ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਅਪਰੈਲ
ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਕਾਉਂਕੇ ਕਲਾਂ ਤੇ ਡੱਲਾ ਦੇ ਸਕੂਲਾਂ ਵਿੱਚ ਤਿਆਰ ਹੋ ਚੁੱਕੇ ਪ੍ਰਾਜੈਕਟਾਂ ਦੇ ਉਦਘਾਟਨ ਕੀਤੇ। ਪਿੰਡ ਕਾਉਂਕੇ ਕਲੋਨੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬਾਥਰੂਮਾਂ, ਨਵੀਂ ਚਾਰਦੀਵਾਰੀ ਦਾ ਉਦਘਾਟਨ ਕਰਨ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਉਂਕੇ-2 ਵਿਖੇ ਸਕੂਲ ਦੀ ਸਵਾ ਤਿੰਨ ਲੱਖ ਕੀਤੀ ਚਾਰਦੀਵਾਰੀ ਦਾ ਉਦਘਾਟਨ ਕੀਤਾ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਉਂਕੇ ਕਲਾਂ ਵਿੱਚ ਵਿਦਿਆਰਥੀਆਂ ਦੀ ਸਹੂਲਤ ਲਈ ਢਾਈ ਲੱਖ ਨਾਲ ਬਣੇ ਬਾਥਰੂਮਾਂ ਅਤੇ ਲਾਇਬ੍ਰੇਰੀ ਦਾ ਵੀ ਵਿਧਾਇਕਾ ਮਾਣੂੰਕੇ ਉਦਘਾਟਨ ਕੀਤਾ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਖੇ ਵਿਕਲਾਂਗ ਬੱਚਿਆਂ ਲਈ ਦੋ ਲੱਖ ਰੁਪਏ ਦੀ ਲਾਗਤ ਨਾਲ ਬਣੇ ਬਾਥਰੂਮ, ਢਾਈ ਲੱਖ ਕੀਤੀ ਚਾਰਦੀਵਾਰੀ ਅਤੇ ਡੇਢ ਲੱਖ ਨਾਲ ਬਣੇ ਬਾਸਕਟਬਾਲ ਗਰਾਊਂਡ ਵਿਦਿਆਰਥੀਆਂ ਦੇ ਹਵਾਲੇ ਕੀਤੇ। ਇਸ ਸਮੇਂ ਵਿਧਾਇਕਾ ਮਾਣੂੰਕੇ ਨੇ ਅਖਿਆ ਕਿ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜੰਗੀ ਪੱਧਰ ’ਤੇ ਉਪਰਾਲੇ ਕਰ ਰਹੀ ਹੈ ਅਤੇ ਸਕੂਲਾਂ ਦੇ ਪ੍ਰਾਜੈਕਟਾਂ ਦੇ ਸਾਰੇ ਕੰਮ ਮੁਕੰਮਲ ਹੋਣ ਉਪਰੰਤ ਉਦਘਾਟਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਮੌਕੇ ਸਿੱਖਿਆ ਦਾ ਬਜਟ ਕੇਵਲ ਪੰਜ ਫ਼ੀਸਦ ਹੁੰਦਾ ਸੀ ਪਰੰਤੂ ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਵਲੋਂ ਸਿੱਖਿਆ ਦਾ ਬਜਟ ਵਧਾ ਕੇ ਅਠਾਰਾਂ ਫ਼ੀਸਦ ਕਰ ਦਿੱਤਾ ਗਿਆ ਹੈ। ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਨੂੰ ਵੇਖ ਕੇ ਇਸ ਵਾਰ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ 8905 ਵਿਦਿਆਰਥੀਆਂ ਨੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲਿਆ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਆਖਿਆ ਕਿ ਉਹ ਇਸ ਗੱਲ ਦੀ ਪਰਖ ਜ਼ਰੂਰ ਕਰਨ ਕਿ ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਅਧਿਆਪਕ ਵੱਧ ਤਜ਼ਰਬੇ ਵਾਲੇ ਹਨ।
ਇਸ ਮੌਕੇ ਪ੍ਰਿੰਸੀਪਲ ਰੁਪਿੰਦਰ ਕੌਰ ਗਿੱਲ, ਬੀਪੀਈਓ ਸੁਖਦੇਵ ਸਿੰਘ ਹਠੂਰ, ਪ੍ਰਿੰਸੀਪਲ ਦਲਜੀਤ ਕੌਰ, ਪ੍ਰਿੰਸੀਪਲ ਹਰਜਿੰਦਰ ਕੌਰ ਤੋਂ ਇਲਾਵਾ ਮਾਰਕੀਟ ਕਮੇਟੀ ਹਠੂਰ ਦੇ ਚੇਅਰਮੈਨ ਕਰਮਜੀਤ ਸਿੰਘ ਡੱਲਾ, ਸਰਪੰਚ ਪਾਲੀ ਡੱਲਾ, ਅਮਰਦੀਪ ਸਿੰਘ ਟੂਰੇ, ਪਰਮਿੰਦਰ ਸਿੰਘ, ਸਰਪੰਚ ਚਰਨਜੀਤ ਕੌਰ ਕਾਉਂਕੇ ਕਲਾਂ, ਜਗਰੂਪ ਸਿੰਘ ਟਾਰਜਨ, ਸੁਖਦੇਵ ਸਿੰਘ ਕਾਉਂਕੇ, ਸਕੂਲ ਮੁਖੀ ਜਗਤਾਰ ਸਿੰਘ, ਬਲਜੀਤ ਕੌਰ, ਮੈਡਮ ਮੁਕਤਾ, ਪਰਮਿੰਦਰ ਸਿੰਘ ਪੰਮਾ, ਨਰਿੰਦਰਪਾਲ ਕੌਰ ਡੱਲਾ, ਐਡਵੋਕੇਟ ਰੁਪਿੰਦਰ ਸਿੰਘ ਸਰਾਂ, ਸਾਬਕਾ ਸਰਪੰਚ ਨਿਰਮਲ ਸਿੰਘ ਧੀਰਾ ਤੇ ਹੋਰ ਮੌਜੂਦ ਸਨ।