35.5 C
Patiāla
Friday, April 26, 2024

ਰਿਟਾਇਰ ਕਦੋਂ ਹੋਈਏ?

Must read


ਹਰਜੀਤ ਅਟਵਾਲ

ਰਿਟਾਇਰ ਜਾਂ ਸੇਵਾ-ਮੁਕਤ ਭਾਰਤੀ ਸੰਸਕ੍ਰਿਤੀ ਦਾ ਸ਼ਬਦ ਨਹੀਂ ਹੈ। ਮੈਨੂੰ ਨਹੀਂ ਜਾਪਦਾ ਕਿ ਇਹ ਸ਼ਬਦੇ ਕਦੇ ਕਿਸੇ ਭਾਰਤੀ ਗ੍ਰੰਥ ਵਿੱਚ ਵਰਤਿਆ ਗਿਆ ਹੋਵੇ। ਅੰਗਰੇਜ਼ੀ ਵਿੱਚ ਇਹ ਸ਼ਬਦ ਫਰੈਂਚ ਭਾਸ਼ਾ ਵਿੱਚੋਂ ਆਇਆ ਹੈ। ਪਹਿਲੀ ਵਾਰ ਇਸ ਨੂੰ 1533 ਵਿੱਚ ਵਰਤਿਆ ਗਿਆ। ਫਰੈਂਚ ਭਾਸ਼ਾ ਵਿੱਚ ਇਹ ਸ਼ਬਦ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਰਿ=ਪਿਛਾਂਹ, ਟਾਇਰ=ਖਿੱਚਣਾ ਜਾਂ ਬੁਲਾਉਣਾ। ਮੂਲ-ਰੂਪ ਵਿੱਚ ਇਹ ਸ਼ਬਦ ਮਿਲਟਰੀ-ਭਾਸ਼ਾ ਵਿੱਚ ਵਰਤਿਆ ਗਿਆ ਜਿਸ ਦਾ ਭਾਵ ਸੀ, ਲੜਾਈ ਵਿੱਚੋਂ ਕਿਸੇ ਨੂੰ ਪਿਛਾਂਹ ਸੁਰੱਖਿਅਤ ਜਗ੍ਹਾ ਲੈ ਆਉਣਾ। ਫਿਰ ਇਹ ਸ਼ਬਦ ਕਿਸੇ ਨੂੰ ਐਕਟਿਵ ਜੀਵਨ ਤੋਂ ਹਟਾ ਲੈਣ ਜਾਂ ਵਿਦਡਰਾਅ ਕਰ ਲੈਣ ਦੀ ਭਾਵਨਾ ਵਿੱਚ ਵਰਤਿਆ ਜਾਣ ਲੱਗਾ। ਫਿਰ ਇਹ ਸ਼ਬਦ ਕੰਮ ਜਾਂ ਆਹੁਦੇ ਤੋਂ ਆਯੋਗ ਹੋ ਜਾਣ ਜਾਂ ਹਟ/ਹਟਾ ਜਾਣਾ ਦੇ ਅਰਥਾਂ ਵਿੱਚ ਵਰਤਿਆ ਜਾਣ ਲੱਗਾ ਜੋ ਅੱਜ ਵੀ ਵਰਤਿਆ ਜਾਂਦਾ ਹੈ। ਕਿਤੇ-ਕਿਤੇ ਇਸ ਦੇ ਨਿਰਾਰਥਕ ਮਾਅਨੇ ਵੀ ਵਰਤੇ ਮਿਲਦੇ ਹਨ ਜਿਵੇਂ ਕਿ ਕਿਸੇ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਫਲਾਣਾ ਰਿਟਾਇਰ-ਮਾਈਂਡਡ ਬੰਦਾ ਹੈ ਭਾਵ ਆਯੋਗ-ਮਨ ਦਾ। ਇਵੇਂ ਹੀ ਕੰਮ ਤੋਂ ਰਿਟਾਇਰ ਹੋਣ ਵਿੱਚ ਕਿਤੇ ਨਾ ਕਿਤੇ ਆਯੋਗ ਹੋਣਾ ਵੀ ਪਿਆ ਹੈ। ਕੰਮ ਤੋਂ ਰਿਟਾਇਰ ਹੋਣਾ ਕਿਸੇ ਲਈ ਸਾਰਥਕ ਸ਼ਬਦ ਹੋ ਸਕਦਾ ਹੈ ਤੇ ਕਿਸੇ ਲਈ ਨਿਰਾਰਥਕ ਵੀ। ਪਿੱਛੇ ਜਿਹੇ ਮੇਰੀ ਇੱਕ ਵਾਕਫ ਪ੍ਰੋਫੈਸਰ ਸਹਿਬਾ ਰਿਟਾਇਰ ਹੋਈ ਤਾਂ ਉਸ ਨੇ ਪਾਰਟੀ ਕੀਤੀ। ਇੱਕ ਹੋਰ ਪ੍ਰੋਫੈਸਰ ਸਾਹਿਬ ਰਿਟਾਇਰ ਹੋਣ ਤੋਂ ਏਨੇ ਦੁਖੀ ਸਨ ਕਿ ਉਨ੍ਹਾਂ ਨੇ ਉਸੇ ਯੂਨੀਵਰਸਟੀ ਵਿੱਚ ਅੱਧੀ ਤਨਖਾਹ ’ਤੇ ਦੁਬਾਰਾ ਨੌਕਰੀ ਕਰ ਲਈ। ਮੇਰੇ ਕੰਨਾਂ ਨੂੰ ਵੀ ਕਦੇ ਇਹ ਸ਼ਬਦ ਚੰਗਾ ਨਹੀਂ ਲੱਗਿਆ। ਇਹ ਨਵੀਂ ਦੁਨੀਆ ਦਾ ਸ਼ਬਦ ਹੈ। ਪਹਾੜਾਂ ਜਾਂ ਦੂਰਲੇ ਪਿੰਡਾਂ ਵਿੱਚ ਸ਼ਾਇਦ ਬਹੁਤੇ ਲੋਕਾਂ ਨੇ ਇਸ ਨੂੰ ਸੁਣਿਆ ਵੀ ਨਾ ਹੋਵੇ।

