Jammu And Kashmir CM Wedding: ਸਿਆਸੀ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹਰ ਪਾਸੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪੱਤਰਕਾਰ ਨਿਧੀ ਰਾਜ਼ਦਾਨ ਨਾਲ ਵਿਆਹ ਕਰਵਾ ਲਿਆ ਹੈ। ਉਨ੍ਹਾਂ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਆਹ ਦੀ ਜਾਣਕਾਰੀ ਸਾਂਝੀ ਕੀਤੀ। ਉਮਰ ਅਬਦੁੱਲਾ ਨੇ ਇੰਸਟਾਗ੍ਰਾਮ ’ਤੇ ਨਿਧੀ ਰਾਜ਼ਦਾਨ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਕੱਲ੍ਹ ਤੋਂ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੋਈ।” ਇਸ ਪੋਸਟ ਵਿੱਚ ਉਨ੍ਹਾਂ ਨੇ ਨਿਧੀ ਰਾਜ਼ਦਾਨ ਨੂੰ ਵੀ ਟੈਗ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਵੀ ਆਪਣੇ ਵਿਆਹ ਦੀ ਪੁਸ਼ਟੀ ਕੀਤੀ।
ਪਹਿਲੀ ਪਤਨੀ ਤੋਂ ਤਲਾਕ ਦੀ ਮਨਜ਼ੂਰੀ ਮਿਲਣ ਤੋਂ ਕਰੀਬ 3 ਮਹੀਨੇ ਬਾਅਦ ਵਿਆਹ
ਉਮਰ ਅਬਦੁੱਲਾ ਨੇ ਵਿਆਹ ਤੋਂ ਅਗਲੇ ਦਿਨ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਇ ਬਾਰੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਹ ਖ਼ਬਰ ਚਰਚਾ ਦਾ ਵਿਸ਼ਾ ਬਣ ਗਈ। ਇਹ ਵਿਆਹ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਅਬਦੁੱਲਾ ਤੋਂ ਤਲਾਕ ਨੂੰ ਮਨਜ਼ੂਰੀ ਦਿੱਤੇ ਜਾਣ ਤੋਂ ਕਰੀਬ ਤਿੰਨ ਮਹੀਨੇ ਬਾਅਦ ਹੋਇਆ ਹੈ।
A new journey began yesterday 💍@Nidhi https://t.co/BXbdLq2d1H
— Omar Abdullah (@OmarAbdullah) October 31, 2026
ਦਰਅਸਲ, ਮੁੱਖ ਮੰਤਰੀ ਉਮਰ ਅਬਦੁੱਲਾ 56 ਸਾਲ ਦੇ ਹਨ, ਜਦੋਂ ਕਿ ਨਿਧੀ ਰਾਜ਼ਦਾਨ 49 ਸਾਲ ਦੀ ਹੈ। ਨਿਧੀ ਰਾਜ਼ਦਾਨ ਉਮਰ ਅਬਦੁੱਲਾ ਤੋਂ 7 ਸਾਲ ਛੋਟੀ ਹੈ, ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ।
ਜੁਲਾਈ ਵਿੱਚ ਸੁਪਰੀਮ ਕੋਰਟ ਨੇ ਵਿਆਹ ਖ਼ਤਮ ਕਰਨ ਦਾ ਦਿੱਤਾ ਸੀ ਹੁਕਮ
