ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 27 ਮਾਰਚ
ਇਥੋਂ ਦੇ ਮੁੱਖ ਚੌਕ ਵਿੱਚ ਲਗਪਗ 10 ਸਾਲ ਬਾਅਦ ਨਵੀਆਂ ਬੱਤੀਆਂ ਲਾ ਕੇ ਆਵਾਜਾਈ ਨੂੰ ਕੰਟਰੋਲ ਕਰਨ ਦੀਆਂ ਜੋ ਖੁਸ਼ੀਆਂ ਪ੍ਰਸਾਸ਼ਨ ਨੇ ਰਾਹਗੀਰਾਂ ਦੇ ਮਨਾਂ ਵਿੱਚ ਪੈਦਾ ਕੀਤੀਆਂ ਸੀ ਉਹ 10 ਦਿਨ ਵੀ ਕਾਇਮ ਨਹੀਂ ਰਹਿ ਸਕੀਆਂ। ਬੱਤੀਆਂ ਬੰਦ ਹੋਣ ਕਾਰਨ ਆਵਾਜਾਈ ਦਾ ਫਿਰ ਓਹੀ ਹਾਲ ਹੋ ਗਿਆ ਹੈ ਜੋ ਪਿਛਲੇ 10 ਸਾਲਾਂ ਤੋਂ ਸੀ। ਜਾਣਕਾਰੀ ਅਨੁਸਾਰ ਕੋਟਕਪੂਰਾ ਦਾ ਮੁੱਖ ਚੌਕ ਦੋ ਹਾਈਵੇਅ ਫ਼ਰੀਦਕੋਟ ਬਠਿੰਡਾ ਅਤੇ ਲੁਧਿਆਣਾ ਗੰਗਾਨਗਰ ਨਾਲ ਬਣਦਾ ਹੈ। ਇਸ ਚੌਕ ਤੋਂ ਵੱਖ-ਵੱਖ ਦਿਸ਼ਾਵਾਂ ਨੂੰ ਜਾਂਦੀਆਂ ਸੜਕਾਂ 4 ਚਾਰ ਰਾਜਾਂ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਜੰਮੂ ਦੇ ਲੋਕਾਂ ਨੂੰ ਵੀ ਆਪਸ ਵਿੱਚ ਜੋੜਦੀਆਂ ਹਨ। ਕਰੀਬ 4 ਦਹਾਕੇ ਪਹਿਲਾਂ ਕੋਟਕਪੂਰਾ ਦਾ ਮੁੱਖ ਚੌਕ ਆਵਾਜਾਈ ਵਧਣ ਕਰਕੇ ਖੁੱਲ੍ਹਾ ਕੀਤਾ ਗਿਆ ਸੀ ਅਤੇ ਇਥੇ ਲੱਗਾ ਆਕਰਸ਼ਿਤ ਫੁਹਾਰਾ ਢਾਹ ਕੇ ਇਥੇ ਬੱਤੀਆਂ ਲਾ ਦਿੱਤੀਆਂ ਸੀ। ਕੁਝ ਸਾਲ ਬੱਤੀਆਂ ਕੰਮ ਕਰਦੀਆਂ ਰਹੀਆਂ ਪਰ ਪਿਛਲੇ 10 ਸਾਲਾਂ ਤੋਂ ਬੰਦੀਆਂ ਬੰਦ ਸਨ ਅਤੇ ਆਵਾਜਾਈ ਜਾਮ ਵਿੱਚ ਬਦਲੀ ਰਹਿੰਦੀ ਸੀ। ਲੋਕਾਂ ਦੀ ਮੰੰਗ ’ਤੇ ਨਗਰ ਕੌਂਸਲ ਕੋਟਕਪੂਰਾ ਨੇ ਹੁਣ ਫਿਰ 6 ਲੱਖ ਰੁਪਏ ਦੇ ਕਰੀਬ ਖਰਚਾ ਕਰਕੇ ਨਵੀਆਂ ਬੱਤੀਆਂ ਲਾ ਦਿੱਤੀਆਂ ਜੋ ਕਿ 10 ਕੁ ਦਿਨ ਚੱਲਣ ਪਿਛੋਂ ਬੰਦ ਹੋ ਗਈਆਂ ਹਨ। ਕੋਟਕਪੂਰਾ ਵਾਸੀ ਪ੍ਰੇਮ ਕੁਮਾਰ ਨੇ ਦੱਸਿਆ ਕਿ ਦੁਬਾਰਾ ਬੱਤੀਆਂ ਲੱਗਣ ਨਾਲ ਲੋਕ ਕਾਫੀ ਖੁਸ਼ ਹੋਏ ਸਨ ਕਿ ਹੁਣ ਇੱਕ ਵਾਰ ਫਿਰ ਉਨ੍ਹਾਂ ਨੂੰ ਸ਼ਹਿਰ ਵਿੱਚ ਲੱਗਦੇ ਜਾਮ ਤੋਂ ਰਾਹਤ ਮਿਲੇਗੀ, ਪਰ ਇਹ ਖੁਸ਼ੀਆਂ ਜ਼ਿਆਦਾ ਦੇਰ ਤਕ ਕਾਇਮ ਨਹੀਂ ਰਹੀਆਂ। ਉਨ੍ਹਾਂ ਦੱਸਿਆ ਕਿ ਥੋੜ੍ਹੇ ਦਿਨ ਮਗਰੋਂ ਹੀ ਇਹ ਬੰਦ ਹੋ ਗਈਆਂ ਅਤੇ ਪੁੱਛਣ ’ਤੇ ਕੋਈ ਤਕਨੀਕੀ ਖਰਾਬੀ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਫਿਰ ਹੁਣ ਉਹੀ ਜਾਮ ਵਿੱਚ ਫਸਣ ਲਈ ਮਜਬੂਰ ਹੋ ਰਹੇ ਹਨ।
ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੱਗੂ ਨੇ ਦੱਸਿਆ ਕਿ ਬੱਤੀਆਂ ਨੂੰ ਆਰਜ਼ੀ ਤੌਰ ’ਤੇ ਚਲਾਇਆ ਗਿਆ ਸੀ ਅਤੇ ਹਾਲੇ ਇਸ ਦੀ ਸੈਟਿੰਗ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲੀਸ ਵਾਲਿਆਂ ਨੇ ਵੀ ਧਿਆਨ ਵਿੱਚ ਲਿਆਂਦਾ ਸੀ ਕਿ ਲੋਕਾਂ ਨੂੰ ਬੱਤੀਆਂ ਦਾ ਵਿਊ ਠੀਕ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਬੱਤੀਆਂ ਲਾਉਣ ਵਾਲੀ ਕੰਪਨੀ ਨੂੰ ਲਿਖਿਆ ਗਿਆ ਹੈ ਕਿ ਤਰੁੰਤ ਇਨ੍ਹਾਂ ਨੂੰ ਠੀਕ ਕਰਕੇ ਚਲਾਉਣ।