤਰ੍ਹਾਂ ਲੱਗਦੈ ਜਿਵੇਂ ਕੋਈ ਦੁੱਖ ਕਦੇ ਇਸ ਦੇ ਨਾਲ ਦੀ ਵੀ ਨਹੀਂ ਲੰਘਿਆ। ਖੁਸ਼ਕਿਸਮਤ ਕੁੜੀ ਹੈ। ਮੇਰੇ ਮਨ ‘ਚ ਬਾਰ ਬਾਰ ਖਿਆਲ ਆਇਆ ਕਿ ਇਸ ਕੁੜੀ ਤੋਂ ਹੱਸਣਾ ਸਿੱਖਿਆ ਜਾਵੇ, ਪਰ ਕਿਵੇਂ ? ਮੈਂ ਆਪੇ ਹੀ ਆਪਣੇ ਆਪ ਨੂੰ ਸਵਾਲ ਕਰਦੀ ਤੇ ਆਪ ਹੀ ਜਵਾਬ ਬਣ ਜਾਂਦੀ। ਅੱਜ ਤੋਂ ਬਾਅਦ ਇਸ ਕੁੜੀ ਨੂੰ ਮੈਂ ਕਿਵੇਂ ਮਿਲਾਂਗੀ? ਕੱਲ੍ਹ ਨੂੰ ਮੇਰੀ ਫਲਾਈਟ ਹੈ। ਆਖਿਰ ਮੈਂ ਆਪਣੇ ਦਿਲ ਦੀਆਂ ਗੱਲਾਂ ਦਿਲ ‘ਚ ਲੈ ਕੇ ਆਪਣੇ ਸ਼ਹਿਰ ਆ ਗਈ।

ਦੋ ਕੁ ਮਹੀਨੇ ਹੀ ਬੀਤੇ ਸਨ ਕਿ ਮੇਰੀ ਸਹੇਲੀ ਪਰਮ ਦਾ ਫੋਨ ਆਇਆ ਕਿ ਮੈਂ ਕੈਲਗਰੀ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆ ਰਹੀ ਹਾਂ। ਕੈਲਗਰੀ ਪੁੱਜ ਕੇ ਪਰਮ ਨੇ ਮੈਨੂੰ ਫੋਨ ਕੀਤਾ ਤੇ ਮੈਂ ਮਿੱਥੇ ਸਮੇਂ ਅਨੁਸਾਰ ਉਸ ਨੂੰ ਉਸ ਦੇ ਰਿਸ਼ਤੇਦਰਾਂ ਦੇ ਘਰ ਮਿਲਣ ਗਈ। ਉਹ ਕੁੜੀ ਜਿਸ ਨੂੰ ਮੈਂ ਕਦੇ ਦੁਬਾਰਾ ਮਿਲਣ ਦੀ ਖਾਹਿਸ਼ ਆਪਣੇ ਦਿਲ ਵਿੱਚ ਪਾਲੀ ਬੈਠੀ ਸਾਂ, ਓਥੇ ਸੀ। ਗੱਲਾਂ ਬਾਤਾਂ ‘ਚ ਪਤਾ ਲੱਗਿਆ ਕਿ ਉਹ ਪਰਮ ਦੇ ਨਾਲ ਆਈ ਹੈ। ਉਹ ਜਦੋਂ ਵੀ ਪਰਮ ਨੂੰ ਬੁਲਾਉਂਦੀ ਤਾਂ ਮਾਂ ਆਖ ਕੇ ਬੁਲਾਉਂਦੀ। ਮੈਨੂੰ ਪਤਾ ਸੀ ਕਿ ਪਰਮ ਦੀਆਂ ਦੋ ਬੇਟੀਆਂ ਹਨ ਅਤੇ ਦੋਵੇਂ ਕੈਨੇਡਾ ਦੀਆਂ ਜੰਮਪਲ ਹਨ। ਮੈਂ ਉਨ੍ਹਾਂ ਦੀਆਂ ਤਸਵੀਰਾਂ ਵੀ ਵੇਖੀਆਂ ਹੋਈਆਂ ਸਨ। ਮੇਰੇ ਮਨ ਵਿੱਚ ਇਹ ਜਾਣਨ ਦੀ ਉਤਸੁਕਤਾ ਵਧ ਗਈ ਕਿ ਇਹ ਕੁੜੀ ਪਰਮ ਨੂੰ ਮਾਂ ਕਿਉਂ ਕਹਿੰਦੀ ਹੈ। ਜਦੋਂ ਉਹ ਮਾਂ ਕਹਿੰਦੀ ਹੈ ਤਾਂ ‘ਮਾਂ’ ਸ਼ਬਦ ਸਾਰੇ ਵਾਤਾਵਰਣ ਨੂੰ ਸੁਗੰਧਿਤ ਕਰ ਦਿੰਦਾ ਹੈ। ਹੁਣ ਮੈਨੂੰ ਉਸ ਦਾ ਨਾਮ ਵੀ ਪਤਾ ਲੱਗ ਗਿਆ ਸੀ। ਉਸ ਦੇ ਸੁਹੱਪਣ ਨਾਲ ਬਿਲਕੁਲ ਮੇਲ ਖਾਂਦਾ ਉਸ ਦਾ ਨਾਮ ਸੀਰਤ।

ਕੁਝ ਸਮਾਂ ਰਿਸ਼ਤੇਦਾਰਾਂ ਦੇ ਘਰ ਬੈਠ ਕੇ ਮੈਂ ਤੇ ਪਰਮ ਫਿਰਨ ਤੁਰਨ ਨਿਕਲ ਗਈਆਂ। ਕਿਸੇ ਰੈਸਟੋਰੈਂਟ ‘ਚ ਦੁਪਹਿਰ ਦਾ ਖਾਣਾ ਖਾਣ ਦਾ ਪ੍ਰੋਗਰਾਮ ਬਣ ਗਿਆ। ਰਸਤੇ ਵਿੱਚ ਮੈਂ ਕਈ ਵਾਰ ਸੀਰਤ ਬਾਰੇ ਗੱਲ ਤੋਰਨੀ ਚਾਹੀ, ਪਰ ਹਰ ਵਾਰ ਰੁਕ ਜਾਂਦੀ। ਪਰਮ ਕੋਈ ਨਾ ਕੋਈ ਗੱਲ ਛੇੜ ਲੈਂਦੀ। ਕਦੇ ਆਪਣੇ ਦਫ਼ਤਰ ਦੀ ਗੱਲ, ਕਦੇ ਆਪਣੇ ਰੱਬ ਨੂੰ ਪਿਆਰੇ ਹੋ ਚੁੱਕੇ ਪਤੀ ਦੀ ਗੱਲ, ਕਦੇ ਕੋਈ ਤੇ ਕਦੇ ਕੋਈ। ਇਉਂ ਗੱਲਾਂ ਬਾਤਾਂ ਕਰਦੀਆਂ ਦੱਸ ਪੰਦਰਾਂ ਮਿੰਟਾਂ ‘ਚ ਅਸੀਂ ਰੈਸਟੋਰੈਂਟ ਪੁੱਜ ਗਈਆਂ।

“ਪਰਮ ਇਹ ਕੁੜੀ ਸੀਰਤ ਤੈਨੂੰ ‘ਮਾਂ’ ਆਖਦੀ ਹੈ!” ਮੈਂ ਖਾਣਾ ਆਰਡਰ ਕਰਨ ਤੋਂ ਪਹਿਲਾਂ ਹੀ ਇਸ ਤਰੀਕੇ ਨਾਲ ਪੁੱਛਿਆ ਕਿ ਪਰਮ ਨੂੰ ਕੁਝ ਮਹਿਸੂਸ ਨਾ ਹੋਵੇ।

ਪਰਮ ਨੇ ਵਿਸ਼ਵਾਸ ਭਰੇ ਸ਼ਬਦਾਂ ਵਿੱਚ ਕਿਹਾ,”ਹਾਂ! ਮੈਂ ਸੀਰਤ ਦੀ ਮਾਂ ਹੀ ਹਾਂ।”

“ਬਹੁਤ ਚੰਗਾ ਲੱਗਦਾ ਹੈ ਉਸ ਦੇ ਮੂੰਹੋ ਮਾਂ ਸ਼ਬਦ। ਸੀਰਤ ਬਹੁਤ ਖੁਸ਼ ਰਹਿੰਦੀ ਹੈ। ਸੋਹਣੀ ਵੀ ਰੱਜ ਕੇ ਹੈ।” ਮੈਂ ਕਿੰਨੇ ਸਾਰੇ ਸਵਾਲ ਇਕੱਠੇ ਹੀ ਕਰ ਦਿੱਤੇ। ਪਰਮ ਨੇ ਇੱਕ ਪਲ ਲਈ ਆਪਣਾ ਸਾਹ ਰੋਕਿਆ ਤੇ ਕਿਹਾ, “ਸੀਰਤ ਦਿਲ ਦੀ ਵੀ ਬਹੁਤ ਸੋਹਣੀ ਹੈ, ਪਰ ਵਿਚਾਰੀ ਨੇ ਬਹੁਤ ਕੁਝ ਮਾੜਾ ਦੇਖਿਆ ਹੈ, ਇਸ ਛੋਟੀ ਜਿਹੀ ਉਮਰ ਵਿੱਚ।”

