ਸਿਹਤ ਸੇਵਾਵਾਂ ਦੇ ਖੇਤਰ ’ਚ ਤੇਜ਼ੀ ਨਾਲ ਅੱਗੇ ਵਧ ਰਿਹੈ ਪੰਜਾਬ: ਕਟਾਰੀਆ – Punjabi Tribune

Must read


ਮਨੋਜ ਸ਼ਰਮਾ

ਬਠਿੰਡਾ, 19 ਅਪਰੈਲ

ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇੱਥੇ ਬਠਿੰਡਾ ਏਮਸ ਵਿੱਚ ਯੂਰੋਲੋਜੀ ਦੀ ਨੈਸ਼ਨਲ ਸੁਸਾਇਟੀ ਦੀ ਦੋ-ਰੋਜ਼ਾ ਵਰਕਸ਼ਾਪ ਦੇ ਉਦਘਾਟਨੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਕਟਾਰੀਆ ਨੇ ਕਿਹਾ,‘‘ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਖੇਤਰ ਵਿੱਚ ਪੰਜਾਬ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।’’ ਵਰਕਸ਼ਾਪ ’ਚ ਦੇਸ਼-ਵਿਦੇਸ਼ ’ਚੋਂ ਤਕਰੀਬਨ 350 ਡਾਕਟਰਾਂ ਵੱਲੋਂ 22 ਮਰੀਜ਼ਾਂ ਦੀ ਪੱਥਰੀ ਕੱਢਣ ਦੀ ਆਧੁਨਿਕ ਵਿਧੀ ਤੇ ਤਕਨਾਲੋਜੀ ਰਾਹੀਂ ਬਿਨਾਂ ਕਿਸੇ ਖਰਚ ਦੇ ਅਪਰੇਸ਼ਨ ਕੀਤੇ ਜਾਣਗੇ। ਰਾਜਪਾਲ ਨੇ ਆਪਣੇ ਸੰਬੋਧਨ ਦੌਰਾਨ ਇਸ ਸਮਾਗਮ ਨੂੰ ਪੰਜਾਬ ਲਈ ਮਾਣ ਵਾਲਾ ਪਲ ਕਰਾਰ ਦਿੱਤਾ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ ਦੇ ਪ੍ਰਸਿੱਧ ਯੂਰੋਲੋਜੀਕਲ ਮਾਹਿਰ ਗੁਰਦੇ ਦੀ ਪੱਥਰੀ ਦੀ ਸਰਜਰੀ ’ਚ ਮਹੱਤਵਪੂਰਨ ਪ੍ਰਗਤੀ ’ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੋਏ ਹਨ।

ਉਨ੍ਹਾਂ ਏਮਸ ਬਠਿੰਡਾ ਦੇ ਯੂਰੋਲੋਜੀ ਵਿਭਾਗ ਨੂੰ ਸਰਕਾਰੀ ਖੇਤਰ ਵਿੱਚ ਗੁਰਦੇ ਟ੍ਰਾਂਸਪਲਾਂਟੇਸ਼ਨ ਸੇਵਾਵਾਂ ਸ਼ੁਰੂ ਕਰਨ ਵਿੱਚ ਮੋਹਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇੱਥੇ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ। ਰਾਜਪਾਲ ਨੇ ਕਾਨਫਰੰਸ ਦੌਰਾਨ ਸਫ਼ਲ ਲਾਈਵ ਸਰਜਰੀਆਂ ਲਈ ਯੂਰੋਲੋਜੀਕਲ ਸੁਸਾਇਟੀ ਆਫ ਇੰਡੀਆ ਦੀ ਸ਼ਲਾਘਾ ਕੀਤੀ। ਕਟਾਰੀਆ ਨੇ ਸਾਰੇ ਨਾਗਰਿਕਾਂ ਨੂੰ ਨਸ਼ਾ ਮੁਕਤ ਪੰਜਾਬ ਲਈ ਸਮੂਹਿਕ ਤੌਰ ’ਤੇ ਯਤਨ ਕਰਨ ਦਾ ਸੱਦਾ ਦਿੱਤਾ ਅਤੇ ਨੌਜਵਾਨਾਂ ਦੀ ਰੱਖਿਆ ਤੇ ਪਾਲਣ-ਪੋਸ਼ਣ ਦੀ ਲੋੜ ’ਤੇ ਜ਼ੋਰ ਦਿੱਤਾ।

ਗੁਲਾਬ ਚੰਦ ਕਟਾਰੀਆ ਨੇ ਡਾਕਟਰਾਂ ਨੂੰ ਜਿੱਥੇ ਆਪਣੀ ਡਿਊਟੀ ਸੱਚੀ ਸੇਵਾ ਭਾਵਨਾ ਨਾਲ ਨਿਭਾਉਣ ਦੀ ਅਪੀਲ ਕੀਤੀ, ਉੱਥੇ ਹੀ ਡਾਕਟਰਾਂ ਵੱਲੋਂ ਕਰੋਨਾ ਕਾਲ ਦੌਰਾਨ ਦਿੱਤੀਆਂ ਨਿਰਵਿਘਨ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ.ਤਿਵਾੜੀ ਨੇ ਰਾਸ਼ਟਰ ਨਿਰਮਾਣ ਲਈ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਸਣੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਭਾਰਤ ਸਰਕਾਰ ਦੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਐੱਨਐੱਸਡੀਸੀ ਦੇ ਸਲਾਹਕਾਰ ਡਾ. ਸੰਦੀਪ ਸਿੰਘ ਕੌੜਾ ਨੇ ਸਵੈ-ਨਿਰਭਰ ਭਾਰਤ ਲਈ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਲਈ ਹੁਨਰ ਵਿਕਾਸ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਮੌਕੇ ਏਮਸ ਬਠਿੰਡਾ ਦੇ ਡਾਇਰੈਕਟਰ ਡਾ. ਮੀਨੂੰ ਸਿੰਘ, ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ. ਰਾਜੀਵ ਸੂਦ, ਯੂਰੋਲੋਜੀਕਲ ਸੁਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਡਾ. ਏਕੇ ਸਾਂਗਵਾਨ, ਸਕੱਤਰ ਡਾ. ਰਿਸ਼ੀ ਨਈਅਰ ਅਤੇ ਏਮਸ ਬਠਿੰਡਾ ਦੇ ਡੀਨ ਅਕਾਦਮਿਕ ਡਾ. ਅਖਿਲੇਸ਼ ਪਾਠਕ ਸਣੇ ਕਈ ਸ਼ਖ਼ਸੀਅਤਾਂ ਨੇ ਵਿਚਾਰ ਸਾਂਝੇ ਕੀਤੇ।

 



News Source link

- Advertisement -

More articles

- Advertisement -

Latest article