ਜੋਗਿੰਦਰ ਸਿੰਘ ਮਾਨ
ਮਾਨਸਾ, 27 ਜਨਵਰੀ
ਗਣਤੰਤਰ ਦਿਵਸ ਮੌਕੇ ਸੀਵਰੇਜ ਦੇ ਮਾੜੇ ਸਿਸਟਮ ਤੋਂ ਅੱਕੇ ਮਾਨਸਾ ਸ਼ਹਿਰੀਆਂ ਨੇ ਹੱਥਾਂ ’ਚ ਤਰੰਗੇ ਝੰਡੇ ਫੜ ਕੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਿਰ ਕਰਦਿਆਂ ਸ਼ਹਿਰੀਆਂ ਨੇ ਕਿਹਾ ਕਿ ਬਦਲਾਅ ਦੀ ਰਾਜਨੀਤੀ ਦਾ ਨਾਅਰਾ ਦੇ ਕੇ ਸੱਤਾ ਵਿੱਚ ਆਈ ‘ਆਪ’ ਦੀ ਹਕੂਮਤ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਵਰਗੀ ਬਣਾ ਦਿੱਤੀ ਹੈ। ਰੋਸ ਮਾਰਚ ਦੀ ਅਗਵਾਈ ਕਰ ਰਹੇ ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਵਿਰੁੱਧ ਫੈਸਲਾਕੁਨ ਲੜਾਈ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਸੀਵਰੇਜ ਐਨਾ ਵਿਕਰਾਲ ਰੂਪ ਧਾਰ ਗਿਆ ਹੈ, ਜੇਕਰ ਇਸਦਾ ਕੋਈ ਜਲਦੀ ਹੱਲ ਨਾ ਕੀਤਾ ਗਿਆ ਤਾਂ ਮਾਨਸਾ ਸ਼ਹਿਰੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਸੋਸ਼ਲਿਸਟ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਸੀਪੀਆਈ ਦੇ ਆਗੂ ਕਾ ਕ੍ਰਿਸ਼ਨ ਚੌਹਾਨ, ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਆਗੂ ਕਾਰਾਜਵਿੰਦਰ ਸਿੰਘ ਰਾਣਾ, ਅਕਾਲੀ ਆਗੂ ਪ੍ਰੇਮ ਕੁਮਾਰ ਅਰੋੜਾ, ਹਨੀਸ਼ ਬਾਂਸਲ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸੁਧਾਰਾਂ ਦੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਤੋਂ ਸ਼ਹਿਰਾਂ, ਪਿੰਡਾਂ ਵਿੱਚ ਮੁੱਢਲੀਆਂ ਸਹੂਲਤਾਂ ਪੂਰੀਆਂ ਨਹੀਂ ਹੋਈਆਂ ਹਨ।
ਮਾਨਸਾ ਦੇ ਸਾਬਕਾ ਵਿਧਾਇਕਾਂ ਹਰਦੇਵ ਅਰਸ਼ੀ, ਨਾਜ਼ਰ ਮਾਨਸ਼ਾਹੀਆ, ਸੁਖਵਿੰਦਰ ਸਿੰਘ ਔਲਖ, ਏਪਵਾ ਆਗੂ ਜਸਵੀਰ ਕੌਰ ਨੱਤ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਸੀਵਰੇਜ ਦੇ ਪਾਣੀ ਲਈ ਠੋਸ ਪ੍ਰੋਜੈਕਟ ਬਣਾਇਆ ਜਾਵੇ। ਇਸ ਮੌਕੇ ਵਪਾਰ ਮੰਡਲ ਦੇ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਕਰਿਆਣਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ, ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਅਰਸ਼ਦੀਪ ਸਿੰਘ ਗਾਗੋਵਾਲ, ਭਗਵੰਤ ਸਿੰਘ ਸਮਾਓ, ਵਿਸ਼ਵਦੀਪ ਬਰਾੜ, ਨਰਿੰਦਰ ਸ਼ਰਮਾ, ਹਰਜੀਵਨ ਸਰਾਂ, ਰਾਮ ਕ੍ਰਿਸ਼ਨ ਚੁੱਘ, ਜਤਿੰਦਰ ਆਗਰਾ ਨੇ ਵੀ ਸੰਬੋਧਨ ਕੀਤਾ।
The post ਸੀਵਰੇਜ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਮਾਨਸਾ ਵਾਸੀਆਂ ਵੱਲੋਂ ਮਾਰਚ appeared first on Punjabi Tribune.