“ਹੈਂ! ਉਹ ਤਾ ਬਹੁਤ ਖੁਸ਼ ਜਾਪਦੀ ਹੈ। ਉਸ ਦੇ ਹੱਸਣ ਖੇਡਣ ਤੋਂ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਕਦੇ ਕੋਈ ਦੁੱਖ ਉਸ ਦੇ ਨੇੜੇ ਦੀ ਵੀ ਨਾ ਲੰਘਿਆ ਹੋਵੇ।” ਮੈਂ ਹੈਰਾਨੀ ਨਾਲ ਕਿਹਾ।

ਪਰਮ ਨੇ ਮੇਰੇ ਸਵਾਲ ਦਾ ਜਵਾਬ ਦਿੰਦੇ ਕਿਹਾ, “ਸਾਰਿਆਂ ਨੂੰ ਇਸ ਤਰ੍ਹਾਂ ਹੀ ਲੱਗਦਾ ਹੈ, ਪਰ ਜਿਵੇਂ ਦਿਸਦਾ ਹੈ, ਉਸ ਤਰ੍ਹਾਂ ਨਹੀਂ ਹੁੰਦਾ।

”ਹਾਂ! ਇਹ ਗੱਲ ਤਾਂ ਹੈ। ਪਰ ਸੀਰਤ…” ਮੇਰੇ ਤੋਂ ਵਾਕ ਪੂਰਾ ਨਾ ਹੋਇਆ।

ਪਰਮ ਨੇ ਡੂੰਘਾ ਸਾਹ ਲਿਆ ਤੇ ਮੇਰੇ ਚਿਹਰੇ ‘ਤੇ ਟਿਕਟਿਕੀ ਲਗਾ ਕੇ ਬੋਲੀ, “ਸੁਰਿੰਦਰ, ਸੀਰਤ ਨਾਲ ਬੇਸ਼ੱਕ ਮੇਰਾ ਖੂਨ ਦਾ ਰਿਸ਼ਤਾ ਨਹੀਂ ਹੈ, ਮੈਂ ਬੇਸ਼ੱਕ ਉਸ ਨੂੰ ਜਨਮ ਨਹੀਂ ਦਿੱਤਾ, ਪਰ ਉਹ ਮੇਰੀ ਧੀ ਹੈ। ਉਹ ਮੇਰੀ ਧੀ ਕਿਵੇਂ ਬਣੀ, ਇਹ ਕਹਾਣੀ ਬੜੀ ਅਜੀਬ ਅਤੇ ਦਿਲ ਚੀਰਵੀਂ ਹੈ।”

“ਹੂੰ” ਕਹਿਕੇ ਮੈਂ ਪਰਮ ਦੇ ਚਿਹਰੇ ਵੱਲ ਇਸ ਤਰ੍ਹਾਂ ਤੱਕਿਆ ਕਿ ਪਰਮ ਸਮਝ ਗਈ ਕਿ ਮੈਂ ਇਹ ਸਾਰੀ ਕਹਾਣੀ ਸੁਣਨਾ ਚਾਹੁੰਦੀ ਹਾਂ।

ਪਰਮ ਨੇ ਕਹਿਣਾ ਸ਼ੁਰੂ ਕੀਤਾ, “ਸੀਰਤ ਦਾ ਅੱਲ੍ਹੜ ਉਮਰੇ ਹੀ ਕਿਸੇ ਮੁੰਡੇ ਨਾਲ ਪਿਆਰ ਪੈ ਗਿਆ। ਸੀਰਤ ਬਹੁਤ ਸਿਆਣੀ ਕੁੜੀ ਸੀ। ਦੋਵਾਂ ਦਾ ਪਿਆਰ ਬਹੁਤ ਸੱਚਾ ਸੁੱਚਾ ਸੀ। ਦੋਵੇਂ ਜਣੇ ਵੱਧ ਤੋਂ ਵੱਧ ਸਮਾਜ ਦੀਆਂ ਨਜ਼ਰਾਂ ਤੋਂ ਬਚਕੇ ਰਹਿੰਦੇ। ਕਿਸੇ ਨੂੰ ਭਿਣਕ ਵੀ ਨਾ ਪਈ ਇਨ੍ਹਾਂ ਦੇ ਪਿਆਰ ਦੀ। ਦਰਅਸਲ, ਉਹ ਮੁੰਡਾ ਜਗਰਾਵਾਂ ਦਾ ਸੀ ਤੇ ਸੀਰਤ ਪਿੰਡ ਰਹਿੰਦੀ ਸੀ। ਇੱਕੋ ਕਾਲਜ ਵਿੱਚ ਪੜ੍ਹਦੇ ਸਨ। ਸੀਰਤ ਜਦੋਂ ਬੀ.ਏ. ਦੇ ਦੂਸਰੇ ਸਾਲ ਵਿੱਚ ਸੀ ਤਾਂ ਉਹ ਐੱਮ.ਏ. ਫਾਈਨਲ ਵਿੱਚ ਪੜ੍ਹਦਾ ਸੀ। ਮੁੰਡਾ ਹੋਣਹਾਰ ਤੇ ਸੋਹਣਾ ਸੁਨੱਖਾ ਸੀ। ਰਾਜਵਿੰਦਰ ਸੀ ਉਸ ਦਾ ਨਾਮ।

ਰਾਜਵਿੰਦਰ ਐੱਮ.ਏ. ਕਰਕੇ ਉਸੇ ਹੀ ਕਾਲਜ ਵਿੱਚ ਪੜ੍ਹਾਉਣ ਲੱਗ ਪਿਆ ਤੇ ਸੀਰਤ ਨੇ ਬੀ.ਏ. ਕਰ ਲਈ। ਬੀ.ਏ. ਕੀ ਕੀਤੀ, ਨਾਲ ਹੀ ਸੀਰਤ ਦੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ। ਸੀਰਤ ਦੀ ਭੂਆ ਨੇ ਮੁੰਡੇ ਦੀ ਦੱਸ ਪਾ ਦਿੱਤੀ। ਮਾਪੇ ਮੁੰਡਾ ਦੇਖ ਕੇ ਗੱਲਬਾਤ ਕਰਨ ਦੀ ਸੋਚਣ ਲੱਗੇ।

ਸੀਰਤ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਗੱਲਬਾਤ ਅੱਗੇ ਵਧੇ, ਉਸ ਦੇ ਮਾਂ-ਬਾਪ ਕਿਸੇ ਨੂੰ ‘ਹਾਂ’ ਕਰ ਦੇਣ, ਉਸ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ ਕਿਸੇ ਨੂੰ ਪਿਆਰ ਕਰਦੀ ਹੈ। ਸੀਰਤ ਨੂੰ ਇਸ ਗੱਲ ਦਾ ਵੀ ਯਕੀਨ ਸੀ ਕਿ ਉਸ ਦੇ ਬਾਪ ਤੋਂ ਭੂਆ ਦਾ ਕਹਿਣਾ ਨਹੀਂ ਮੋੜ ਹੋਣਾ। ਭੂਆ ਤਾਂ ਕਦੋਂ ਦੀ ਫਿਰਦੀ ਆ ਵਿਚੋਲਣ ਬਣਨ ਨੂੰ। ਘਰਦਿਆਂ ਨੇ ਹੀ ਰੋਕੀ ਹੋਈ ਹੈ ਕਿ ਸੀਰਤ ਨੂੰ ਬੀ.ਏ. ਤੱਕ ਤਾਂ ਜ਼ਰੂਰ ਪੜ੍ਹਾਉਣਾ ਹੈ, ਫਿਰ ਉਸ ਤੋਂ ਬਾਅਦ ਵਿਆਹ ਦਾ ਸੋਚਾਂਗੇ।

ਜਿਉਂ ਹੀ ਸੀਰਤ ਨੇ ਆਪਣੀ ਭੂਆ ਨੂੰ ਦੱਸਿਆ ਕਿ ਉਹ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਉਸ ‘ਤੇ ਮੁਸ਼ਕਿਲਾਂ ਦਾ ਭਾਰ ਟੁੱਟ ਪਿਆ। ਉਸ ਦਾ ਘਰੋਂ ਬਾਹਰ ਜਾਣਾ ਔਖਾ ਹੋ ਗਿਆ। ਸੀਰਤ ਦਾ ਹਰ ਸਮੇਂ ਕੋਈ ਨਾ ਕੋਈ ਪਿੱਛਾ ਕਰਦਾ ਰਹਿੰਦਾ। ਫੋਨ ਦੀ ਘੰਟੀ ਵੱਜਦੀ ਤਾਂ ਸੀਰਤ ਦੀ ਜਾਨ ਨਿਕਲ ਜਾਂਦੀ, ਸੀਰਤ ਦਾ ਹੱਥ ਜਦੋਂ ਫੋਨ ਤੱਕ ਪੁੱਜਦਾ, ਘਰ ਦਾ ਕੋਈ ਨਾ ਕੋਈ ਮੈਂਬਰ ਫੋਨ ਚੁੱਕ ਲੈਂਦਾ।

ਮੁੱਕਦੀ ਗੱਲ ਸੀਰਤ ਆਪਣੇ ਹੀ ਮਾਂ-ਬਾਪ ਦੇ ਘਰ ਕੈਦਣ ਬਣ ਗਈ। ਗੱਲ ਗੱਲ ‘ਤੇ ਉਸ ਦਾ ਭਰਾ ਤੇ ਬਾਪ ਉਸ ਦੀ ਕੁੱਟਮਾਰ ਕਰ ਦਿੰਦੇ। ਮਾਂ ਲੋਹੜੇ ਦੀਆਂ ਗਾਲ੍ਹਾਂ ਕੱਢਦੀ। ਸੀਰਤ ਨੇ ਖਾਣਾ ਪੀਣਾ ਛੱਡ ਦਿੱਤਾ। ਓਨਾ ਕੁ ਖਾਂਦੀ ਪੀਂਦੀ ਜਿੰਨੇ ਬਿਨਾਂ ਨਾ ਸਰਦਾ।”

