ਨਿੱਜੀ ਪੱਤਰ ਪ੍ਰੇਰਕ
ਸਿਰਸਾ, 19 ਮਈ
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੱਲੋਂ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਦੇ ਸਮਰਥਨ ’ਚ ਮੰਡੀ ’ਚ ਵਿਜੈ ਸੰਕਲਪ ਰੈਲੀ ’ਚ ਬਤੌਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣ ਤੋਂ ਪਹਿਲਾਂ ਅੱਜ ਕਾਂਡਾ ਭਰਾਵਾਂ ਵੱਲੋਂ ਸ਼ਹਿਰ ਵਿੱਚ ਬੁਲਡੋਜ਼ਰ ਰੈਲੀ ਕੀਤੀ ਗਈ। ਬੁਲਡੋਜ਼ਰਾਂ ’ਤੇ ਯੂਪੀ ਦੇ ਮੁੱਖ ਮੰਤਰੀ ਦੇ ਵੱਡੇ-ਵੱਡੇ ਕਟਆਊਟ ਲਗਾਏ ਗਏ ਸਨ। ਕਾਂਗਰਸ ਤੇ ਇਨੈਲੋ ਨੇ ਬੁਲਡੋਜ਼ਰ ਰੈਲੀ ’ਤੇ ਸੁਆਲ ਚੁੱਕੇ ਹਨ।
ਭਾਜਪਾ ਦੇ ਉਮੀਦਵਾਰ ਅਸ਼ੋਕ ਤੰਵਰ ਵੱਲੋਂ ਭਲਕੇ 20 ਮਈ ਨੂੰ ਸਿਰਸਾ ਦੀ ਦਾਣਾ ਮੰਡੀ ’ਚ ਵਿਜੈ ਸੰਕਲਪਲ ਰੈਲੀ ਰੱਖੀ ਗਈ ਹੈ। ਇਸ ਰੈਲੀ ਨੂੰ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਬਤੌਰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਨਗੇ। ਵਿਧਾਇਕ ਗੋਪਾਲ ਕਾਂਡਾ ਨੇ ਇਸ ਰੈਲੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਵਿਧਾਇਕ ਕਾਂਡਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪੂਰੀ ਦੁਨੀਆ ਬੁਲਡੋਜ਼ਰ ਬਾਬਾ ਦੇ ਨਾਂ ਨਾਲ ਜਾਣਦੀ ਹੈ। ਯੋਗੀ ਬਾਬਾ ਨੇ ਉੱਤਰ ਪ੍ਰਦੇਸ਼ ਵਿੱਚ ਮਾਫੀਆ ਨੂੰ ਖ਼ਤਮ ਕਰਕੇ ਉਥੇ ਰਾਮਰਾਜ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਸਨਮਾਨ ਵਿੱਚ ਇਹ ਬੁਲਡੋਜ਼ਰ ਰੈਲੀ ਕੱਢੀ ਗਈ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੇ ਲੀਗਲ ਸੈੱਲ ਦੇ ਜ਼ਿਲ੍ਹਾ ਕਨਵੀਨਰ ਐਡਵੋਕੇਟ ਪ੍ਰਦੀਪ ਮਹਿਤਾ ਨੇ ਕਿਹਾ ਕਿ ਸ਼ਹਿਰ ਵਿੱਚ ਕੱਢੀ ਗਈ ਬੁਲਡੋਜ਼ਰ ਯਾਤਰਾ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ ਜਿਸ ’ਤੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵੀਨ ਕੇਡੀਆ ਨੇ ਕਿਹਾ ਹੈ ਕਿ ਬੁਲਡੋਜ਼ਰ ਰੈਲੀ ਕੱਢ ਕੇ ਲੋਕਾਂ ਨੂੰ ਡਰਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਸ ਸਬੰਧੀ ਜੋ ਵੀ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।