ਚਰਨਜੀਤ ਭੁੱਲਰ
ਚੰਡੀਗੜ੍ਹ, 6 ਮਾਰਚ
ਕੀ ਪੰਜਾਬ ਕਾਂਗਰਸ ’ਚ ‘ਸਭ ਅੱਛਾ’ ਨਹੀਂ ਹੈ। ਅਚਨਚੇਤ ਅੱਜ ਸੀਨੀਅਰ ਕਾਂਗਰਸੀ ਆਗੂਆਂ ਦੇ ਬੋਲਣ ਤੋਂ ਨਵੇਂ ਸ਼ੰਕਿਆਂ ਦਾ ਜਨਮ ਹੋਇਆ ਹੈ। ਹਾਲਾਂਕਿ ਇਹ ਕਾਂਗਰਸੀ ਆਗੂੂ ਪਾਰਟੀ ਦੀ ਇੱਕਜੁਟਤਾ ਦੀ ਗੱਲ ਕਰ ਰਹੇ ਹਨ ਪਰ ਚਰਚੇ ਹਨ ਕਿ ਬਿਨਾਂ ਅੱਗ ਤੋਂ ਧੂੰਆਂ ਨਹੀਂ ਉੱਠਦਾ। ਕਾਂਗਰਸ ਦੇ ਪੰਜਾਬ ਇੰਚਾਰਜ ਭੂਪੇਸ਼ ਬਘੇਲ ਲਈ ਇਹ ਵੱਡੀ ਚੁਣੌਤੀ ਹੋਵੇਗੀ ਕਿ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਕਿਵੇਂ ਇਕਸੁਰ ਕੀਤਾ ਜਾਵੇ।
ਇੰਚਾਰਜ ਭੂਪੇਸ਼ ਬਘੇਲ ਨੇ ਪੰਜਾਬ ਦਾ ਪਿਛਲੀ ਦਿਨੀਂ ਦੋ ਰੋਜ਼ਾ ਦੌਰਾ ਕੀਤਾ ਸੀ ਅਤੇ ਕਾਂਗਰਸੀ ਆਗੂਆਂ ਦੀ ਨਬਜ਼ ਵੀ ਟੋਹੀ ਸੀ। ਆਮ ਲੋਕਾਂ ’ਚ ਇਹੋ ਚਰਚਾ ਹੈ ਕਿ ਪ੍ਰਮੁੱਖ ਕਾਂਗਰਸੀ ਨੇਤਾ ਇੱਕਜੁਟ ਹੋ ਕੇ ਹੀ ਕਾਂਗਰਸ ਦੀ ਬੇੜੀ ਪਾਰ ਲਾ ਸਕਦੇ ਹਨ ਪਰ ਸਿਆਸੀ ਮਲਾਹ ਜ਼ਿਆਦਾ ਹਨ। ਵੱਡੀ ਸਮੱਸਿਆ ਇਹ ਹੈ ਕਿ ਪੰਜਾਬ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਜ਼ਿਆਦਾ ਹਨ ਜਦੋਂਕਿ ਮੁੱਖ ਮੰਤਰੀ ਦੀ ਕੁਰਸੀ ਇੱਕ ਹੈ। ਖ਼ਾਸ ਕਰਕੇ ਚੋਣਾਂ ਮੌਕੇ ਕਾਂਗਰਸ ’ਚ ਧੜੇਬੰਦੀ ਸਾਫ਼ ਤੌਰ ’ਤੇ ਨਜ਼ਰ ਆਉਂਦੀ ਰਹੀ ਹੈ।
ਅਹਿਮ ਸੂਤਰ ਦੱਸਦੇ ਹਨ ਕਿ ਕਾਂਗਰਸ ਦੇ ਨਵੇਂ ਇੰਚਾਰਜ ਕੋਲ ਪੰਜਾਬ ਕਾਂਗਰਸ ਦੇ ਅਹਿਮ ਆਗੂ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ ਅਤੇ ਉਸ ਨੇਤਾ ’ਤੇ ਹੇਠਲੇ ਆਗੂਆਂ ਨੇ ਕਈ ਤਰ੍ਹਾਂ ਦੇ ਦੋਸ਼ ਲਾਏ ਹਨ। ਜਦੋਂ ਇਹ ਮਾਮਲਾ ਅੱਜ ਤੂਲ ਫੜ ਗਿਆ ਤਾਂ ਉਸੇ ਵਕਤ ਨਵੇਂ ਇੰਚਾਰਜ ਨੂੰ ਬਿਆਨ ਜਾਰੀ ਕਰਨਾ ਪਿਆ। ਅਚਨਚੇਤ ਬਘੇਲ ਵੱਲੋਂ ‘ਐਕਸ’ ਉੱਤੇ ਸਾਂਝਾ ਕੀਤਾ ਬਿਆਨ ਕਈ ਸ਼ੰਕੇ ਖੜ੍ਹੇ ਕਰਦਾ ਹੈ।
ਪੰਜਾਬ ਦੇ ਬਹੁਤੇ ਕਾਂਗਰਸੀ ਨੇਤਾ ਪੰਜਾਬ ਕਾਂਗਰਸ ਦੀ ਇੱਕਜੁਟਤਾ ਦੀ ਦੁਹਾਈ ਪਾ ਰਹੇ ਹਨ। ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਮੁੜ ਕਿਹਾ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਤਾਂ ਸਭ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ। ਅੱਜ ਇਸੇ ਦੌਰਾਨ ਹੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਨੇਤਾਵਾਂ ਵਿਚ ਆਪਸੀ ਖਟਾਸ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਰਮਿਆਨ ਤਾਲਮੇਲ ਦੀ ਕੋਈ ਕਮੀ ਨਹੀਂ ਹੈ ਅਤੇ ਵਿਰੋਧੀ ਜਾਣ ਬੁੱਝ ਕੇ ਅਫ਼ਵਾਹਾਂ ਫੈਲਾ ਰਹੇ ਹਨ। ਸਿਆਸੀ ਮਾਹਿਰ ਆਖਦੇ ਹਨ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ।
ਪੰਜਾਬ ਕਾਂਗਰਸ ’ਚ ਹੁਣ ਤੋਂ ਦੌੜ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਲੱਗੀ ਹੋਈ ਹੈ। ਕਾਂਗਰਸ ਹਾਈਕਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟਾਂ ਦੇ ਕੇ ਹੁਣ ਸੰਸਦ ਮੈਂਬਰ ਬਣਾ ਦਿੱਤਾ ਹੈ। ਇਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਦੀ ਕੁਰਸੀ ’ਤੇ ਨਜ਼ਰ ਟਿਕਾਉਣ ਵਾਲਿਆਂ ਦੀ ਕਤਾਰ ਲੰਮੀ ਹੈ ਅਤੇ ਸਭ ਤੋਂ ਅੱਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਲੱਗੇ ਹੋਏ ਹਨ।
ਸਾਬਕਾ ਮੰਤਰੀ ਪਰਗਟ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਵੀ ਕਾਫ਼ੀ ਆਸਾਂ ਲਾਈ ਬੈਠੇ ਹਨ। ਜਿਹੜੇ ਸੀਨੀਅਰ ਕਾਂਗਰਸੀ ਆਗੂ ਸੰਸਦ ਮੈਂਬਰ ਬਣ ਗਏ ਹਨ, ਉਨ੍ਹਾਂ ਦੀ ਨਜ਼ਰ ਵੀ ਮੁੱਖ ਮੰਤਰੀ ਦੀ ਕੁਰਸੀ ’ਤੇ ਹੀ ਟਿਕੀ ਹੋਈ ਹੈ। ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਦਲਣ ਦੇ ਚਰਚੇ ਚੱਲਦੇ ਰਹੇ ਹਨ ਪਰ ਭੂਪੇਸ਼ ਬਘੇਲ ਨੇ ਇਸ ਤੋਂ ਇਨਕਾਰ ਕੀਤਾ ਹੈ।
ਕਾਂਗਰਸੀ ਨੇਤਾਵਾਂ ’ਚ ਬਿਹਤਰ ਤਾਲਮੇਲ ਹੈ: ਬਘੇਲ
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨੇ ਅੱਜ ‘ਐਕਸ’ ’ਤੇ ਬਿਆਨ ਸਾਂਝਾ ਕੀਤਾ ਹੈ ਜਿਸ ’ਚ ਉਨ੍ਹਾਂ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰਨਾਂ ਸੀਨੀਅਰ ਆਗੂਆਂ ਦਰਮਿਆਨ ਤਾਲਮੇਲ ਪ੍ਰਸ਼ੰਸਾਯੋਗ ਹੈ ਅਤੇ ਆਉਣ ਵਾਲੇ ਸਮੇਂ ’ਚ ਇਹ ਤਾਲਮੇਲ ਦੂਸਰੇ ਸੂਬਿਆਂ ਲਈ ਵੀ ਉਦਾਹਰਣ ਬਣੇਗਾ। ਉਨ੍ਹਾਂ ਆਪਣੀ ਪੰਜਾਬ ਫੇਰੀ ਮੌਕੇ ਕਿਹਾ ਸੀ ਕਿ ਪੰਜਾਬ ਕਾਂਗਰਸ ’ਚ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਂਜ, ਉਨ੍ਹਾਂ ਦੇ ਦੌਰੇ ਮੌਕੇ ਸਾਬਕਾ ਮੰਤਰੀ ਨਵਜੋਤ ਸਿੱਧੂ ਕਿਧਰੇ ਨਜ਼ਰ ਨਹੀਂ ਆਏ ਸਨ।