ਮੈਂ ਬਰਾਬਰ ਹੁੰਗਾਰਾ ਭਰ ਰਹੀ ਸਾਂ।

“ਤੇ ਫਿਰ ਸੀਰਤ ਇੱਥੇ ਕਿਵੇਂ ਆ ਗਈ?” ਮੈਂ ਉਤਸੁਕਤਾ ਨਾਲ ਪੁੱਛਿਆ।

ਪਰਮ ਦੀ ਆਵਾਜ਼ ਭਾਰੀ ਹੋ ਗਈ। ਉਹ ਭਰੇ ਗਲੇ ਨਾਲ ਬੋਲੀ ,”ਸੀਰਤ ਦਾ ਇਸ ਮੁਲਕ ‘ਚ ਆਉਣਾ ਤੇ ਆ ਕੇ ਮੈਨੂੰ ਮਿਲਣਾ ਬੜੀ ਅਜੀਬ ਜਿਹੀ ਕਹਾਣੀ ਹੈ। ਸੀਰਤ ਦੇ ਚਾਚਾ-ਚਾਚੀ ਟੋਰਾਂਟੋ ਰਹਿੰਦੇ ਸਨ। ਸੀਰਤ ਦੇ ਮਾਪਿਆਂ ਨੇ ਸੀਰਤ ਦੇ ਚਾਚੇ ਨਾਲ ਗੱਲਬਾਤ ਕਰਕੇ ਸੀਰਤ ਨੂੰ ਇੱਥੇ ਭੇਜ ਦਿੱਤਾ, ਕਿਸੇ ਨਾਲ ਵੱਟਾ ਸੱਟਾ ਕਰਕੇ। ਸੀਰਤ ਦੀ ਚਾਚੀ ਦੇ ਭਰਾ ਨੇ ਸੀਰਤ ਦੇ ਕਾਗਜ਼ ਭਰ ਕੇ ਕਾਗਜ਼ਾਂ ਵਿੱਚ ਵਿਆਹ ਕਰਵਾ ਲਿਆ। ਬਦਲੇ ਵਿੱਚ ਸੀਰਤ ਨੇ ਚਾਚੀ ਦੇ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਮੰਗਵਾਉਣਾ ਸੀ। ਸੀਰਤ ਦੇ ਮਾਂ-ਬਾਪ ਸੋਚਦੇ ਸਨ ਕਿ ਕੈਨੇਡਾ ਜਾ ਕੇ ਭੁੱਲ ਭੁੱਲਾ ਜਾਵੇਗੀ। ਉਹ ਕਿਸੇ ਵੀ ਹਾਲਤ ‘ਚ ਮਿਸਤਰੀਆਂ ਦੇ ਮੁੰਡੇ ਨਾਲ ਸੀਰਤ ਦਾ ਰਿਸ਼ਤਾ ਨਹੀਂ ਸਨ ਕਰਨਾ ਚਾਹੁੰਦੇ। ਉਨ੍ਹਾਂ ਦੇ ਜੱਟਪੁਣੇ ‘ਤੇ ਸੱਟ ਵੱਜਦੀ ਸੀ।

ਸੀਰਤ ਨੂੰ ਤੋਰ ਕੇ ਮਾਪੇ ਤਾਂ ਜਿਵੇਂ ਸੁਰਖੁਰੂ ਹੋ ਗਏ। ਉਨ੍ਹਾਂ ਨੇ ਚਾਚੀ ਨੂੰ ਕਹਿ ਦਿੱਤਾ ਕਿ ਹੁਣ ਇਹ ਪੂਰਨ ਤੌਰ ‘ਤੇ ਤੇਰੀ ਹੈ। ਜਿਵੇਂ ਮਰਜ਼ੀ ਇਸ ਨੂੰ ਵਰਤ। ਜਿੱਥੇ ਮਰਜ਼ੀ, ਜਿਵੇਂ ਮਰਜ਼ੀ ਇਸ ਨੂੰ ਵਿਆਹ। ਇਹ ਤੈਨੂੰ ਸੌਂਪ ਦਿੱਤੀ ਹੈ।”

“ਤੇ ਫਿਰ”, ਪਰਮ ਦੇ ਅੱਗੇ ਪਾਣੀ ਦਾ ਗਲਾਸ ਕਰਦਿਆਂ, ਮੈਂ ਕਿਹਾ।

“ਫਿਰ ਕੀ ਸੀ। ਜਦੋਂ ਸੀਰਤ ਇੱਥੇ ਆ ਗਈ ਤਾਂ ਚਾਚੇ-ਚਾਚੀ ਦੀ ਕੈਦਣ ਬਣ ਗਈ। ਸੀਰਤ ਦੇ ਪੈਰ ਪੈਰ ‘ਤੇ ਚਾਚੀ ਦੀਆਂ ਅੱਖਾਂ ਪਹਿਰੇਦਾਰ ਬਣ ਉਸ ਦਾ ਪਿੱਛਾ ਕਰਨ ਲੱਗੀਆਂ। ਉਹ ਕਿਸੇ ਨੂੰ ਫੋਨ ਨਹੀਂ ਸੀ ਕਰ ਸਕਦੀ। ਕੰਮ ‘ਤੇ ਜਾਂਦੀ, ਸਿਫ਼ਟ ਪੂਰੀ ਕਰਦੀ ਤੇ ਬੱਸ ‘ਤੇ ਘਰ ਵਾਪਸ ਆ ਜਾਂਦੀ। ਆਪਣੇ ਕੋਲ ਪੈਸੇ ਨਹੀਂ ਸੀ ਰੱਖ ਸਕਦੀ। ਚਾਚੀ, ਸੀਰਤ ਦੀ ਸਾਰੀ ਕਮਾਈ ਲੈ ਲੈਂਦੀ ਤੇ ਸੀਰਤ ਨੂੰ ਪੰਜ ਸੱਤ ਡਾਲਰ ਪਰਸ ‘ਚ ਰੱਖਣ ਲਈ ਦੇ ਦਿੰਦੀ। ਵੱਡੀ ਗੱਲ ਇਹ ਸੀ ਕਿ ਉਹ ਪੰਜ ਸੱਤ ਡਾਲਰ ਖ਼ਰਚਣ ਦੀ ਵੀ ਉਸ ਨੂੰ ਖੁੱਲ੍ਹ ਨਹੀਂ ਸੀ। ਚੰਗੀ ਕਿਸਮਤ ਨੂੰ ਮੈਂ ਉੱਥੇ ਸੁਪਰਵਾਈਜ਼ਰ ਸੀ ਜਿੱਥੇ ਸੀਰਤ ਕੰਮ ਕਰਦੀ ਸੀ।” ਪਰਮ ਨੇ ਹਉਕਾ ਲਿਆ।

ਕੁਝ ਕੁ ਸਕਿੰਟ ਠਹਿਰ ਕੇ ਫਿਰ ਬੋਲੀ, “ਸੀਰਤ ਕਿਸੇ ਨਾਲ ਨਾ ਬੋਲਦੀ। ਨਾ ਕਦੇ ਹੱਸਦੀ। ਫੈਕਟਰੀ ‘ਚ ਕੰਮ ਕਰਦੀ ਤੇ ਘਰ ਤੁਰ ਜਾਂਦੀ, ਪਰ ਇਸ ਦੀਆਂ ਅੱਖਾਂ ਸਦਾ ਨਮ ਰਹਿੰਦੀਆਂ। ਮੈਂ ਕਈ ਵਾਰ ਪੁੱਛਣ ਦਾ ਯਤਨ ਕਰਦੀ, ਪਰ ਇਹ ਟਾਲ ਮਟੋਲ ਕਰ ਦਿੰਦੀ ਜਾਂ ਰੋ ਪੈਂਦੀ। ਮੈਨੂੰ ਯਾਦ ਹੈ ਇੱਕ ਦਿਨ ਸੀਰਤ ਬਹੁਤ ਉਦਾਸ ਸੀ। ਮੈਂ ਉਸ ਤੋਂ ਉਸ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਕਹਿਣ ਲੱਗੀ,”ਮੈਡਮ! ਮੇਰੀਆਂ ਅੱਖਾਂ ਥਾਣੀਂ ਮੇਰੀ ਕਿਸਮਤ ਪਾਣੀ ਬਣ ਬਣ ਵਹਿ ਰਹੀ ਹੈ।”

ਮੇਰੀਆਂ ਵੀ ਅੱਖਾਂ ਭਰ ਆਈਆਂ। ਕੁੜੀਆਂ ਵਿਚਾਰੀਆਂ ਦਾ ਕੀ ਹੈ ਸਾਡੇ ਸਮਾਜ ਵਿੱਚ। ਪਤਾ ਨਹੀਂ ਇੱਥੇ ਕਿੰਨੀਆਂ ਕੁ ਸੀਰਤਾਂ ਦੀਆਂ ਕਿਸਮਤਾਂ ਪਾਣੀ ਬਣ ਬਣ ਵਹਿ ਗਈਆਂ ਤੇ ਵਹਿ ਰਹੀਆਂ ਹਨ। ਮੈਂ ਆਪਣੇ ਆਪ ਨੂੰ ਕਿਹਾ।