ਮੈਂ ਕਦੇ ਕਿਸੇ ਕਿਸਾਨ ਨੂੰ, ਕਿਸੇ ਮਜ਼ਦੂਰ ਨੂੰ, ਕਿਸੇ ਘਰੇਲੂ ਔਰਤ ਨੂੰ ਰਿਟਾਇਰ ਹੁੰਦੇ ਨਹੀਂ ਦੇਖਿਆ। ਇਹ ਆਜ਼ਾਦ ਭਾਰਤ ਵਿੱਚ ਹੀ ਵਧੇਰੇ ਉਦੋਂ ਪ੍ਰਚੱਲਿਤ ਹੋਇਆ ਜਦੋਂ ਇਸ ਦਾ ਨਾਤਾ ਪੈਨਸ਼ਨ ਨਾਲ ਜੁੜ ਗਿਆ। ਜਰਮਨੀ ਪਹਿਲਾ ਮੁਲਕ ਹੈ ਜਿਸ ਨੇ 1889 ਵਿੱਚ ਰਿਟਾਇਰਮੈਂਟ ਸ਼ਬਦ ਨੂੰ ਪੈਨਸ਼ਨ ਨਾਲ ਜਾਂ ਲਾਭਾਂ ਨਾਲ ਜੋੜਿਆ। ਹੁਣ ਵੀ ਜਿੱਥੇ ਲੋਕ ਸਰਕਾਰੀ ਨੌਕਰੀ ਜਾਂ ਪੈਨਸ਼ਨ ਦੇ ਲਾਭ ਵਾਲੀ ਨੌਕਰੀ ਕਰਦੇ ਹਨ ਉਹੀ ਇਸ ਸ਼ਬਦ ਦੀ ਜ਼ਿਆਦਾ ਵਰਤੋਂ ਕਰਦੇ ਹਨ। ਅੱਜਕੱਲ੍ਹ ਤਾਂ ਵੈਸੇ ਪ੍ਰਾਈਵੇਟ ਪੈਨਸ਼ਨਾਂ ਵੀ ਚੱਲ ਪਈਆਂ ਹਨ, ਨਹੀਂ ਤਾਂ ਭਾਰਤੀ ਮੁਆਸ਼ਰੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਨੌਕਰੀਆਂ ਹਨ ਜਿੱਥੇ ਤੁਹਾਨੂੰ ਪੈਨਸ਼ਨ ਨਹੀਂ ਮਿਲਦੀ। ਜਾਂ ਤੁਸੀਂ ਬਹੁਤੇ ਕੰਮਾਂ ਤੋਂ ਕਦੇ ਰਿਟਾਇਰ ਹੀ ਨਹੀਂ ਹੁੰਦੇ, ਕੰਮ ਕਰਦੇ ਕਰਦੇ ਹੀ ਜਾਂਦੇ ਹਨ।

