ਸੰਭਲ (ਉੱਤਰ ਪ੍ਰਦੇਸ਼), 23 ਫਰਵਰੀ
ਸੰਭਲ ਵਿੱਚ ਪਿਛਲੇ ਸਾਲ ਹੋਈਆਂ ਹਿੰਸਕ ਘਟਨਾਵਾਂ ਨੂੰ ਲੈ ਕੇ ਪ੍ਰਸ਼ਾਸਨ ਸ਼ਹਿਰ ਦੀ ਸੁਰੱਖਿਆ ਲਈ ਸੰਵੇਦਨਸ਼ੀਲ ਖੇਤਰਾਂ ਸਣੇ 127 ਥਾਵਾਂ ’ਤੇ 300 ‘ਕਲੋਜ਼ ਸਰਕਟ ਟੈਲੀਵਿਜ਼ਨ’ (ਸੀਸੀਟੀਵੀ) ਕੈਮਰੇ ਲਗਾਉਣ ਜਾ ਰਿਹਾ ਹੈ। ਇਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨੀ ਭੂਸ਼ਨ ਤਿਵਾੜੀ ਨੇ ਦੱਸਿਆ ਕਿ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਤਹਿਤ ਦੋ ਕਰੋੜ ਰੁਪਏ ਦੇ ਸੀਸੀਟੀਵੀ ਕੈਮਰੇ ਨਿਗਰਾਨੀ ਲਈ ਸ਼ਹਿਰ ਭਰ ਵਿੱਚ ਲਗਾਏ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 24 ਨਵੰਬਰ ਨੂੰ ਸੰਭਲ ਦੇ ਕੋਟ ਗਰਵੀ ਇਲਾਕੇ ਵਿੱਚ ਮੁਗਲਕਾਲ ਦੀ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ ਭੜਕ ਗਈ ਜਿਸ ਵਿੱਚ ਗੋਲੀ ਲੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਯਕੀਨੀ ਬਣਾਉਣ ਅਤੇ ਭਵਿੱਖ ਵਿੱਚ ਹੋਣ ਵਾਲੀ ਕਿਸੇ ਵੀ ਘਟਨਾ ’ਤੇ ਪ੍ਰਭਾਵੀ ਢੰਗ ਨਾਲ ਨਿਗਰਾਨੀ ਰੱਖਣ ਲਈ ਇਸ ਯੋਜਨਾ ਦੀ ਤਜਵੀਜ਼ ਰੱਖੀ ਹੈ। ਤਿਵਾੜੀ ਨੇ ਕਿਹਾ ਕਿ ਪਹਿਲਾਂ ਤੋਂ ਸਥਾਪਤ ਸੀਸੀਟੀਵੀ ਕੈਮਰਿਆਂ ਨੇ ਸ਼ਰਾਰਤੀ ਅਨਸਰਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ ਹੈ।
ਅਧਿਕਾਰੀ ਨੇ ਕਿਹਾ ਕਿ ਸ਼ਹਿਰ ਭਰ ਵਿੱਚ 127 ਥਾਵਾਂ ’ਤੇ ਨਵੇਂ ਸੀਸੀਟੀਵੀ ਕੈਮਰੇ ਸੁਰੱਖਿਆ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨਗੇ ਅਤੇ ਇਸ ਨਾਲ ਆਵਾਜਾਈ ਪ੍ਰਬੰਧਨ, ਕਾਨੂੰਨ ਐਨਫੋਰਸਮੈਂਟ ਅਤੇ ਜਨਤਕ ਸੁਰੱਖਿਆ ਵਿੱਚ ਵਾਧਾ ਹੋਣ ਦੀ ਆਸ ਹੈ, ਖ਼ਾਸ ਕਰ ਕੇ ਝਪਟਮਾਰੀ ਨੂੰ ਰੋਕਣ ਤੇ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਕੈਮਰੇ ਮੁੱਖ ਐਂਟਰੀ ਪੁਆਇੰਟਾਂ ਅਤੇ ਨਿਕਾਸੀ ਪੁਆਇੰਟਾਂ, ਸੰਵੇਦਨਸ਼ੀਲ ਖੇਤਰਾਂ ਅਤੇ ਪ੍ਰਮੁੱਖ ਚੌਕਾਂ ’ਤੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ‘ਵੁਆਇਸ ਕੰਟਰੋਲਰ’ ਨੂੰ ਸਿਸਟਮ ਵਿੱਚ ਏਕੀਕ੍ਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, ‘‘ਕੈਮਰਿਆਂ ਦੇ ਕੰਟਰੋਲ ਤੇ ਨਿਗਰਾਨੀ ਦੇ ਕੰਮ ਦਾ ਸੰਚਾਲਨ ਦੋ ਕੇਂਦਰੀਕ੍ਰਿਤ ਕੰਟਰੋਲ ਰੂਮਾਂ ਰਾਹੀਂ ਕੀਤਾ ਜਾਵੇਗਾ। ਇਕ ਕਮਰੇ ਤੋਂ ਸੰਚਾਲਨ ਵਧੀਕ ਐੱਸਪੀ ਦੀ ਦੇਖਰੇਖ ਵਿੱਚ ਹੋਵੇਗਾ ਜਦਕਿ ਦੂਜੇ ਕਮਰੇ ਦਾ ਸੰਚਾਲਨ ਪੁਲੀਸ, ਨਗਰ ਨਿਗਮ ਦੇ ਅਧਿਕਾਰੀਆਂ ਅਤੇ ਰੱਖ ਰਖਾਓ ਲਈ ਜ਼ਿੰਮੇਵਾਰ ਏਜੰਸੀਆਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਵੇਗਾ।’’ -ਪੀਟੀਆਈ