ਪਰਮ ਨੇ ਪਾਣੀ ਦੀ ਘੁੱਟ ਭਰੀ, ਨੈਪਕਿਨ ਨਾਲ ਅੱਖਾਂ ਪੂੰਝੀਆਂ ਤੇ ਬੋਲੀ,”ਇੱਕ ਦਿਨ ਮੌਸਮ ਬਹੁਤ ਖ਼ਰਾਬ ਸੀ। ਹਵਾ ਵੀ ਅੰਤਾਂ ਦੀ ਤੇਜ਼। ਠੰਢ ਤੇ ਬਰਫ਼ ਵੀ ਲੋਹੜੇ ਦੀ। ਸੀਰਤ ਦੇ ਕੱਪੜੇ ਵੀ ਮਾਮੂਲੀ ਸਨ। ਜੈਕਟ ਨਾ ਹੋਇਆਂ ਵਰਗੀ ਸੀ। ਦਸਤਾਨੇ ਤੇ ਸਿਰ ਢੱਕਣ ਲਈ ਵੀ ਉਸ ਕੋਲ ਕੁਝ ਨਹੀਂ ਸੀ। ਮੈਂ ਸੋਚਿਆ ਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਵਿਚਾਰੀ ਕਿਵੇਂ ਘਰ ਜਾਵੇਗੀ। ਬੱਸ ਦਾ ਵੀ ਕੀ ਪਤਾ ਆਵੇ ਜਾਂ ਨਾ ਆਵੇ। ਇਸ ਹਾਲਤ ਵਿੱਚ ਬੱਸ ਸਟੈਡ ‘ਤੇ ਖੜ੍ਹਨਾ ਕਿਹੜਾ ਸੌਖਾ ਆ। ਮੈਂ ਸੋਚਿਆ ਕਿ ਮੈਂ ਇਸ ਨੂੰ ਘਰ ਛੱਡ ਆਉਂਦੀ ਹਾਂ। ਮੈਂ ਸੀਰਤ ਨੂੰ ਕਾਰ ਵਿੱਚ ਬਿਠਾਇਆ ਤੇ ਹੌਲੀ ਹੌਲੀ ਤੂਫ਼ਾਨ ਨੂੰ ਚੀਰਦੀਆਂ ਅਸੀਂ ਸੀਰਤ ਦੇ ਚਾਚਾ-ਚਾਚੀ ਦੇ ਘਰ ਪੁੱਜ ਗਈਆਂ। ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਉਹ ਘਰ ਨਹੀਂ ਸਨ ਅਤੇ ਸੀਰਤ ਕੋਲ ਘਰ ਦੀ ਚਾਬੀ ਨਹੀਂ ਸੀ। ਮੈਂ ਸੀਰਤ ਤੋਂ ਪੁੱਛਿਆ ਕਿ ਉਹ ਘਰ ਦੀ ਚਾਬੀ ਕੋਲ ਕਿਉਂ ਨਹੀਂ ਰੱਖਦੀ ਤਾਂ ਉਸ ਨੇ ਦੱਸਿਆ ਕਿ ਚਾਚੀ ਤੋਂ ਮੈਂ ਮੰਗੀ ਸੀ, ਚਾਚੀ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਅਸੀਂ ਕਿਸੇ ਨੂੰ ਘਰ ਦੀ ਚਾਬੀ ਨਹੀਂ ਦਿੰਦੇ। ਇਹ ਮੇਰਾ ਅਸੂਲ ਹੈ। ਚਾਚੇ ਨੇ ਵੀ ਚਾਚੀ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਚਾਚੇ ਦੀ ਘਰ ਵਿੱਚ ਬਿਲਕੁਲ ਹੀ ਨਹੀਂ ਸੀ ਚੱਲਦੀ। ਭਾਵੇਂ ਸੀਰਤ ਦਾ ਚਾਚਾ ਪੜ੍ਹਿਆ ਲਿਖਿਆ ਤੇ ਚੰਗੀ ਨੌਕਰੀ ‘ਤੇ ਸੀ, ਪਰ ਘਰ ‘ਚ ਉਸ ਦੀ ਕੋਈ ਨਹੀਂ ਸੀ ਸੁਣਦਾ।

ਚਲੋ ਮੈਂ ਸੀਰਤ ਨੂੰ ਆਪਣੇ ਘਰ ਲੈ ਆਈ। ਮੈਂ ਉਸ ਦੇ ਚਾਚੇ ਨੂੰ ਫੋਨ ਕਰਕੇ ਦੱਸ ਦਿੱਤਾ ਕਿ ਉਹ ਸੀਰਤ ਦਾ ਫ਼ਿਕਰ ਨਾ ਕਰਨ, ਉਹ ਮੇਰੇ ਕੋਲ ਹੈ। ਮੈਂ ਸੀਰਤ ਦੀ ਵੀ ਉਨ੍ਹਾਂ ਨਾਲ ਗੱਲ ਕਰਵਾਈ। ਸੀਰਤ ਦੇ ਚਾਚੇ ਨੇ ਮੇਰਾ ਧੰਨਵਾਦ ਕੀਤਾ। ਨਾਲ ਹੀ ਮੈਂ ਸੀਰਤ ਦੇ ਮਾਂ-ਪਿਉ ਦਾ ਫੋਨ ਘੁੰਮਾ ਲਿਆ ਤੇ ਸੀਰਤ ਨੇ ਆਪਣੇ ਮਾਂ-ਪਿਉ ਨੂੰ ਸਾਰੀ ਗੱਲ ਦੱਸੀ ਕਿ ਉਹ ਕਿਵੇਂ ਚਾਚੀ ਦੇ ਅੱਤਿਆਚਾਰ ਸਹਿ ਰਹੀ ਹੈ। ਮੇਰੀ ਵੀ ਉਨ੍ਹਾਂ ਨਾਲ ਗੱਲਬਾਤ ਹੋਈ। ਸੀਰਤ ਦੀ ਮਾਂ ਵਾਰ ਵਾਰ ਏਹੀ ਆਖੀ ਜਾਵੇ ਕਿ ਭੈਣੇ ਹੁਣ ਤੂੰ ਹੀ ਇਸ ਦੀ ਮਾਂ ਹੈਂ। ਇਸ ਦਾ ਖਿਆਲ ਰੱਖੀਂ। ਮੈਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਮੈਂ ਹਰ ਤਰੀਕੇ ਨਾਲ ਸੀਰਤ ਦਾ ਖਿਆਲ ਰੱਖਾਂਗੀ। ਉਸੇ ਰਾਤ ਹੀ ਸੀਰਤ ਨੇ ਆਪਣੀ ਕੈਨੇਡਾ ਆਉਣ ਦੀ ਸਾਰੀ ਕਹਾਣੀ ਮੈਨੂੰ ਦੱਸੀ ਤੇ ਮੇਰੇ ਦਿਲ ਵਿੱਚ ਸੀਰਤ ਪ੍ਰਤੀ ਹਮਦਰਦੀ ਪਹਿਲਾਂ ਨਾਲੋਂ ਕਿਤੇ ਹੋਰ ਵਧ ਗਈ।

ਦੂਸਰੇ ਦਿਨ ਸੀਰਤ ਮੇਰੇ ਨਾਲ ਹੀ ਕੰਮ ‘ਤੇ ਚਲੀ ਗਈ। ਕੰਮ ਤੋਂ ਬਾਅਦ ਸ਼ਾਮ ਨੂੰ ਜਦੋਂ ਸੀਰਤ ਘਰ ਗਈ ਤਾਂ ਚਾਚੀ ਬਹੁਤ ਨਰਾਜ਼ ਸੀ ਕਿ ਉਹ ਕਿਉਂ ਕਿਸੇ ਦੇ ਨਾਲ ਘਰ ਗਈ। ਸੀਰਤ ਨੇ ਮੈਨੂੰ ਦੱਸਿਆ ਕਿ ਉਸ ਨੇ ਬਥੇਰਾ ਚਾਚੀ ਨੂੰ ਕਿਹਾ ਕਿ ਉਸ ਕੋਲ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ। ਮੈਂ ਠੰਢ ਵਿੱਚ ਕਿਵੇਂ ਬਾਹਰ ਖਲੋ ਸਕਦੀ ਸਾਂ। ਬਸ ਏਹੀ ਕਹੀ ਜਾਵੇ ਜਿਹੜੀ ਤੈਨੂੰ ਲੈ ਕੇ ਗਈ ਸੀ, ਸਾਡੇ ਘਰ ਆਇਆਂ ਤੋਂ ਤੈਨੂੰ ਘਰ ਛੱਡ ਜਾਂਦੀ। ਉਹਦੇ ਚਾਚੇ ਨੇ ਬਥੇਰਾ ਸਮਝਾਇਆ ਕਿ ਕੋਈ ਨਾ ਇਸ ਗੱਲ ਨੂੰ ਬਹੁਤਾ ਪਹਾੜ ਨਾ ਬਣਾ। ਜ਼ਿੰਦਗੀ ‘ਚ ਅਕਸਰ ਅਜਿਹਾ ਹੋ ਜਾਂਦਾ ਹੈ, ਨਾਲੇ ਆਪਣੀ ਵੀ ਤਾਂ ਗ਼ਲਤੀ ਹੈ ਕਿ ਆਪਾਂ ਨੂੰ ਘਰ ਦੀ ਚਾਬੀ ਦੇਣੀ ਚਾਹੀਦੀ ਸੀ। ਪਰ ਉਸ ਦੇ ਚਾਚੇ ਦੀ ਕੌਣ ਸੁਣਦਾ ਸੀ।

