ਆਤਿਸ਼ ਗੁਪਤਾ
ਚੰਡੀਗੜ੍ਹ, 8 ਮਾਰਚ
ਪੰਜਾਬ ਪੁਲੀਸ ਵੱਲੋਂ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਅੱਠਵੇਂ ਦਿਨ ਪੁਲੀਸ ਵੱਲੋਂ ਪੰਜਾਬ ’ਚ ਲਗਪਗ 516 ਥਾਵਾਂ ’ਤੇ ਛਾਪੇ ਮਾਰੇ ਗਏ। ਇਸ ਦੌਰਾਨ ਪੁਲੀਸ ਨੇ 3.04 ਕਿਲੋ ਹੈਰੋਇਨ, 9.3 ਕਿਲੋ ਅਫੀਮ, 6673 ਨਸ਼ੀਲੀਆਂ ਗੋਲੀਆਂ, ਟੀਕੇ ਅਤੇ 5.39 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ। ਪੁਲੀਸ ਨੇ ਅੱਜ 85 ਕੇਸ ਦਰਜ ਕਰਕੇ 130 ਨਸ਼ਾਂ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਵੱਲੋਂ ਅੱਠ ਦਿਨਾਂ ਵਿੱਚ 1050 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਦੇ ਵਿਸ਼ੇਸ਼ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕਿਹਾ ਕਿ ਅੱਜ ਪੰਜਾਬ ਪੁਲੀਸ ਦੇ 1,700 ਤੋਂ ਵੱਧ ਮੁਲਾਜ਼ਮਾਂ ਦੀਆਂ 250 ਤੋਂ ਵੱਧ ਟੀਮਾਂ ਨੇ ਸੂਬੇ ’ਚ ਤਲਾਸ਼ੀ ਮੁਹਿੰਮ ਚਲਾਈ, ਜਿਸ ਦੌਰਾਨ 602 ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਜਾਂਚ ਕੀਤੀ ਗਈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਅੱਜ ਪੰਜਾਬ ਦੇ ਛੇ ਜ਼ਿਲ੍ਹੇ ਬਠਿੰਡਾ, ਮਾਨਸਾ, ਬਰਨਾਲਾ, ਪਟਿਆਲਾ, ਸੰਗਰੂਰ ਤੇ ਮੁਹਾਲੀ ਵਿੱਚ ਦਵਾਈ ਦੀਆਂ ਦੁਕਾਨਾਂ ’ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਇਸ ਦੌਰਾਨ ਛੇ ਜ਼ਿਲ੍ਹਿਆਂ ਵਿੱਚ 672 ਦਵਾਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਤਾਂ ਜੋ ਇਨ੍ਹਾਂ ਦੁਕਾਨਾਂ ’ਤੇ ਨਸ਼ੀਲੀਆਂ ਗੋਲੀਆਂ ਜਾਂ ਕੋਈ ਹੋਰ ਆਦਤ ਪਾਉਣ ਵਾਲੀਆਂ ਦਵਾਈਆਂ ਨਾ ਵੇਚੀਆਂ ਜਾ ਸਕਣ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲੀਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਸੀਨੀਅਰ ਪੁਲੀਸ ਸੁਪਰਡੈਂਟ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਹੁਕਮ ਦਿੱਤੇ ਹਨ।