ਹਲਕਾ ਸ੍ਰੀ ਆਨੰਦਪੁਰ ਸਾਹਿਬ ’ਚੋਂ ਕਾਂਗਰਸ ਪਾਰਟੀ ਦੀ ਤੀਜੀ ਹਾਰ – Punjabi Tribune

0
196


ਪੱਤਰ ਪ੍ਰੇਰਕ

ਸ੍ਰੀ ਆਨੰਦਪੁਰ ਸਾਹਿਬ, 4 ਜੂਨ

ਬੇਸ਼ੱਕ ਪੰਜਾਬ ਭਰ ਵਿੱਚ ਕਾਂਗਰਸ ਪਾਰਟੀ ਸੱਤ ਲੋਕ ਸਭਾ ਸੀਟਾਂ ਜਿੱਤ ਕੇ ਖ਼ੁਸ਼ੀ ਮਨਾ ਰਹੀ ਹੈ ਪਰ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਨੂੰ ਬਚਾਉਣ ’ਚ ਕਾਂਗਰਸ ਪਾਰਟੀ ਕਾਮਯਾਬ ਨਹੀਂ ਹੋ ਸਕੀ ਹੈ। ਇਸ ਵਿਧਾਨ ਸਭਾ ਹਲਕੇ ’ਚੋਂ 15 ਸਾਲਾਂ ’ਚ ਕਾਂਗਰਸ ਨੂੰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈੈ।

ਜਾਣਕਾਰੀ ਅਨੁਸਾਰ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਜਿੱਥੋਂ ਕਾਂਗਰਸ ਪਾਰਟੀ ਨੇ ਮੁੱਖ ਮੰਤਰੀ, ਰਾਜ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਵੀ ਦਿੱਤੇ ਹਨ ਅੱਜ ਉਸ ਵਿਧਾਨ ਸਭਾ ਹਲਕੇ ’ਚ ਕਾਂਗਰਸ ਪਾਰਟੀ ਆਪਣਾ ਗੜ੍ਹ ਬਚਾਉਣ ’ਚ ਲਗਾਤਾਰ ਅਸਫਲ ਹੁੰਦੀ ਜਾ ਰਹੀ ਹੈ। ਕਾਂਗਰਸ ਦਾ ਵੋਟ ਬੈਂਕ 45.61 ਫ਼ੀਸਦੀ ਤੋਂ ਘਟ ਕੇ 26.52 ਫ਼ੀਸਦੀ ਤੱਕ ਆ ਗਿਆ ਹੈ।

ਜ਼ਿਕਰਯੋਗ ਹੈ ਕਿ ਸਾਲ 2009 ਵਿੱਚ ਰਵਨੀਤ ਬਿੱਟੂ ਨੂੰ ਮਿਲੀ ਜਿੱਤ ਤੋਂ ਬਾਅਦ ਸਾਰੀਆਂ ਹੀ ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਉਮੀਦਵਾਰਾਂ ਨੂੰ ਹਾਰ ਮਿਲੀ ਹੈ। ਦੱਸਣਾ ਬਣਦਾ ਹੈ ਕਿ ਸਾਲ 2014 ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਕਾਂਗਰਸੀ ਉਮੀਦਵਾਰ ਅੰਬਿਕਾ ਸੋਨੀ ਹਾਰ ਗਏ ਸਨ। ਸਾਲ 2019 ਦੌਰਾਨ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਕਾਂਗਰਸੀ ਉਮੀਦਵਾਰ ਮਨੀਸ਼ ਤੀਵਾੜੀ ਹਾਰ ਗਏ ਸਨ।

ਸਾਲ 2024 ਦੌਰਾਨ ‘ਆਪ’ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਪਹਿਲੇ ਨੰਬਰ ’ਤੇ ਆਏ ਹਨ ਜਦੋਂਕਿ ਭਾਜਪਾ ਦੇ ਸੁਭਾਸ਼ ਸ਼ਰਮਾ ਦੂਜੇ ਤੇ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਤੀਜੇ ਸਥਾਨ ’ਤੇ ਰਹੇ ਹਨ।



News Source link