ਸੀਰਤ ਦੀ ਚਾਚੀ ਗੱਲ ਗੱਲ ‘ਤੇ ਆਖਦੀ ਕਿ ਸੀ ਕਿ ਜੇਕਰ ਇਹ ਚੰਗੀ ਹੁੰਦੀ ਤਾਂ ਇਹਦੇ ਮਾਂ- ਪਿਉ ਇਹਨੂੰ ਇੱਥੇ ਨਾ ਭੇਜਦੇ। ਆਪ ਤਾਂ ਸੁੱਖ ਆਰਾਮ ਨਾਲ ਬੈਠੇ ਆ ਤੇ ਮੇਰੇ ਪੱਲੇ ਪਾ ਦਿੱਤੀ ਬਦਕਾਰ। ਜਿੱਦਣ ਦੀ ਇੱਥੇ ਆਈ ਹੈ, ਸਾਡੇ ਘਰ ਕੋਈ ਨਾ ਕੋਈ ਮੁਸੀਬਤ ਬਣੀ ਰਹਿੰਦੀ ਹੈ।

ਉਸ ਦਿਨ ਸੀਰਤ ਦੀ ਚਾਚੀ ਨੇ ਸੀਰਤ ਨੂੰ ਬਹੁਤ ਕੁੱਟਿਆ। ਇਹ ਦੱਸਦਿਆਂ ਦੱਸਦਿਆਂ ਪਰਮ ਦੀਆਂ ਅੱਖਾਂ ਭਰ ਆਈਆਂ। ਸੀਰਤ ਦੇ ਸਰੀਰ ‘ਤੇ ਮਾਰਕੁੱਟ ਦੇ ਨਿਸ਼ਾਨ ਸਨ। ਉਸ ਦੇ ਚਿਹਰੇ ‘ਤੇ ਚਾਚੀ ਦੇ ਜ਼ਾਲਮ ਹੱਥਾਂ ਦੀਆਂ ਉਂਗਲੀਆਂ ਦੇ ਨਿਸ਼ਾਨ ਸਨ। ਮੇਰੇ ਜ਼ੋਰ ਦੇ ਕੇ ਪੁੱਛਣ ‘ਤੇ ਸੀਰਤ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਅਤੇ ਕਮੀਜ਼ ਚੁੱਕ ਕੇ ਕਿਸੇ ਸੋਟੀ ਵਰਗੀ ਚੀਜ਼ ਦੇ ਨਿਸ਼ਾਨ ਵੀ ਦਿਖਾਏ।

ਮੈਂ ਵੀ ਪਾਣੀ ਬਣੀ ਬੈਠੀ ਸਾਂ। ਜ਼ੋਰ ਦੇ ਕੇ ਏਨਾ ਹੀ ਆਖ ਸਕੀ,”ਸੀਰਤ ਨੇ ਪੁਲੀਸ ਨੂੰ ਫੋਨ ਕਿਉਂ ਨਹੀਂ ਕੀਤਾ?”

“ਵਿਚਾਰੀ ਡਰੀ ਤੇ ਸਹਿਮੀ ਹੋਈ ਸੀ। ਮੈਂ ਸੀਰਤ ਦੀ ਮਦਦ ਤਾਂ ਕਰਨਾ ਚਾਹੁੰਦੀ ਸਾਂ, ਪਰ ਉਸ ਦੀ ਨਿੱਜੀ ਜ਼ਿੰਦਗੀ ‘ਚ ਬਹੁਤਾ ਦਖਲ ਨਹੀਂ ਸੀ ਦੇਣਾ ਚਾਹੁੰਦੀ। ਮੈਂ ਨਹੀਂ ਸਾਂ ਚਾਹੁੰਦੀ ਕਿ ਮੇਰੇ ਕਾਰਨ ਉਸ ਦੇ ਦੁੱਖਾਂ ਦੇ ਸਮੁੰਦਰ ਵਿੱਚ ਜਵਾਰਭਾਟਾ ਆਵੇ।

ਖਾਣਾ ਤਾਂ ਕਦੋਂ ਦਾ ਆ ਗਿਆ ਸੀ। ਇਸ ਦਾ ਅਹਿਸਾਸ ਓਦੋਂ ਹੋਇਆ ਜਦੋਂ ਵੇਟਰ ਮੁੰਡੇ ਨੇ ਅਚਾਨਕ ਆ ਕੇ ਪੁੱਛਿਆ ਕਿ ਕੁਝ ਹੋਰ ਚਾਹੀਦੈ।

ਪਰਮ ਨੇ ਖਾਣਾ ਸ਼ੁਰੂ ਕਰਨ ਲਈ ਇਸ਼ਾਰਾ ਕੀਤਾ ਤੇ ਅਸੀਂ ਦੋਵਾਂ ਨੇ ਹੌਲੀ ਹੌਲੀ ਖਾਣਾ ਸ਼ੁਰੂ ਕੀਤਾ। ਬੁਰਕੀ ਲੰਘ ਨਹੀਂ ਸੀ ਰਹੀ। ਅਸੀਂ ਦੋਵੇਂ ਹੀ ਭਾਵੁਕਤਾ ਵਿੱਚ ਵਹਿ ਰਹੀਆਂ ਸਾਂ।

ਪਰਮ ਨੇ ਮੇਰੇ ਵੱਲ ਦੇਖਿਆ ਤੇ ਕਿਹਾ,”ਤੈਨੂੰ ਪਤਾ ਆ ਜਦੋਂ ਆਪਣੇ ਮਾਂ-ਬਾਪ ਬੱਚੇ ਦਾ ਸਾਥ ਨਾ ਦੇਣ ਤਾਂ ਬਿਗਾਨੇ ਫਾਇਦਾ ਲੈਂਦੇ ਈ ਆ।”

ਮੈਂ ਆਪਣੇ ਆਪ ‘ਤੇ ਜ਼ੋਰ ਦੇ ਕੇ ਫਿਰ ਗੱਲ ਸ਼ੁਰੂ ਕੀਤੀ ਕਿ ਫਿਰ ਕੀ ਹੋਇਆ ਸੀਰਤ ਨਾਲ?

ਪਰਮ ਨੇ ਪਾਣੀ ਦੀ ਘੁੱਟ ਭਰਦਿਆਂ ਕਿਹਾ, “ਹੋਣਾ ਕੀ ਸੀ। ਸੀਰਤ ਦੇ ਫਰਜ਼ੀ ਵਿਆਹ ਦਾ ਤਲਾਕ ਕਰਵਾ ਕੇ, ਚਾਚੀ ਮੌਕਾ ਤਾੜ ਕੇ ਸੀਰਤ ਨੂੰ ਭਾਰਤ ਲੈ ਗਈ, ਆਪਣੀ ਕਿਸੇ ਦੂਰ ਦੀ ਰਿਸ਼ਤੇਦਾਰੀ ‘ਚੋਂ ਭਰਾ ਲੱਗਦੇ ਕਿਸੇ ਮੁੰਡੇ ਨਾਲ ਵਿਆਹ ਕਰਨ ਲਈ। ਸਾਲ ਦੇ ਵਿੱਚ ਵਿੱਚ ਉਹ ਵੀ ਆ ਗਿਆ। ਤੈਨੂੰ ਪਤਾ ਈ ਆ ਕਿ ਉਨ੍ਹਾਂ ਦਿਨਾਂ ਵਿੱਚ ਅਜੇ ਕੁਝ ਸੌਖਾ ਸੀ। ਛੇਤੀ ਵੀਜ਼ਾ ਮਿਲ ਜਾਂਦਾ ਸੀ। ਇਮੀਗ੍ਰੇਸ਼ਨ ਮਹਿਕਮਾ ਅੱਜ ਦੀ ਤਰ੍ਹਾਂ ਤੰਗ ਪਰੇਸ਼ਾਨ ਨਹੀਂ ਸੀ ਕਰਦਾ। ਕੁਝ ਦਿਨ ਉਹ ਚਾਚੇ-ਚਾਚੀ ਨਾਲ ਰਹੇ ਤੇ ਬਾਅਦ ਵਿੱਚ ਕਿਰਾਏ ‘ਤੇ ਸਸਤੇ ਜਿਹੇ ਅਪਾਰਟਮੈਂਟ ਵਿੱਚ ਰਹਿਣ ਲੱਗੇ।

ਪਰਮ ਨੇ ਪਾਣੀ ਦੀ ਘੁੱਟ ਭਰੀ। ਮੈਨੂੰ ਲੱਗਿਆ ਜਿਵੇਂ ਅਗਲੀ ਗੱਲ ਕਰਨ ਲਈ ਉਸ ਨੂੰ ਬਹੁਤ ਹਿੰਮਤ ਚਾਹੀਦੀ ਹੈ।

ਮੈਂ ਪਰਮ ਦੇ ਚਿਹਰੇ ਵੱਲ ਤੱਕਿਆ। ਉਸ ਦੀਆਂ ਅੱਖਾਂ ਵਿੱਚ ਪਾਣੀ ਸੀ। ਉਸ ਦੀਆਂ ਅੱਖਾਂ ‘ਚ ਚਮਕਦਾ ਹੰਝੂ ਸੀਰਤ ਦੀ ਜ਼ਿੰਦਗੀ ਦੀ ਇਸ ਤੋਂ ਅਗਲੇਰੀ ਦਾਸਤਾਨ ਦਾ ਖਾਮੋਸ਼ੀ ਨਾਲ ਵਰਣਨ ਕਰ ਰਿਹਾ ਸੀ। ਮੈਂ ਵੀ ਆਪਣੇ ਆਪ ਨੂੰ ਕੁਝ ਇਕੱਠਾ ਕੀਤਾ ਕਿਉਂਕਿ ਹੁਣ ਮੈਨੂੰ ਵੀ ਸੀਰਤ ਦੇ ਹਾਸਿਆਂ ਪਿੱਛੇ ਛੁਪੇ ਰੋਣੇ ਸੁਣਾਈ ਦੇਣ ਲੱਗ ਪਏ ਸਨ।