ਮੈਂ ਵੀ ਕਦੇ ਰਿਟਾਇਰ ਹੋਣ ਬਾਰੇ ਨਹੀਂ ਸੋਚਦਾ ਤੇ ਕੁਦਰਤੀ ਮੇਰੇ ਨਾਲ ਹੋਇਆ ਵੀ ਅਜਿਹਾ ਕਿ ਮੈਂ ਜ਼ਿੰਦਗੀ ਵਿੱਚ ਬਹੁਤੇ ਕੰਮ ਉਹੀ ਕੀਤੇ ਜਿੱਥੇ ਰਿਟਾਇਰਮੈਂਟ ਸ਼ਬਦ ਲਾਗੂ ਨਹੀਂ ਹੁੰਦਾ। ਮੇਰੀ ਪਹਿਲੀ ਨੌਕਰੀ ਭਾਰਤ ਵਿੱਚ ਵਕਾਲਤ ਕਰਨ ਦੀ ਸੀ। ਜਦੋਂ ਮੈਂ ਨਵਾਂ ਸ਼ਹਿਰ ਵਕੀਲ ਬਣ ਕੇ ਗਿਆ ਤਾਂ ਦੇਖਿਆ ਕਿ ਵਕੀਲ ਖੂੰਡੀ ਫੜੀ ਕਚਹਿਰੀ ਆ ਰਹੇ ਹਨ, ਮੈਂ ਸੋਚਣ ਲੱਗਾ ਕਿ ਮੈਂ ਵੀ ਇਵੇਂ ਹੀ ਅਖੀਰ ਤੱਕ ਕੰਮ ਕਰਾਂਗਾ। ਲੰਡਨ ਵਿੱਚ ਮੈਂ ਉਮਰ ਦਾ ਬਹੁਤਾ ਹਿੱਸਾ ਲਿਕਰ-ਸਟੋਰ ਭਾਵ ਸ਼ਰਾਬ ਦਾ ਸਟੋਰ ਚਲਾਇਆ ਹੈ, ਜਿਸ ਵਿੱਚ ਕੋਈ ਰਿਟਾਇਰਮੈਂਟ ਨਹੀਂ ਹੁੰਦੀ। ਕਿਹਾ ਜਾਂਦਾ ਹੈ ਕਿ ਦੁਕਾਨਦਾਰ ਗੱਲੇ ਤੋਂ ਸਿੱਧਾ ਸਮਸ਼ਾਨ ਜਾਂਦਾ ਹੈ। ਲਿਕਰ-ਸਟੋਰ ਤੋਂ ਬਾਅਦ ਮੈਂ ਨੌਕਰੀ ਕਰ ਲਈ, ਪਰ ਹੁਣ ਯੂਕੇ ਦੀ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਹੋਇਆ ਹੈ ਕਿ ਤੁਹਾਨੂੰ ਰਿਟਾਇਰ ਹੋਣ ਦੀ ਲੋੜ ਨਹੀਂ ਹੈ, ਤੁਸੀਂ ਸੌ ਸਾਲ ਤੱਕ ਵੀ ਕੰਮ ਕਰ ਸਕਦੇ ਹੋ। ਉਹੀ, ਗੱਲੇ ਤੋਂ ਸਮਸ਼ਾਨ ਜਾਣ ਵਾਲੀ ਗੱਲ।

