ਕੋਲਕਾਤਾ, 1 ਸਤੰਬਰ
ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਵਿੱਚ 10 ਸਾਲਾ ਇਕ ਲੜਕੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਦੇ ਦੋਸ਼ ਹੇਠ ਭੀੜ ਨੇ ਇਕ ਪੰਚਾਇਤ ਮੈਂਬਰ ਦੇ ਘਰ ਵਿੱਚ ਭੰਨਤੋੜ ਕੀਤੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਜ਼ਿਲ੍ਹੇ ਦੀ ਰੋਹਾਂਡਾ ਪੰਚਾਇਤ ਦੇ ਰਾਜਬਾੜੀ ਇਲਾਕੇ ਵਿੱਚ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਸ਼ਨਿਚਰਵਾਰ ਸ਼ਾਮ ਨੂੰ ਲੜਕੀ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ ਗਈ। ਲੜਕੀ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੀ ਹੱਡਬੀਤੀ ਸੁਣਾਈ ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਮੁਲਜ਼ਮ ਨੂੰ ਫੜ ਲਿਆ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪ੍ਰਤੀਕਿਰਿਆ ਤੋਂ ਭੜਕੀ ਭੀੜ ਨੇ ਉਸ ਦੇ ਘਰ ਅਤੇ ਇਲਾਕੇ ਵਿੱਚ ਸਥਿਤ ਉਸ ਦੇ ਭਰਾ ਦੀ ਦੁਕਾਨ ’ਚ ਭੰਨਤੋੜ ਕੀਤੀ। ਭੀੜ ਨੂੰ ਖਿੰਡਾਉਣ ਲਈ ਪੁਲੀਸ ਨੂੰ ਅੱਥਰੂ ਗੈਸ ਦੇ ਗੋਲ ਦਾਗਣੇ ਪਏ। -ਪੀਟੀਆਈ