ਪਰਮ ਨੇ ਕਹਿਣਾ ਸ਼ੁਰੂ ਕੀਤਾ ਕਿ ਮੇਜਰ ਦੇ ਆਉਣ ਨਾਲ ਸੀਰਤ ਦੀ ਜ਼ਿੰਦਗੀ ਹੋਰ ਵੀ ਨਰਕ ਬਣ ਗਈ।

“ਮੇਜਰ ਕੌਣ?” ਮੈਂ ਹੈਰਾਨੀ ਨਾਲ ਪੁੱਛਿਆ।

“ਮੇਜਰ! ਚਾਚੀ ਦਾ ਰਿਸ਼ਤੇਦਾਰੀ ‘ਚੋਂ ਭਰਾ, ਜਿਸ ਨਾਲ ਸੀਰਤ ਦਾ ਵਿਆਹ ਹੋਇਆ ਸੀ। ਸ਼ਰਾਬੀ ਕਬਾਬੀ ਵਿਹਲੜ। ਸਾਰਾ ਦਿਨ ਪੀ ਕੇ ਪਿਆ ਰਹਿੰਦਾ। ਅਣਸਰਦੇ ਨੂੰ ਹੀ ਕੰਮ ‘ਤੇ ਜਾਂਦਾ ਸੀ। ਗੱਲ ਗੱਲ ‘ਤੇ ਉਸ ਨੇ ਸੀਰਤ ਨੂੰ ਕੁੱਟਣਾ ਮਾਰਨਾ। ਸੀਰਤ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੀ ਭੈੜੀ ਹੋ ਗਈ। ਉਸ ਨੂੰ ਪਤਾ ਹੋਣ ਦੇ ਬਾਵਜੂਦ ਕਿ ਸੀਰਤ ਦਾ ਪਹਿਲਾ ਵਿਆਹ ਫਰਜ਼ੀ ਸੀ, ਉਹ ਉਸ ਨੂੰ ਤਾਹਨੇ ਮੇਹਣੇ ਮਾਰਦਾ। ਇੱਥੋਂ ਤੱਕ ਆਖ ਦਿੰਦਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਇਹ ਪਹਿਲਾਂ ਵਿਆਹੀ ਹੋਈ ਸੀ। ਦਰਅਸਲ, ਸੀਰਤ ਦੀ ਚਾਚੀ ਨੂੰ ਪਤਾ ਸੀ ਕਿ ਉਹ ਭਾਰਤ ਵਿੱਚ ਨਸ਼ਾ ਕਰਦਾ ਸੀ। ਇੱਥੇ ਉਸ ਨੂੰ ਓਥੋਂ ਵਾਲਾ ਨਸ਼ਾ ਮਿਲਦਾ ਨਹੀਂ ਸੀ ਤੇ ਉਹ ਸ਼ਰਾਬ ਪੀ ਕੇ ਸਾਰੀ ਜਾਂਦਾ ਸੀ। ਚਾਚੀ ਦਾ ਤਾਂ ਇੱਕੋ ਮਕਸਦ ਸੀ ਕਿ ਇਸ ਵਿਗੜੇ ਹੋਏ ਮੁੰਡੇ ਨੂੰ ਕੈਨੇਡਾ ਸੱਦਣਾ ਤੇ ਰਿਸ਼ਤੇਦਾਰਾਂ ਤੋਂ ਸ਼ਾਬਾਸ਼ ਲੈਣੀ। ਇਸ ਕੰਮ ਲਈ ਉਸ ਨੇ ਸੀਰਤ ਨੂੰ ਫਸਾ ਦਿੱਤਾ।

ਇੱਕ ਦਿਨ ਸੀਰਤ ਨਾਲ ਕੰਮ ਕਰਦੀ ਕਿਸੇ ਕੁੜੀ ਦਾ ਸੀਰਤ ਨੂੰ ਫੋਨ ਆ ਗਿਆ। ਬਸ ਏਨੇ ‘ਚ ਹੀ ਵਿਗੜ ਗਿਆ। ਆਖੇ ਤੇਰੇ ਕਿਹੜੇ ਯਾਰ ਦਾ ਫੋਨ ਸੀ। ਉਸ ਨੇ ਬਥੇਰਾ ਕਿਹਾ ਕਿ ਉਸ ਦੀ ਸਹੇਲੀ ਦਾ ਫੋਨ ਸੀ। ਉਹ ਉਹਦੇ ਨਾਲ ਕੰਮ ਕਰਦੀ ਹੈ। ਮੇਜਰ ਨੇ ਸੀਰਤ ਨੂੰ ਮਾਮੂਲੀ ਜਿਹੀ ਗੱਲ ‘ਤੇ ਏਨਾ ਕੁੱਟਿਆ ਮਾਰਿਆ ਕਿ ਉਸ ਦੇ ਮੱਥੇ ‘ਚ ਵਾਹਵਾ ਸੱਟ ਲੱਗ ਗਈ। ਲਹੂ ਲੁਹਾਣ ਹੋ ਗਈ। ਸੀਰਤ ਨੇ ਉਸ ਨੂੰ ਧੱਕਾ ਦੇ ਕੇ ਪਿਛਾਂਹ ਸੁੱਟ ਦਿੱਤਾ। ਮੇਜਰ ਨੇ ਚਾਕੂ ਕੱਢ ਲਿਆ। ਆਪਣੀ ਜਾਨ ਬਚਾਉਣ ਲਈ ਘਰੋਂ ਬਾਹਰ ਨਿਕਲ ਕੇ ਪੌੜੀਆਂ ‘ਚ ਬੈਠ ਗਈ। ਗਵਾਂਢੀ ਗੋਰੇ ਨੇ ਦੇਖ ਲਿਆ। ਉਸ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਸੀਰਤ ਨੂੰ ਹਸਪਤਾਲ ਲੈ ਗਈ।”

ਸੀਰਤ ਨੇ ਸਾਰਾ ਬਿਆਨ ਗ਼ਲਤ ਦਿੱਤਾ। ਉਸ ਨੇ ਕਿਹਾ ਕਿ ਘਰ ਦੇ ਦਰਵਾਜ਼ੇ ਦੀਆਂ ਪੌੜੀਆਂ ‘ਚ ਉਸ ਦਾ ਪੈਰ ਫਿਸਲ ਗਿਆ। ਤਾਂ ਜਾ ਕੇ ਖਹਿੜਾ ਛੁੱਟਿਆ। ਸੀਰਤ ਨੇ ਫਿਰ ਵੀ ਮੇਜਰ ਨੂੰ ਬਚਾ ਲਿਆ।

ਸੀਰਤ ਦੀ ਚਾਚੀ ਸੀਰਤ ਨੂੰ ਹੀ ਦੋਸ਼ੀ ਕਹੀ ਜਾਵੇ। ਆਖੇ ਇਹ ਬਦਚਲਣ ਹੈ। ਤਾਂ ਹੀ ਮਾਪਿਆਂ ਨੇ ਸਾਡੇ ਗਲ਼ ਮਰਿਆ ਸੱਪ ਪਾ ਦਿੱਤਾ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਆਪਣੀਆਂ ਕੁਝ ਜ਼ਰੂਰੀ ਚੀਜ਼ਾਂ ਖ਼ਰੀਦਣ ਅਤੇ ਗਰੋਸਰੀ ਵਗੈਰਾ ਲੈਣ ਗਈ ਸੀਰਤ ਨੂੰ ਚਿਰ ਲੱਗ ਗਿਆ। ਉਸ ਨੇ ਬਥੇਰਾ ਕਿਹਾ ਬਈ ਮੈਂ ਵਾਲਮਾਰਟ ਵੀ ਜਾਣਾ ਸੀ ਆਪਣਾ ਸਾਮਾਨ ਲੈਣ, ਪਰ ਮੇਜਰ ਨੇ ਉਸ ਦੀ ਇੱਕ ਨਾ ਸੁਣੀ। ਨਾਲੇ ਉਹਦੇ ਕੋਲ ਕਿਹੜਾ ਕਾਰ ਸੀ। ਬੱਸ ‘ਚ ਹੀ ਧੱਕੇ ਖਾਂਦੀ ਰਹੀ ਵਿਚਾਰੀ। ਬੱਸਾਂ ‘ਚ ਚਿਰ ਲੱਗ ਹੀ ਜਾਂਦਾ ਆ।

ਮੇਜਰ ਨੇ ਆਪਣੀ ਭੈਣ ਯਾਨੀ ਸੀਰਤ ਦੀ ਚਾਚੀ ਨੂੰ ਫੋਨ ਕਰ ਦਿੱਤਾ ਕਿ ਇਹ ਛੁੱਟੀ ਵਾਲਾ ਸਾਰਾ ਦਿਨ ਬਾਹਰ ਰਹਿੰਦੀ ਹੈ। ਪਤਾ ਨਹੀਂ ਕਿੱਥੇ ਜਾਂਦੀ ਹੈ। ਸਵੇਰ ਦੀ ਗਈ ਹੁਣ ਆਈ ਹੈ। ਲਿਆਉਣਾ ਕੀ ਸੀ ਆਹ ਦੁੱਧ ਦੀਆਂ ਦੋ ਕੈਨੀਆਂ।

