ਪਠਾਨਕੋਟ, 22 ਫਰਵਰੀ
ਰਣਜੀਤ ਸਾਗਰ ਡੈਮ ਪ੍ਰਾਜੈਕਟ ਅਤੇ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਨਿਰੀਖਣ ਰਾਵੀ-ਬਿਆਸ ਜਲ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਵਿਨੀਤ ਸਰਨ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ। ਚੇਅਰਮੈਨ ਜਸਟਿਸ ਵਿਨੀਤ ਸਰਨ ਦੇ ਨਾਲ ਜਸਟਿਸ ਪੀ. ਨਵੀਨ ਰਾਓ ਮੈਂਬਰ, ਜਸਟਿਸ ਸੁਮਨ ਸ਼ਿਆਮ ਮੈਂਬਰ, ਰੀਟਾ ਚੋਪੜਾ ਰਜਿਸਟਰਾਰ, ਹਰਮੀਤ ਸਚਦੇਵਾ ਪੀਪੀਐਸ ਟੂ ਚੇਅਰਮੈਨ ਅਤੇ ਆਸ਼ੀਸ਼ ਮਦਾਨ ਕਾਨੂੰਨੀ ਸਹਾਇਕ ਪੁੱਜੇ ਹੋਏ ਸਨ। ਇਨ੍ਹਾਂ ਤੋਂ ਇਲਾਵਾ ਜਲ ਸਰੋਤ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਆਈਏਐਸ, ਐਡਵੋਕੇਟ ਜਨਰਲ ਗੁਰਮਿੰਦਰ ਸਿੰਘ, ਏਓਆਰ ਜਗਜੀਤ ਸਿੰਘ ਚਾਵਲਾ, ਵਿਜੇ ਕੁਮਾਰ ਸ਼ੈਲੇਂਦਰ ਐਡਵੋਕੇਟ, ਰਮਨਪ੍ਰੀਤ ਸਿੰਘ, ਹਰਪ੍ਰਿਆ ਖਾਨੇਕਾ ਐਡਵੋਕੇਟ ਅਤੇ ਕੇਂਦਰੀ ਜਲ ਸਰੋਤ ਮੰਤਰਾਲੇ ਦੇ ਨਵੀਨ ਕੁਮਾਰ ਤੇ ਐੱਸਜੇਸੀ ਇੰਦੂ ਵਾਟਰ ਵਿੰਗ ਦੇ ਅਧਿਕਾਰੀ ਵੀ ਮੌਜੂਦ ਸਨ।
ਪੰਜਾਬ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਨੇ ਟ੍ਰਿਬਿਊਨਲ ਦੇ ਚੇਅਰਮੈਨ ਅਤੇ ਹੋਰ ਮੈਂਬਰਾਂ ਨੂੰ ਦੱਸਿਆ ਕਿ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਇਸ ਸਮੇਂ 392 ਮੀਟਰ ਤੱਕ ਪਹੁੰਚ ਗਿਆ ਹੈ, ਜਿਸ ਰਾਹੀਂ ਪੰਜਾਬ ਦੇ ਦਰਿਆਵਾਂ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿੱਚ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਹਪੁਰ ਕੰਢੀ ਡੈਮ ਦੇ ਨਿਰਮਾਣ ਤੋਂ ਬਾਅਦ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਵੱਲ ਨਹੀਂ ਜਾ ਸਕੇਗੀ ਅਤੇ ਰਾਵੀ ਦਰਿਆ ਦੇ ਪੂਰੇ ਪਾਣੀ ਦੀ ਸਹੀ ਵਰਤੋਂ ਕੀਤੀ ਜਾ ਸਕੇਗੀ।
ਟ੍ਰਿਬਿਊਨਲ ਨੇ ਜਾਣਕਾਰੀ ਪ੍ਰਾਪਤ ਕਰਨ ਬਾਅਦ ਕਿਹਾ ਕਿ ਉਹ ਆਪਣੀ ਪੂਰੀ ਰਿਪੋਰਟ ਕੇਂਦਰ ਸਰਕਾਰ ਨੂੰ ਦੇਣਗੇ। ਇਸ ਤੋਂ ਬਾਅਦ ਟ੍ਰਿਬਿਊਨਲ ਨੇ ਮਾਧੋਪੁਰ ਹੈਡਵਰਕਸ ਅਤੇ ਉਥੋਂ ਨਿਕਲਦੀ ਐੱਮਬੀ ਲਿੰਕ ਨਹਿਰ ਦਾ ਜਾਇਜ਼ਾ ਵੀ ਲਿਆ। ਇਸ ਮੌਕੇ ਡੈਮਜ਼ ਪ੍ਰਸ਼ਾਸਨ ਦੇ ਮੁੱਖ ਇੰਜੀਨੀਅਰ ਵਰਿੰਦਰ ਕੁਮਾਰ, ਐੱਸਡੀਐੱਮ ਪਠਾਨਕੋਟ ਅਰਸ਼ਦੀਪ ਸਿੰਘ, ਐਸਈ ਹਰਿੰਦਰਪਾਲ ਸਿੰਘ, ਐਸਈ ਕੁਲਵਿੰਦਰ ਸਿੰਘ, ਐਸਈ ਜਸਵੀਰ ਪਾਲ ਸਿੰਘ, ਐਸਈ ਪ੍ਰਬੋਧ ਚੰਦਰ, ਕਾਰਜਕਾਰੀ ਹੈੱਡਕੁਆਰਟਰ ਲਖਵਿੰਦਰ ਸਿੰਘ, ਕਾਰਜਕਾਰੀ ਨਿਤਿਨ ਸੂਦ ਅਤੇ ਕਈ ਹੋਰ ਅਧਿਕਾਰੀ ਵੀ ਹਾਜ਼ਰ ਸਨ।
