ਯਮੁਨਾ ’ਚ ਖਣਨ ਦੀ ਸ਼ਿਕਾਇਤ ਪ੍ਰਦੂਸ਼ਣ ਤੇ ਖਣਨ ਵਿਭਾਗ ਨੂੰ ਕੀਤੀ ਜਾਵੇ: ਐੱਨਜੀਟੀ

0
162


ਨਵੀਂ ਦਿੱਲੀ, 29 ਦਸੰਬਰ

ਐਨਜੀਟੀ ਨੇ ਉਤਰੀ ਦਿੱਲੀ ਵਿਚ ਯਮੁਨਾ ਨਦੀ ਵਿਚ ਨਾਜਾਇਜ਼ ਖਣਨ ਦੇ ਮਾਮਲੇ ਵਿਚ ਸ਼ਿਕਾਇਤਕਰਤਾ ਨੂੰ ਦਿੱਲੀ ਪ੍ਰਦੂਸ਼ਣ ਕੰਟਰੋਲ ਬੋਰਡ ਜਾਂ ਖਣਨ ਵਿਭਾਗ ਨਾਲ ਸੰਪਰਕ ਕਰਨ ਲਈ ਕਿਹਾ ਹੈੈ। ਇਸ ਦੇ ਨਾਲ ਹੀ ਐਨਜੀਟੀ ਨੇ ਖਣਨ ਵਿਭਾਗ ਤੇ ਪ੍ਰਦੂਸ਼ਣ ਵਿਭਾਗ ਨੂੰ ਵੀ ਕਿਹਾ ਹੈ ਕਿ ਉਹ ਪਤਾ ਕਰਨ ਕਿ ਯਮੁਨਾ ਵਿਚ ਨਾਜਾਇਜ਼ ਖਣਨ ਕਿਹੜੇ ਪੱਧਰ ਤਕ ਹੋ ਰਿਹਾ ਹੈ। ਇਸ ਸਬੰਧੀ ਜਗਤਪੁਰ ਪਿੰਡ ਦੇ ਪ੍ਰਧਾਨ ਨੇ ਐਨਜੀਟੀ ਕੋਲ ਪਟੀਸ਼ਨ ਦਾਇਰ ਕੀਤੀ ਸੀ ਤੇ ਇਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਐਨਜੀਟੀ ਨੇ ਇਹ ਹੁਕਮ ਜਾਰੀ ਕੀਤੇ।

ਇਸ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਖਣਨ ਮਾਫੀਆ ਇਸ ਖੇਤਰ ਵਿਚੋਂ ਭਾਰੀ ਮਾਤਰਾ ਵਿਚ ਖਣਨ ਕਰ ਰਿਹਾ ਹੈ। ਇਹ ਵੀ ਸ਼ਿਕਾਇਤ ਕੀਤੀ ਗਈ ਕਿ ਜਗਤਪੁਰ ਤੇ ਬੁਰਾੜੀ ਪਿੰਡ ਕੋਲ ਨਾਜਾਇਜ਼ ਖਣਨ ਕਾਰਨ ਇਸ ਨੇੜਲੇ ਇਕ ਬੰਨ੍ਹ ਵਿਚ ਵੀ ਤਰੇੜਾਂ ਪੈ ਗਈਆਂ ਹਨ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਐਨਜੀਟੀ ਮੁਖੀ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਤੇ ਵਿਸ਼ੇਸ਼ ਮੈਂਬਰ ਏ ਸੇਂਥਿਲ ਨੇ ਪਟੀਸ਼ਨਕਰਤਾ ਨੂੰ ਕਿਹਾ ਕਿ ਇਸ ਮਾਮਲੇ ਦੀ ਸਭ ਤੋਂ ਪਹਿਲਾਂ ਸ਼ਿਕਾਇਤ ਪ੍ਰਦੂਸ਼ਣ ਬੋਰਡ ਜਾਂ ਖਣਨ ਵਿਭਾਗ ਨੂੰ ਕਰਨੀ ਬਣਦੀ ਹੈ। ਇਸ ਕਰ ਕੇ ਇਨ੍ਹਾਂ ਵਿਭਾਗਾਂ ਨੂੰ ਸ਼ਿਕਾਇਤ ਕੀਤੀ ਜਾਵੇ ਤੇ ਉਹ ਇਨ੍ਹਾਂ ਵਿਭਾਗਾਂ ਨੂੰ ਸਭ ਤੋਂ ਪਹਿਲਾਂ ਇਸ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਹੁਕਮ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਭਾਗਾਂ ਦੇ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਤੇ ਉਸ ਅਨੁਸਾਰ ਬਣਦੀ ਕਾਰਵਾਈ ਕਰਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਯਮੁਨਾ ਵਿਚ ਨਾਜਾਇਜ਼ ਖਣਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। -ਪੀਟੀਆਈ



News Source link