ਚਾਚੀ ਨੇ ਘਰੇ ਆਉਂਦੇ ਸਾਰ ਸੀਰਤ ਦੇ ਦੋ ਚਪੇੜਾਂ ਜੜ ਦਿੱਤੀਆਂ। ਮੇਜਰ ਸੀਰਤ ਨੂੰ ਘੜੀਸ ਕੇ ਦਰਵਾਜ਼ੇ ਕੋਲ ਲੈ ਆਇਆ ਤੇ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ। ਸੀਰਤ ਨੇ ਗਵਾਂਢੀਆਂ ਦੇ ਘਰੋਂ ਮੈਨੂੰ ਫੋਨ ਕੀਤਾ ਤੇ ਮੈਂ ਸੀਰਤ ਨੂੰ ਆਪਣੇ ਘਰ ਲੈ ਆਈ। ਉਸ ਤੋਂ ਬਾਅਦ ਸੀਰਤ ਉਸ ਘਰ ਨਹੀਂ ਗਈ।”

ਪਰਮ ਦੇ ਹੰਝੂ ਹੁਣ ਆਪ ਮੁਹਾਰੇ ਵਹਿ ਰਹੇ ਸਨ। ਅੱਖਾਂ ਪੂੰਝਣ ਲਈ ਮੈਂ ਆਪਣੇ ਪਰਸ ‘ਚੋਂ ਪੇਪਰ ਕੱਢ ਕੇ ਦਿੱਤਾ। ਪਰਮ ਕੁਝ ਕੁ ਮਿੰਟਾਂ ਲਈ ਰੁਕ ਗਈ। ਸਾਥੋਂ ਖਾਣਾ ਵੀ ਚੰਗੀ ਤਰ੍ਹਾਂ ਖਾਧਾ ਨਾ ਗਿਆ।

ਪਰਮ ਨੇ ਫਿਰ ਕਹਿਣਾ ਸ਼ੁਰੂ ਦਿੱਤਾ, “ਮੈਂ ਘਰ ਵਿੱਚ ਇਕੱਲੀ ਸੀ। ਦੋਵੇਂ ਕੁੜੀਆਂ ਅਮਰੀਕਾ ਪੜ੍ਹਦੀਆਂ ਸਨ। ਉਨ੍ਹਾਂ ਨਾਲ ਮੈਂ ਸੀਰਤ ਬਾਰੇ ਗੱਲ ਕੀਤੀ। ਦੋਵਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਮੰਮੀ ਤੁਸੀਂ ਸੀਰਤ ਨੂੰ ਕਿਤੇ ਨਾ ਜਾਣ ਦੇਵੋ। ਆਪਣੇ ਕੋਲ ਹੀ ਰੱਖੋ। ਸੀਰਤ ਸਾਡੀ ਭੈਣ ਹੈ। ਅਸੀਂ ਇਸ ਨੂੰ ਸਕੀ ਭੈਣ ਬਣਾ ਕੇ ਰੱਖਾਂਗੀਆਂ।

ਉਨ੍ਹਾਂ ਕੋਲੋਂ ਇਹ ਸ਼ਬਦ ਸੁਣ ਕੇ ਮੈਨੂੰ ਹੌਸਲਾ ਹੋ ਗਿਆ। ਮੈਂ ਹੋਰ ਵੀ ਤਕੜੀ ਹੋ ਗਈ। ਮੈਂ ਸੀਰਤ ਦੀ ਖੁੱਲ੍ਹ ਕੇ ਮਦਦ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਦੋਵੇਂ ਮਾਂ-ਧੀ ਇਕੱਠੀਆਂ ਕੰਮ ‘ਤੇ ਜਾਂਦੀਆਂ ਤੇ ਇਕੱਠੀਆਂ ਘਰ ਆ ਜਾਂਦੀਆਂ। ਸੀਰਤ ਦੀ ਸਿਹਤ ਵਿੱਚ ਵੀ ਫ਼ਰਕ ਪੈਣਾ ਸ਼ੁਰੂ ਹੋ ਗਿਆ। ਹੁਣ ਥੋੜ੍ਹਾ ਮੁਸਕਰਾਉਣ ਵੀ ਲੱਗ ਗਈ। ਥੋੜ੍ਹੇ ਹੀ ਦਿਨਾਂ ਵਿੱਚ ਉਹ ਮੇਰੇ ਨਾਲ ਘੁਲ ਮਿਲ ਗਈ। ਸੀਰਤ ਦੀ ਖੁਸ਼ੀ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਈ। ਇਹ ਹੱਸਦੀ ਤਾਂ ਮੈਂ ਖੁਸ਼ ਹੋ ਜਾਂਦੀ। ਉਸ ਨੇ ਮੈਨੂੰ ਮਾਂ ਕਹਿਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਦਿਲ ਵਿੱਚ ਇਹ ਠਾਣ ਲਿਆ ਸੀ ਕਿ ਕੁੜੀ ਮੈਨੂੰ ਮਾਂ ਆਖਦੀ ਹੈ, ਮੈਂ ਇਸ ਨੂੰ ਮਾਂ ਬਣਕੇ ਦਿਖਾਉਣਾ ਹੈ।

ਸਾਲ ਕੁ ਬਾਅਦ ਸੀਰਤ ਦਾ ਮੇਜਰ ਨਾਲ ਕਾਨੂੰਨੀ ਤੌਰ ‘ਤੇ ਤਲਾਕ ਹੋ ਗਿਆ।

“ਤੇ ਸੀਰਤ ਦੇ ਮਾਂ-ਬਾਪ ਦਾ ਕੀ ਪ੍ਰਤੀਕਰਮ ਸੀ?” ਮੇਰੇ ਦਿਮਾਗ਼ ਵਿੱਚ ਇਹ ਸਵਾਲ ਖੌਰੂ ਪਾ ਰਿਹਾ ਸੀ। ਸੋ ਮੈਂ ਪੁੱਛ ਹੀ ਲਿਆ।

ਪਰਮ ਕੁਝ ਮੁਸਕਰਾਈ ਤੇ ਆਖਣ ਲੱਗੀ,”ਪੰਜਾਬੀਆਂ ਨੂੰ ਅੱਜਕੱਲ੍ਹ ਧੀਆਂ ਨਾਲ ਕੀ? ਉਨ੍ਹਾਂ ਨੂੰ ਤਾਂ ਪੁੱਤਾਂ ਦੇ ਭਵਿੱਖ ਦੀ ਚਿੰਤਾ ਹੁੰਦੀ ਹੈ। ਉਹ ਤਾਂ ਇੱਕੋ ਹੀ ਗੱਲ ਕਹੀ ਜਾਣ ਕਿ ਸਾਡਾ ਅਪਲਾਈ ਕਰ ਦੇ। ਸਾਡੇ ਨਾਲ ਮੁੰਡਾ ਜਾਣੀਂ ਸੀਰਤ ਦਾ ਭਰਾ ਵੀ ਆ ਜਾਵੇਗਾ। ਉਨ੍ਹਾਂ ਦਾ ਬੋਝ ਲਹਿ ਜਾਵੇਗਾ। ਤੇ ਹਾਂ ਸੱਚ ਸੀਰਤ ਦੀ ਚਾਚੀ ਦੀ ਤੇ ਸੀਰਤ ਦੇ ਮਾਂ-ਪਿਉ ਦੀ ਅਣਬਣ ਹੋ ਗਈ। ਹੋਣੀ ਵੀ ਚਾਹੀਦੀ ਸੀ। ਮਾਪੇ ਭਾਵੇਂ ਜਿਹੋ ਜਿਹੇ ਮਰਜ਼ੀ ਹੋਣ, ਪਰ ਕੋਈ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਧੀ-ਪੁੱਤ ਨਾਲ ਕੋਈ ਅਜਿਹਾ ਸਲੂਕ ਕਰੇ। ਹੁਣ ਤਾਂ ਉਸ ਦੇ ਮਾਂ-ਬਾਪ ਮੇਰਾ ਧੰਨਵਾਦ ਕਰਦੇ ਨਹੀਂ ਸੀ ਥੱਕਦੇ। ਆਖਣ ਤੂੰ ਸਾਡੀ ਕੁੜੀ ਦੀ ਜ਼ਿੰਦਗੀ ਬਚਾ ਲਈ।”

“ਚੱਲ ਸਮਝ ਆ ਗਈ ਭਾਵੇਂ ਦੇਰ ਨਾਲ ਆਈ।” ਮੈਂ ਕਿਹਾ।

ਸੀਰਤ ਨੇ ਖਾਣੇ ਵਾਲੀ ਪਲੇਟ ਪਰੇ ਕਰਦਿਆਂ ਫਿਰ ਕਹਿਣਾ ਸ਼ੁਰੂ ਕੀਤਾ, “ਅਪਲਾਈ ਕਰਨ ਲਈ ਇਨਕਮ ਦਾ ਹੋਣਾ ਜ਼ਰੂਰੀ ਸੀ। ਇਸ ਲਈ ਮੈਂ ਘਰ ਸੀਰਤ ਦੇ ਨਾਮ ਕਰਵਾ ਦਿੱਤਾ ਤੇ ਨਾਲ ਆਪਣੀ ਗਰੰਟੀ ਪਾ ਕੇ ਸੀਰਤ ਦੇ ਮਾਂ- ਬਾਪ ਦਾ ਅਪਲਾਈ ਕਰਵਾ ਦਿੱਤਾ। ਦੋ ਸਾਲਾਂ ਵਿੱਚ ਉਨ੍ਹਾਂ ਦਾ ਕੰਮ ਬਣ ਗਿਆ। ਉਨ੍ਹਾਂ ਨੂੰ ਬੇਸਮੈਂਟ ਕਿਰਾਏ ‘ਤੇ ਲੈ ਦਿੱਤੀ। ਸੀਰਤ ਹੁਣ ਉਨ੍ਹਾਂ ਨਾਲ ਰਹਿਣ ਲੱਗ ਪਈ, ਪਰ ਜ਼ਿਆਦਾਤਰ ਉਹ ਮੇਰੇ ਕੋਲ ਹੀ ਹੁੰਦੀ ਹੈ। ਮੈਂ ਸੀਰਤ ਬਾਰੇ ਸੋਚਦੀ ਰਹਿੰਦੀ ਹਾਂ ਕਿ ਜੇ ਕੋਈ ਚੰਗਾ ਮੁੰਡਾ ਮਿਲ ਜਾਵੇ ਤਾਂ ਸੀਰਤ ਦਾ ਵਿਆਹ ਕਰ ਦੇਈਏ।”

