
ਚਰਨਜੀਤ ਸਿੰਘ ਢਿੱਲੋਂਜਗਰਾਉਂ, 18 ਜਨਵਰੀ
ਰਾਏਕੋਟ ਰੋਡ ਸਥਿਤ ਪਿੰਡ ਕਮਾਲਪੁਰਾ ’ਚ ਬੀਤੇ ਕੱਲ੍ਹ ਦੇਰ ਰਾਤ ਖੋਹੀ ਕਾਰ ਦੇ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਪੁਲੀਸ ਪਾਰਟੀ ’ਤੇ ਅੱਜ ਪਿੰਡ ਦੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਸਬੰਧ ਵਿੱਚ ਪੁਲੀਸ ਨੇ ਪਿੰਡ ਦੇ ਸਰਪੰਚ ਸਮੇਤ 15 ਵਿਅਕਤੀਆਂ ਖ਼ਿਲਾਫ਼ ਥਾਣਾ ਹਠੂਰ ਵਿੱਚ ਕੇਸ ਦਰਜ ਕੀਤਾ ਹੈ।
ਥਾਣਾ ਹਠੂਰ ਦੇ ਇੰਚਾਰਜ ਸਬ-ਇੰਸਪੈਕਟਰ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਮਰਾਂਡੋ ਦੇ ਇੰਚਾਰਜ ਤਰਸੇਮ ਸਿੰਘ ਨੇ ਬਿਆਨ ਦਿੱਤਾ ਹੈ ਕਿ ਥਾਣਾ ਸਦਰ ਲੁਧਿਆਣਾ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਸੰਗੋਵਾਲ ਤੋਂ ਟਿੱਬਾ ਨਹਿਰ ਨੂੰ ਜਾਣ ਵਾਲੀ ਸੜਕ ’ਤੇ ਨਹਿੰਗਾਂ ਵਾਲਾ ਬਾਣਾ ਪਾ ਕੇ ਤਿੰਨ ਵਿਅਕਤੀਆਂ ਨੇ ਪਿੰਡ ਸੰਗੋਵਾਲ ਦੇ ਵਸਨੀਕ ਮਨੋਹਰ ਸਿੰਘ ਕੋਲੋਂ ਕਿਰਪਾਨ ਦਾ ਡਰਾਵਾ ਦੇ ਕੇ ਆਲਟੋ ਕਾਰ ਖੋਹ ਲਈ ਹੈ। ਸਦਰ ਪੁਲੀਸ ਨੇ ਮਨੋਹਰ ਸਿੰਘ ਦੇ ਬਿਆਨਾ ’ਤੇ ਕੇਸ ਦਰਜ ਕੀਤਾ ਤੇ ਜਾਂਚ ਦੌਰਾਨ ਪੁਲੀਸ ਨੇ 17 ਜਨਵਰੀ ਨੂੰ ਮਨਜਿੰਦਰ ਸਿੰਘ ਉਰਫ ਮੋਟਾ ਵਾਸੀ ਪਿੰਡ ਅੱਬੂਵਾਲ, ਸੁਖਬੀਰ ਸਿੰਘ ਸੁੱਖਾ ਵਾਸੀ ਪਿੰਡ ਭਿੰਡਰ ਕਲਾਂ (ਮੋਗਾ) ਤੇ ਸਿਮਰਜੀਤ ਸਿੰਘ ਵਾਸੀ ਪਿੰਡ ਕਮਾਲਪੁਰਾ (ਜਗਰਾਉਂ) ਨੂੰ ਨਾਮਜ਼ਦ ਕੀਤਾ।
ਕੇਸ ਦਰਜ ਹੋਣ ਮਗਰੋਂ ਥਾਣਾ ਸਦਰ ਲੁਧਿਆਣਾ ਤੋਂ ਮਨਜਿੰਦਰ ਸਿੰਘ ਵਾਸੀ ਅੱਬੂਵਾਲ ਦੀ ਗ੍ਰਿਫ਼ਤਾਰੀ ਮਗਰੋਂ ਪੁਲੀਸ ਪਾਰਟੀ ਜਿਸ ਵਿੱਚ ਇੰਸਪੈਕਟਰ ਹਰਸ਼ਵੀਰ ਸਿੰਘ, ਸਿਪਾਹੀ ਅਮਨਦੀਪ ਸਿੰਘ ਤੇ ਹੋਰ ਸ਼ਾਮਲ ਸਨ, ਸਿਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪਿੰਡ ਕਮਾਲਪਰਾ ਪਹੁੰਚੀ। ਉਥੇ ਇੱਕ ਨਿਹੰਗ ਸਿੰਘ ਨੇ ਆਪਣੀ ਪਛਾਣ ਸਿਮਰਜੀਤ ਸਿੰਘ ਵੱਜੋਂ ਦੱਸੀ ਤੇ ਜਦੋਂ ਪੁਲੀਸ ਨੇ ਗ੍ਰਿਫ਼ਤਾਰੀ ਤੇ ਆਲਟੋ ਕਾਰ ਖੋਹ ਮਾਮਲੇ ਬਾਰੇ ਦੱਸਿਆ ਤਾਂ ਉਕਤ ਵਿਅਕਤੀ ਨੇ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਪਿੰਡ ਦੇ ਸਰਪੰਚ ਮਨਦੀਪ ਸਿੰਘ ਉਰਫ਼ ਗੋਗੂ ਬਾਬਾ, ਪੰਚ ਪੰਮਾ, ਹਰਜੀਤ ਸਿੰਘ ਤੋਤੂ ਤੇ 10-12 ਹੋਰ ਅਣਪਛਾਤੇ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਪੁਲੀਸ ’ਤੇ ਹਮਲਾ ਕਰ ਦਿੱਤਾ ਤੇ ਸਿਮਰਜੀਤ ਸਿੰਘ ਨੂੰ ਭਜਾਉਣ ਦੀ ਕੋਸਿਸ਼ ਵੀ ਕੀਤੀ।
ਜਵਾਬੀ ਕਾਰਵਾਈ ਵਿੱਚ ਹਰਸ਼ਵੀਰ ਸਿੰਘ ਨੇ ਆਪਣੀ ਸਰਵਿਸ ਰਿਵਾਲਵਰ ’ਚੋਂ ਫਾਇਰ ਕੀਤੇ। ਪੁਲੀਸ ਅਨੁਸਾਰ ਮੁਲਜ਼ਮ ਨੂੰ ਬੜੀ ਮੁਸ਼ਕਲ ਨਾਲ ਪੁਲੀਸ ਲੁਧਿਆਣੇ ਲੈ ਕੇ ਪਹੁੰਚੀ। ਅੱਜ ਦੇਰ ਸ਼ਾਮ ਕਰੀਬ 8.30 ਵਜੇ ਥਾਣਾ ਹਠੂਰ ਦੇ ਇੰਚਾਰਜ ਨਰਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਪਿੰਡ ਕਮਾਲਪੁਰਾ ਦੇ ਸਰਪੰਚ ਸਮੇਤ 15 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
The post ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਪੁੱਜੀ ਪੁਲੀਸ ਪਾਰਟੀ ’ਤੇ ਹਮਲਾ appeared first on Punjabi Tribune.