ਪਰ ਆਪਣਾ ਸਵਾਲ ਹੈ, ਰਿਟਾਇਰ ਕਦੋਂ ਹੋਈਏ? ਇਸ ਦੀ ਵੱਖਰੇ-ਵੱਖਰੇ ਮੁਲਕ ਵਿੱਚ ਅਲੱਗ-ਅਲੱਗ ਉਮਰ ਰੱਖੀ ਹੋਈ ਹੈ। ਸਭ ਤੋਂ ਵੱਧ ਪ੍ਰਚੱਲਿਤ ਉਮਰ ਸੱਠ ਸਾਲ ਹੈ। ਮਾਹਿਰ ਵੀ ਇਸੇ ਉਮਰ ਨੂੰ ਰਿਟਾਇਰਮੈਂਟ ਲਈ ਸਹੀ ਦੱਸਦੇ ਹਨ। ਯੂਕੇ ਵਿੱਚ ਮਰਜ਼ੀ ਨਾਲ ਰਿਟਾਇਰਮੈਂਟ ਦੀ ਉਮਰ ਸੱਠ ਸਾਲ ਹੁੰਦੀ ਸੀ ਤੇ ਸਰਕਾਰ ਵੱਲੋਂ ਰਿਟਾਇਰਮੈਂਟ ਪੈਂਹਟ ਸਾਲ ਸੀ। ਹੁਣ ਇਹ ਉਮਰ 66 ਸਾਲ ਹੋ ਗਈ ਹੈ ਤੇ ਅਗਲੇ ਸਾਲਾਂ ਵਿੱਚ 67 ਸਾਲ ਵਿੱਚ ਰਿਟਾਇਰ ਹੋ ਸਕੋਗੇ। ਕੁਝ ਸਾਲਾਂ ਵਿੱਚ ਰਿਟਾਇਰ ਹੋਣ ਦੀ ਉਮਰ 70 ਸਾਲ ਹੋ ਜਾਵੇਗੀ। ਜਿਵੇਂ-ਜਿਵੇਂ ਮਨੁੱਖ ਦੀ ਔਸਤਨ ਉਮਰ ਵਧਦੀ ਜਾ ਰਹੀ ਹੈ ਉਸ ਦੇ ਕੰਮ ਕਰਨ ਦੇ ਵਰ੍ਹੇ ਵੀ ਵਧਾ ਦਿੱਤੇ ਜਾਂਦੇ ਹਨ। ਕੁਝ ਲੋਕ ਅਰਲੀ-ਰਿਟਾਇਰਮੈਂਟ ਵੀ ਲੈ ਲੈਂਦੇ ਹਨ, ਪਰ ਉਸ ਲਈ ਸਿਹਤ ਨਾਲ ਜੁੜੀਆਂ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਸਹੀ ਗੱਲ ਤਾਂ ਇਹ ਹੈ ਕਿ ਜਿੰਨੀਆਂ ਮਰਜ਼ੀ ਲੱਤਾਂ ਅੜਾਓ, ਰਿਟਾਇਰਮੈਂਟ ਸਹੀ ਉਮਰ ਵਿੱਚ ਜਾ ਕੇ ਹੀ ਮਿਲਦੀ ਹੈ। ਵੈਸੇ ਕਈ ਲੋਕ ਸੈਮੀ-ਰਿਟਾਇਰਮੈਂਟ ਵੀ ਲੈ ਲੈਂਦੇ ਹਨ ਤੇ ਕਈ ਆਰਜ਼ੀ-ਰਿਟਾਇਰਮੈਂਟ ਵੀ।

ਰਿਟਾਇਰਮੈਂਟ ਸ਼ਬਦ ਨੂੰ ਏਨਾ ਮਹਤੱਵਪੂਰਨ ਇਸ ਨਾਲ ਜੁੜਿਆ ਇੱਕ ਹੋਰ ਸ਼ਬਦ ਬਣਾਉਂਦਾ ਹੈ, ਉਹ ਹੈ ਪੈਨਸ਼ਨ। ਪੈਨਸ਼ਨ ਸ਼ਬਦ ਲੈਟਿਨ ਭਾਸ਼ਾ ਦੇ ‘ਪੈਂਡਰੇ’ ਸ਼ਬਦ ਤੋਂ ਬਣਿਆ ਹੈ ਜਿਸ ਦੇ ਮਾਅਨੇ ਹਨ, ਪੈਸੇ ਦੇਣੇ। ਇਹ ਸ਼ਬਦ ਵੀ ਮਿਲਟਰੀ-ਭਾਸ਼ਾ ਨਾਲ ਜੁੜਦਾ ਹੈ ਕਿ ਫ਼ੌਜ ਵਿੱਚੋਂ ਵਾਪਸ ਆਏ ਨੂੰ ਪੈਸੇ ਮਿਲਣੇ। ਕੰਮ ਤੋਂ ਰਿਟਾਇਰ ਹੋਣ ’ਤੇ ਪੈਨਸ਼ਨ ਦੇਣ ਦੀ ਪ੍ਰਥਾ ਵੀ ਜਰਮਨੀ ਵਿੱਚ 1889 ਵਿੱਚ ਓਟੋ ਵੌਨ ਬਸਿਮਾਰਚ ਨੇ ਸ਼ੁਰੂ ਕੀਤੀ। ਉਸ ਵੇਲੇ ਉਹ ਜਰਮਨੀ ਦਾ ਚਾਂਸਲਰ ਸੀ। ਯੂਕੇ ਵਿੱਚ ਪੈਨਸ਼ਨ ਐਕਟ 1908 ਵਿੱਚ ਬਣਿਆ ਤੇ ਇਹ ਲਾਗੂ 1909 ਵਿੱਚ ਕੀਤਾ ਗਿਆ। ਇਹ 70 ਸਾਲ ਦੀ ਉਮਰ ਵਿੱਚ ਮਿਲਣੀ ਸ਼ੁਰੂ ਹੁੰਦੀ ਸੀ। ਇਹ ਇੱਕ ਬੰਦੇ ਨੂੰ ਪੰਜ ਸ਼ਿਲਿੰਗ ਜਾਂ ਪੱਚੀ ਪੈਨੀਆਂ ਮਿਲਦੇ ਸਨ ਜੋ ਅੱਜ ਦੇ 27 ਪੌਂਡ ਬਣਦੇ ਹਨ। ਪਤੀ-ਪਤਨੀ ਨੂੰ ਇੱਕ ਥਾਂ ਅੱਜ ਦੇ 40 ਪੌਂਡ ਮਿਲਦੇ ਸਨ। ਇਹ ਏਨੀ ਲੇਟ ਉਮਰ ਵਿੱਚ ਮਿਲਣ ਲੱਗਦੇ ਕਿ ਚਾਰ ਵਿਅਕਤੀਆਂ ਵਿੱਚੋਂ ਸਿਰਫ਼ ਇੱਕ ਹੀ ਲੈ ਸਕਦਾ। 1925 ਪੈਨਸ਼ਨ ਮਿਲਣ ਦੀ ਉਮਰ 65 ਸਾਲ ਦੀ ਕਰ ਦਿੱਤੀ ਗਈ ਸੀ। 1940 ਵਿੱਚ ਆ ਕੇ ਮਰਦਾਂ ਲਈ ਤਾਂ ਇਹ ਉਮਰ 65 ਸਾਲ ਹੀ ਰਹੀ, ਪਰ ਔਰਤਾਂ ਲਈ ਪੈਨਸ਼ਨ ਦੀ ਉਮਰ 60 ਸਾਲ ਕਰ ਦਿੱਤੀ ਗਈ।