ਬਹਿਰਾ ਬਿੱਲ ਲੈ ਕੇ ਆ ਗਿਆ। ਅਸੀਂ ਬਿੱਲ ਦੇ ਕੇ ਕਾਰ ‘ਚ ਆ ਬੈਠੀਆਂ।

ਜਿਵੇਂ ਹੀ ਅਸੀਂ ਪਾਰਕਿੰਗ ਲਾਟ ‘ਚੋਂ ਬਾਹਰ ਨਿਕਲੀਆਂ ਤਾਂ ਪਰਮ ਨੇ ਫਿਰ ਦੱਸਣਾ ਸ਼ੁਰੂ ਕੀਤਾ,”ਇੱਕ ਦਿਨ ਮੈਂ ਸੀਰਤ ਨੂੰ ਕੋਲ ਬਿਠਾ ਕੇ ਬੜੇ ਹੀ ਪਿਆਰ ਨਾਲ ਪੁੱਛਿਆ ਕਿ ਤੇਰਾ ਕੀ ਖਿਆਲ ਹੈ ਜੇਕਰ ਆਪਾਂ ਭਾਰਤ ਰਾਜਵਿੰਦਰ ਨਾਲ ਗੱਲ ਕਰੀਏ। ਮੈਂ ਏਧਰੋਂ ਓਧਰੋਂ ਪਤਾ ਕਰ ਲਿਆ ਸੀ ਕਿ ਰਾਜਵਿੰਦਰ ਨੇ ਅਜੇ ਵਿਆਹ ਨਹੀਂ ਕਰਵਾਇਆ। ਉਸ ਦੇ ਦਿਲ ਵਿੱਚ ਅਜੇ ਵੀ ਸੀਰਤ ਸਮਾਈ ਹੋਈ ਸੀ। ਸ਼ਾਇਦ ਉਹ ਸੀਰਤ ਦੀ ਉਡੀਕ ਹੀ ਕਰ ਰਿਹਾ ਸੀ।

ਸੀਰਤ ਦੇ ਮੁੱਖ ‘ਤੇ ਖੇੜਾ ਆ ਗਿਆ। ਮੈਂ ਸਮਝ ਗਈ ਕਿ ਸੀਰਤ ਵੀ ਰਾਜਵਿੰਦਰ ਦੀ ਤਰ੍ਹਾਂ ਉਸ ਨੂੰ ਆਪਣੇ ਮਨ ਦਾ ਮੀਤ ਸਮਝਦੀ ਹੈ। ਸੋ ਮੈਂ ਸੀਰਤ ਦੇ ਮਾਂ-ਬਾਪ ਨਾਲ ਗੱਲ ਕੀਤੀ। ਉਹ ਨਾਂਹ ਨਾਂਹ ਕਰਦਿਆਂ ਮੰਨ ਗਏ। ਏਹੀ ਆਖੀ ਜਾਣ ਕਿ ਮੁੰਡਾ ਮਿਸਤਰੀਆਂ ਦਾ ਹੈ ਹੋਰ ਤਾਂ ਕੋਈ ਮਾੜੀ ਗੱਲ ਨਹੀਂ ਹੈ। ਖੈਰ ਮੰਨ ਗਏ। ਜੇ ਨਾ ਵੀ ਮੰਨਦੇ ਤਾਂ ਵੀ ਮੈਂ ਸੀਰਤ ਲਈ ਉਸ ਦੀ ਮਾਂ ਬਣ ਕੇ ਉਸ ਦੇ ਨਾਲ ਖੜ੍ਹ ਜਾਣਾ ਸੀ।

ਹੁਣ ਹੋਰ ਮੁਸ਼ਕਿਲ ਸੀ। ਸੀਰਤ ਦਾ ਪਹਿਲਾਂ ਹੀ ਦੋ ਵਾਰੀ ਤਲਾਕ ਹੋ ਚੁੱਕਾ ਸੀ। ਜੇਕਰ ਭਾਰਤ ਜਾ ਕੇ ਵਿਆਹ ਕਰਕੇ ਅਪਲਾਈ ਕਰਦੇ ਤਾਂ ਬਹੁਤ ਚੱਕਰ ‘ਚ ਪੈ ਜਾਣਾ ਸੀ। ਇਸ ਲਈ ਰਾਜਵਿੰਦਰ ਨੂੰ ਵਰਕ ਪਰਮਿਟ ‘ਤੇ ਇੱਥੇ ਬੁਲਾਇਆ ਤੇ ਆਉਣ ਸਾਰ ਉਸ ਦਾ ਸੀਰਤ ਨਾਲ ਬਹੁਤ ਸਾਦਾ ਜਿਹਾ ਵਿਆਹ ਕਰ ਦਿੱਤਾ। ਜੋ ਵੀ ਮੈਥੋਂ ਸਰਿਆ ਮੈਂ ਸੀਰਤ ਨੂੰ ਦਿੱਤਾ। ਜਿਹੜਾ ਘਰ ਮੈਂ ਸੀਰਤ ਦੇ ਨਾਮ ਕਰਵਾਇਆ ਸੀ, ਉਹ ਉਸ ਕੋਲ ਹੀ ਰਹਿਣ ਦਿੱਤਾ ਤੇ ਆਪ ਮੈਂ ਛੋਟਾ ਜਿਹਾ ਅਪਾਰਟਮੈਂਟ ਲੈ ਲਿਆ। ਅਮਰੀਕਾ ਵੱਸਦੀਆਂ ਦੋਵੇਂ ਕੁੜੀਆਂ ਨੇ ਮੈਨੂੰ ਸਾਫ਼ ਸਾਫ਼ ਆਖ ਦਿੱਤਾ ਕਿ ਮੰਮੀ ਸਾਡੇ ਕੋਲ ਸਭ ਕੁਝ ਹੈ। ਤੁਸੀਂ ਸੀਰਤ ਦਾ ਖ਼ਿਆਲ ਰੱਖੋ। ਸਾਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਨਹੀਂ।

ਪਰਮ ਨੇ ਫਿਰ ਹਉਕਾ ਲਿਆ। ਕੁਝ ਰੁਕੀ ਤੇ ਫਿਰ ਬੋਲੀ,”ਮੇਰੇ ਪਤੀ ਦੀ ਜਦੋਂ ਫੈਕਟਰੀ ਵਿੱਚ ਕੰਮ ਕਰਦਿਆਂ ਮੌਤ ਹੋਈ ਸੀ ਤਾਂ ਕੰਪਨੀ ਵੱਲੋਂ ਜੋ ਮਿਲਿਆ ਸੀ ਮੈਂ ਕਿਸੇ ਨਾ ਕਿਸੇ ਰੂਪ ਵਿੱਚ ਤਿੰਨਾਂ ਕੁੜੀਆਂ ਵਿੱਚ ਵੰਡ ਦਿੱਤਾ ਹੈ। ਆਪਣੀਆਂ ਤਿੰਨਾਂ ਕੁੜੀਆਂ ਪ੍ਰਤੀ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਕੇ ਤੇ ਹੁਣ ਸੁਰਖੁਰੂ ਹੋਈ ਮਹਿਸੂਸ ਕਰਦੀ ਹਾਂ। ਮੇਰਾ ਚਿੱਤ ਕੀਤਾ ਕੈਲਗਰੀ ਆਉਣਾ ਨੂੰ ਕਿ ਚਲੋ ਕੁਝ ਦਿਨ ਤੁਰ ਫਿਰ ਆਉਂਦੇ ਹਾਂ, ਛੁੱਟੀਆਂ ਮਨਾ ਆਉਂਦੇ ਹਾਂ। ਸੀਰਤ ਤੇ ਰਾਜਵਿੰਦਰ ਵੀ ਮੇਰੇ ਨਾਲ ਤਿਆਰ ਹੋ ਗਏ।”

ਇੰਨੇ ਨੂੰ ਪਰਮ ਦੇ ਰਿਸ਼ਤੇਦਾਰਾਂ ਦਾ ਘਰ ਆ ਗਿਆ। ਮੈਂ ਕਾਰ ਘਰ ਦੇ ਬਿਲਕੁਲ ਸਾਹਮਣੇ ਪਾਰਕ ਕਰ ਲਈ। ਸੀਰਤ ਤੇ ਰਾਜਵਿੰਦਰ ਘਰ ਦੇ ਲਾਅਨ ‘ਚ ਖੜ੍ਹੇ ਆਪਣੀ ਮਾਂ ਨੂੰ ਉਡੀਕ ਰਹੇ ਸਨ।

ਸੰਪਰਕ: 403 605-3734



News Source link
#ਮ

- Advertisement -

More articles

- Advertisement -

Latest article