ਦੱਸ ਦੇਈਏ ਕਿ 31 ਜੁਲਾਈ 2026 ਨੂੰ ਸੁਪਰੀਮ ਕੋਰਟ ਨੇ ਉਮਰ ਅਬਦੁੱਲਾ ਅਤੇ ਪਾਇਲ ਅਬਦੁੱਲਾ ਦੇ ਵਿਆਹ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ ਸੀ। ਸੁਣਵਾਈ ਦੌਰਾਨ ਦੋਵਾਂ ਧਿਰਾਂ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਆਪਸੀ ਸਹਿਮਤੀ ਨਾਲ ਵਿਆਹੁਤਾ ਰਿਸ਼ਤਾ ਖ਼ਤਮ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਦੋਵਾਂ ਨੇ ਲੰਬਿਤ ਵਿਵਾਦਾਂ ਨੂੰ ਸੁਲਝਾਉਣ ਅਤੇ ਇੱਕ-ਦੂਜੇ ਖ਼ਿਲਾਫ਼ ਦਰਜ ਮਾਮਲੇ ਵਾਪਸ ਲੈਣ ’ਤੇ ਵੀ ਸਹਿਮਤੀ ਜਤਾਈ ਸੀ।
ਸੰਵਿਧਾਨ ਦੀ ਧਾਰਾ 142 ਤਹਿਤ ਮੰਗਿਆ ਸੀ ਤਲਾਕ
ਇਹ ਮਾਮਲਾ ਸੁਪਰੀਮ ਕੋਰਟ ਵਿੱਚ ਉਸ ਸਮੇਂ ਪਹੁੰਚਿਆ ਸੀ, ਜਦੋਂ ਉਮਰ ਅਬਦੁੱਲਾ ਨੇ ਦਿੱਲੀ ਹਾਈ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿੱਚ ਉਨ੍ਹਾਂ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਦੋਵਾਂ ਨੇ ਸੰਵਿਧਾਨ ਦੀ ਧਾਰਾ 142 ਤਹਿਤ ਆਪਸੀ ਸਹਿਮਤੀ ਨਾਲ ਤਲਾਕ ਦੇਣ ਦੀ ਮੰਗ ਕਰਦਿਆਂ ਸਾਂਝੀ ਅਰਜ਼ੀ ਦਾਇਰ ਕੀਤੀ ਸੀ।
ਦੋਵਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਮਰ ਅਤੇ ਪਾਇਲ ਨੇ ਆਪਣੇ ਮਤਭੇਦ ਸੁਲਝਾ ਲਏ ਹਨ ਅਤੇ ਉਹ ਸਾਰੇ ਵਿਵਾਦ ਆਪਸੀ ਸਹਿਮਤੀ ਨਾਲ ਖ਼ਤਮ ਕਰਨ ਲਈ ਤਿਆਰ ਹਨ।
1994 ਵਿੱਚ ਹੋਇਆ ਸੀ ਉਮਰ ਅਤੇ ਪਾਇਲ ਦਾ ਵਿਆਹ
ਉਮਰ ਅਬਦੁੱਲਾ ਅਤੇ ਪਾਇਲ ਅਬਦੁੱਲਾ ਦਾ ਵਿਆਹ ਸਾਲ 1994 ਵਿੱਚ ਹੋਇਆ ਸੀ। ਦੋਵਾਂ ਦੀ ਮੁਲਾਕਾਤ ਦਿੱਲੀ ਦੇ ਓਬਰਾਏ ਹੋਟਲ ਵਿੱਚ ਕੰਮ ਕਰਨ ਦੌਰਾਨ ਹੋਈ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਦੇ ਨਾਮ ਜ਼ਹੀਰ ਅਤੇ ਜ਼ਮੀਰ ਹਨ। ਦੋਵੇਂ ਸਾਲ 2009 ਤੋਂ ਵੱਖ ਰਹਿ ਰਹੇ ਸਨ। ਉਮਰ ਅਬਦੁੱਲਾ ਨੇ ਸਾਲ 2011 ਵਿੱਚ ਜਨਤਕ ਤੌਰ ’ਤੇ ਆਪਣੇ ਵੱਖ ਹੋਣ ਦੀ ਜਾਣਕਾਰੀ ਦਿੱਤੀ ਸੀ। ਸੁਪਰੀਮ ਕੋਰਟ ਨੇ ਵੀ ਸੁਣਵਾਈ ਦੌਰਾਨ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਤੋਂ ਵੱਖ ਰਹਿ ਰਹੇ ਹਨ।