ਪੈਨਸ਼ਨ ਨਾਲ ਜੁੜਿਆ ‘ਫਿਨਾਂਸ ਐਕਟ 1921’ ਵਿੱਚ ਬਣਿਆ ਜਿਸ ਮੁਤਾਬਕ ਕੰਮ ਕਰਨ ਵਾਲੇ ਨੂੰ ਪੈਨਸ਼ਨ ਸਕੀਮ ਅਨੁਸਾਰ ਨਾਲ ਤਨਖਾਹ ਵਿੱਚੋਂ ਕੁਝ ਪੈਸੇ ਕਟਵਾਉਣੇ ਪੈਂਦੇ ਸਨ। ਦੂਜਾ ਮਹਾਂਯੁੱਧ ਖ਼ਤਮ ਹੁੰਦਿਆਂ ਹੀ ‘ਨੈਸ਼ਨਲ ਇੰਸ਼ੋਰੈਂਸ ਐਕਟ 1946’ ਬਣਾਇਆ ਗਿਆ। ਇਸ ਮੁਤਾਬਕ ਹਰ ਕੰਮ ਕਰਨ ਵਾਲਾ ਤਨਖਾਹ ਵਿੱਚੋਂ ਕੁਝ ਹਿੱਸਾ ਨੈਸ਼ਨਲ ਇੰਸ਼ੋਰੈਂਸ ਦੇ ਰੂਪ ਵਿੱਚ ਹਰ ਹਫ਼ਤੇ ਸਰਕਾਰ ਨੂੰ ਦੇਵੇਗਾ, ਜਿਸ ਦੇ ਬਦਲੇ ਉਸ ਨੂੰ ਸੋਸ਼ਲ-ਸਕਿਉਰਿਟੀ ਭਾਵ ਆਰਥਿਕ ਸੁਰੱਖਿਆ ਮਿਲੇਗੀ। ਅਸਲ ਵਿੱਚ ਇਹ ਸਕੀਮ ਰੂਸ ਦੇ ਸੋਸ਼ਲ-ਸਕਿਉਰਿਟੀ ਸਿਸਟਮ ਤੋਂ ਪ੍ਰਭਾਵਿਤ ਹੋ ਕੇ ਜਾਂ ਚੇਤੰਨ ਹੋ ਕੇ ਲਾਗੂ ਕੀਤੀ ਗਈ ਸੀ। ਇਸ ਮੁਤਾਬਕ ਜੇ ਕਿਸੇ ਕੋਲ ਨੌਕਰੀ ਨਹੀਂ ਹੈ ਤਾਂ ਉਸ ਨੂੰ ਬੇਕਾਰੀ ਭੱਤਾ ਮਿਲੇਗਾ ਤੇ ਹਰ ਵਿਅਕਤੀ ਨੂੰ 65 ਸਾਲ ਦੀ ਉਮਰ ਵਿੱਚ ਸਟੇਟ-ਪੈਨਸ਼ਨ ਮਿਲੇਗੀ। ਇਸ ਮੁਤਾਬਕ ਅੱਜ ਵੀ ਯੂਕੇ ਦੇ ਰਿਟਾਇਰ ਵਿਅਕਤੀ ਨੂੰ ਇੱਕ ਤਾਂ ਸਟੇਟ ਪੈਨਸ਼ਨ ਮਿਲਦੀ ਹੈ ਤੇ ਇਸ ਤੋਂ ਬਿਨਾਂ ਜਿੱਥੇ ਵੀ ਉਸ ਨੇ ਨੌਕਰੀ ਕੀਤੀ ਹੁੰਦੀ ਹੈ ਉੱਥੋਂ ਵੀ ਪੈਨਸ਼ਨ ਮਿਲਦੀ ਹੈ। ਪੂਰੀ ਸਟੇਟ ਪੈਨਸ਼ਨ ਲੈਣ ਲਈ ਤੁਹਾਨੂੰ ਆਪਣੇ ਕੰਮ ਕਰਨ ਦੀ ਉਮਰ ਵਿੱਚੋਂ 35 ਸਾਲ ਤੱਕ ਕੰਮ ਕੀਤਾ ਹੋਣ ਚਾਹੀਦਾ ਹੈ ਭਾਵ ਨੈਸ਼ਨਲ-ਇੰਸ਼ੋਰੈਂਸ ਵਿੱਚ ਹਿੱਸਾ ਪਾਇਆ ਹੋਣਾ ਚਾਹੀਦਾ ਹੈ। ਜੇ ਘੱਟ ਸਾਲ ਹਿੱਸਾ ਪਾਇਆ ਹੋਵੇ ਤਾਂ ਇਹ ਪੈਨਸ਼ਨ ਘੱਟ ਜਾਂਦੀ ਹੈ। ਸੋ ਯੂਕੇ (ਜਾਂ ਪੱਛਮ) ਵਾਸੀ ਕੰਮ ਦੀ ਪੈਨਸ਼ਨ ਦੇ ਨਾਲ-ਨਾਲ ਸਟੇਟ ਪੈਨਸ਼ਨ ਵੀ ਲੈਂਦੇ ਹਨ। ਸਟੇਟ-ਪੈਨਸ਼ਨ ਵਾਲਾ ਸਿਸਟਮ ਤੀਜੀ ਦੁਨੀਆ ਦੇ ਮੁਲਕਾਂ ਵਿੱਚ ਸ਼ਾਇਦ ਨਹੀਂ ਹੈ, ਪਰ ਹੋਣਾ ਚਾਹੀਦਾ ਹੈ। ਇਸ ਨਾਲ ਬੁਢਾਪਾ ਸੌਖਾ ਲੰਘਦਾ ਹੈ। ਇਹ ਸਿਸਟਮ ਲਾਗੂ ਕਰਨਾ ਏਨਾ ਮੁਸ਼ਕਲ ਵੀ ਨਹੀਂ ਹੈ।

