ਪ੍ਰਯਾਗਰਾਜ, 29 ਮਾਰਚ
ਭਾਰਤੀ ਹਵਾਈ ਸੈਨਾ ਦੇ ਸਿਵਲ ਇੰਜਨੀਅਰ ਐੱਸਐੱਨ ਮਿਸ਼ਰਾ (51) ਦੀ ਅੱਜ ਸਵੇਰੇ ਇਥੇ ਉੱਚ ਸੁਰੱਖਿਆ ਵਾਲੇ ਛਾਉਣੀ ਇਲਾਕੇ ’ਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਰਾਮੁਫ਼ਤੀ ਦੇ ਐੱਸਐੱਚਓ ਮਨੋਜ ਸਿੰਘ ਨੇ ਕਿਹਾ ਕਿ ਹਮਲਾਵਰ ਨੇ ਕਮਰੇ ’ਚ ਸੁੱਤੇ ਹੋਏ ਮਿਸ਼ਰਾ ’ਤੇ ਬਾਰੀ ’ਚੋਂ ਗੋਲੀਆਂ ਚਲਾਈਆਂ। ਪੁਲੀਸ ਨੇ ਕਿਹਾ ਕਿ ਏਅਰ ਫੋਰਸ ਸਟੇਸ਼ਨ ਅੰਦਰ ਇੰਜਨੀਅਰਜ਼ ਕਾਲੋਨੀ ’ਚ ਹਮਲੇ ਸਮੇਂ ਮਿਸ਼ਰਾ ਦੀ ਪਤਨੀ ਤੇ ਪੁੱਤਰ ਦੂਜੇ ਕਮਰੇ ’ਚ ਸਨ। ਐੱਸਐੱਚਓ ਨੇ ਕਿਹਾ ਕਿ ਐੱਸਐੱਨ ਮਿਸ਼ਰਾ ਦੀ ਛਾਤੀ ’ਚ ਗੋਲੀ ਲੱਗੀ ਅਤੇ ਉਨ੍ਹਾਂ ਨੂੰ ਤੁਰੰਤ ਆਰਮੀ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦਮ ਤੋੜ ਦਿੱਤਾ।
ਡੀਸੀਪੀ (ਸਿਟੀ) ਅਭਿਸ਼ੇਕ ਭਾਰਤੀ ਨੇ ਕਿਹਾ ਕਿ ਪੁਲੀਸ ਨੇ ਮੌਕੇ ਦਾ ਮੁਆਇਨਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਏਅਰ ਫੋਰਸ ਸਟੇਸ਼ਨ ’ਚ ਲੱਗੇ ਸੀਸੀਟੀਵੀ ਫੁਟੇਜ ’ਚ ਇਕ ਵਿਅਕਤੀ ਚਾਰਦੀਵਾਰੀ ਟੱਪ ਕੇ ਅੰਦਰ ਆਉਂਦਾ ਦਿਖਾਈ ਦੇ ਰਿਹਾ ਹੈ ਅਤੇ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਧਰ ਸਪਾ ਮੁਖੀ ਅਖਿਲੇਸ਼ ਯਾਦਵ ਨੇ ਯੂਪੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਤਿ ਸੁਰੱਖਿਆ ਵਾਲੇ ਇਲਾਕੇ ’ਚ ਏਅਰ ਫੋਰਸ ਦੇ ਇੰਜਨੀਅਰ ਦੀ ਹੱਤਿਆ ਤੋਂ ਪਤਾ ਲਗਦਾ ਹੈ ਕਿ ਯੂਪੀ ’ਚ ਅਮਨ ਕਾਨੂੰਨ ਦੀ ਹਾਲਤ ਵਿਗੜ ਰਹੀ ਹੈ। -ਪੀਟੀਆਈ