ਰਿਟਾਇਰ ਕਦੋਂ ਹੋਇਆ ਜਾਵੇ? ਇੱਕ ਜਵਾਬ ਹੈ ਕਿ ਉਦੋਂ ਜਦੋਂ ਕਿਸੇ ਦਾ ਕੁਝ ਦੇਣਾ ਨਾ ਹੋਵੇ। ਵੈਸੇ ਇਸ ਸਵਾਲ ਦਾ ਜਵਾਬ ਹਰ ਵਿਅਕਤੀ ਕੋਲ ਵੱਖਰਾ ਹੀ ਹੁੰਦਾ ਹੈ। ਜੇ ਜਲਦੀ ਰਿਟਾਇਰ ਹੋ ਜਾਵੋਂ ਤਾਂ ਆਲੋਚਨਾ ਹੋਣ ਲੱਗਦੀ ਹੈ ਕਿ ਤੁਸੀਂ ਆਪਣੀ ਕੰਮ ਕਰਨ ਦੀ ਸਮਰੱਥਾ ਜ਼ਾਇਆ ਕਰ ਦਿੱਤੀ। ਜੇ ਤੁਸੀਂ ਦੇਰ ਨਾਲ ਰਿਟਾਇਰ ਹੋਵੋਂ ਤਾਂ ਕਹਿਣਗੇ ਤੁਸੀਂ ਰਿਟਾਇਰਮੈਂਟ ਦੇ ਖੁਸ਼-ਅਨੁਭਵ ਤੋਂ ਵਾਂਝੇ ਰਹਿ ਗਏ ਹੋ। ਐਵੀਵਾ-ਇੰਸ਼ੋਰੈਂਸ ਵਾਲੇ ਆਖਦੇ ਹਨ ਕਿ ਯੂਕੇ ਵਿੱਚ ਉਦੋਂ ਰਿਟਾਇਰ ਹੋ ਜਾਵੋ ਜਦੋਂ ਤੁਸੀਂ ਕੋਈ ਮੌਟਰਗੇਜ ਨਾ ਦੇਣੀ ਹੋਵੇ, ਕਿਰਾਇਆ ਨਾ ਦੇਣਾ ਹੋਵੇ ਤੇ ਸਹੀ ਜਿਹੀ ਪੈਨਸ਼ਨ ਜਾਂ ਹੋਰ ਆਮਦਨ ਹੋਵੇ ਤੇ ਕੁਝ ਜਮ੍ਹਾਂ ਪੂੰਜੀ ਵੀ। ਸਹੀ ਆਮਦਨ/ਪੈਨਸ਼ਨ ਸਾਧਾਰਨ ਰਿਟਾਇਰਡ ਜੀਵਨ ਜਿਉਣ ਲਈ ਬਾਰਾਂ ਹਜ਼ਾਰ ਪੌਂਡ ਸਾਲਾਨਾ ਮਿਥਦੇ ਹਨ, ਜੋੜੇ (ਪਤੀ-ਪਤਨੀ) ਲਈ ਸੋਲਾਂ ਹਜ਼ਾਰ। ਚੰਗਾ ਸਟੈਂਡਰਡ ਰੱਖਣ ਵਾਲੇ ਲਈ ਵੀਹ ਹਜ਼ਾਹ ਪੌਂਡ ਤੇ ਜੋੜੇ ਲਈ ਉਣੱਤੀ ਹਜ਼ਾਰ ਮਿਥਦੇ ਹਨ। ਲਗਜ਼ਰੀ ਜੀਵਨ ਲਈ ਉਹ ਤੇਤੀ ਹਜ਼ਾਰ ਪੌਂਡ ਤੇ ਜੋੜੇ ਲਈ ਸੰਤਾਲੀ ਹਜ਼ਾਰ ਪੌਂਡ ਰੱਖਦੇ ਹਨ।

ਰਿਟਾਇਰ-ਜੀਵਨ ਨੂੰ ਵਧੀਆ ਢੰਗ ਨਾਲ ਜਿਊਣ ਦੀ ਸਲਾਹ ਦਿੰਦੀਆਂ ਬਹੁਤ ਸਾਰੀਆਂ ਕਿਤਾਬਾਂ ਹਨ, ਡਾਕੂਮੈਂਟਰੀਜ਼ ਤੇ ਫ਼ਿਲਮਾਂ ਹਨ। ਕਈ ਐਪਸ ਵੀ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਫੋਨ ਉੱਪਰ ਡਾਊਨਲੋਡ ਕਰ ਸਕਦੇ ਹੋ। ਪੱਛਮੀ ਮੁਲਕਾਂ ਵਿੱਚ ਸਰਕਾਰਾਂ ਵੱਲੋਂ ਵੀ ਬਹੁਤ ਸਾਰੇ ਪ੍ਰੋਗਰਾਮ ਸ਼ੁਰੂ ਕੀਤੇ ਮਿਲਦੇ ਹਨ। ਮੈਂ ਸੋਚਦਾ ਹਾਂ ਕਿ ਰਿਟਾਇਰਮੈਂਟ ਦੇ ਪੰਜ ਪੜਾਅ ਹਨ। ਪਹਿਲਾ ਪੜਾਅ ਬੰਦੇ ਦੇ ਮਨ ਵਿੱਚ ਹੀ ਵਾਪਰਦਾ ਹੈ ਭਾਵ ਰਿਟਾਇਰਮੈਂਟ ਦੀ ਤਿਆਰੀ, ਤੁਹਾਡੇ ਕੋਲ ਰਿਟਾਇਰ ਹੋ ਕੇ ਕਰਨ ਵਾਲੇ ਕੰਮਾਂ ਦੀ ਲਿਸਟ ਹੁੰਦੀ ਹੈ ਤੇ ਰਿਟਾਇਰ ਹੋਣ ਦਾ ਚਾਅ ਵੀ। ਦੂਜੀ ਸਟੇਜ ਕੋਈ ਦੋ ਕੁ ਸਾਲ ਚੱਲਦੀ ਹੈ, ਤੁਸੀਂ ਵਿਹਲੇ ਰਹਿ ਕੇ, ਆਰਾਮ ਕਰਕੇ, ਮਨਪਸੰਦ ਕੰਮ ਕਰਕੇ ਲਾਈਫ ਦਾ ਆਨੰਦ ਲੈ ਰਹੇ ਹੁੰਦੇ ਹੋ, ਪਰ ਇਹ ਹਨੀਮੂਨ ਛੇਤੀ ਹੀ ਖ਼ਤਮ ਹੋ ਜਾਂਦਾ ਹੈ। ਤੀਜੀ ਸਟੇਜ ’ਤੇ ਰਿਟਾਇਰ ਬੰਦਾ ਆਪਣੇ ਆਪ ਨੂੰ ਵਾਧੂ ਜਿਹਾ ਸਮਝਣ ਲੱਗਦਾ ਹੈ, ਉਸ ਨੂੰ ਜੀਵਨ ਵਿੱਚੋਂ ਕੁਝ ਗਵਾਚਦਾ ਮਹਿਸੂਸ ਹੋਣ ਲੱਗਦਾ ਹੈ। ਚੌਥੀ ਸਟੇਜ ਵਿੱਚ ਤੁਹਾਡੇ ਮਨ ਨੇ ਮੰਨ ਲਿਆ ਹੁੰਦਾ ਹੈ ਕਿ ਤੁਸੀਂ ਰਿਟਾਇਰ ਹੋ ਚੁੱਕੇ ਹੋ ਤੇ ਤੁਸੀਂ ਨਵੀਂ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਪੰਜਵੀਂ ਸਟੇਜ ਵਿੱਚ ਤੁਸੀਂ ਰਿਟਾਇਰਮੈਂਟ ਦਾ ਆਨੰਦ ਲੈਣ ਲੱਗਦੇ ਹੋ। ਇਹ ਸਾਰੇ ਤਜਰਬੇ ਚੰਗੀ ਸਿਹਤ ਰਹਿਣ ਕਾਰਨ ਹੀ ਹੋ ਸਕਦੇ ਹਨ।

ਜਿਵੇਂ ਮੈਂ ਪਹਿਲਾਂ ਕਿਹਾ ਕਿ ਰਿਟਾਇਰ ਸ਼ਬਦ ਮੇਰੇ ਕੰਨਾਂ ਨੂੰ ਕਦੇ ਵੀ ਚੰਗਾ ਨਹੀਂ ਲੱਗਿਆ। ਮੈਂ ਇਹੀ ਸੋਚਦਾ ਹਾਂ ਕਿ ਜਦੋਂ ਤੱਕ ਸਿਹਤ ਇਜਾਜ਼ਤ ਦੇਵੇਗੀ ਕੰਮ ਕਰਾਂਗਾ। ਅੱਜਕੱਲ੍ਹ ਲੋਕਾਂ ਵਿੱਚ ਇੱਕ ਹੋਰ ਰੁਝਾਨ ਵੀ ਹੈ, ਰਿਟਾਇਰਮੈਂਟ ਹਾਊਸ ਖ਼ਰੀਦਣ ਦਾ। ਮੇਰੇ ਇੱਕ ਦੋਸਤ ਨੇ ਸਪੇਨ ਵਿੱਚ ਰਿਟਾਇਰਮੈਂਟ ਹਾਊਸ ਖ਼ਰੀਦਣਾ ਸੀ, ਮੈਂ ਉਸ ਨਾਲ ਗਿਆ। ਮੈਂ ਦੇਖਿਆ ਕਿ ਰਿਟਾਇਰਡ ਲੋਕ ਸਾਰਾ ਦਿਨ ਏਧਰ ਓਧਰ ਫਜ਼ੂਲ ਜਿਹੇ ਤੁਰੇ ਫਿਰਦੇ ਹਨ, ਜਾਂ ਸਮੁੰਦਰ ਕੰਢੇ ਸੁੱਤੇ ਪਏ ਹਨ। ਮੈਂ ਆਪਣੇ ਆਪ ਨੂੰ ਇਵੇਂ ਕਰਦਾ ਨਹੀਂ ਦੇਖ ਸਕਦਾ। ਮੈਂ ਹੌਲੀਵੁੱਡ ਦੇ ਐਕਟਰ ਕਲਿੰਟ ਈਸਟਵੁੱਡ ਵੱਲ ਦੇਖਦਾ ਹਾਂ ਜਿਸ ਦੀ ਉਮਰ ਏਸ ਵੇਲੇ 92 ਸਾਲ ਦੀ ਹੈ ਤੇ ਉਸ ਨੇ ਹੁਣੇ ਜਿਹੇ ਹੀ ਫ਼ਿਲਮ ਬਣਾਈ ਹੈ, ‘ਕਰਾਈ ਮਾਚੋ’। ਜਾਂ ਫਿਰ ਕਿਰਕ ਡਗਲੱਸ ਵੱਲ ਜੋ 103 ਸਾਲ ਦਾ ਹੋ ਕੇ ਮਰਿਆ ਤੇ ਅਖੀਰ ਤੱਕ ਫ਼ਿਲਮਾਂ ਬਣਾਉਂਦਾ ਰਿਹਾ।
ਈ-ਮੇਲ : harjeetatwal@hotmail.co.uk



News Source link
#ਰਟਇਰ #ਕਦ #ਹਈਏ

- Advertisement -

More articles

- Advertisement -

Latest article