
ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਉਡਾਣ ਵਿੱਚ ਆਪਣੇ ਤਜਰਬੇ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਬਿਜ਼ਨਸ ਕਲਾਸ ਸੀਟ ਲਈ ਪੈਸੇ ਦਿੱਤੇ ਸਨ ਪਰ ਉਨ੍ਹਾਂ ਨੂੰ ਇਕਾਨਮੀ ਕਲਾਸ ਸੀਟ ਦਿੱਤੀ ਗਈ।
ਗਿੱਪੀ ਦੇ ਅਨੁਸਾਰ, ਜਦੋਂ ਉਨ੍ਹਾਂ ਨੇ ਇਸ ਬਾਰੇ ਏਅਰਲਾਈਨ ਸਟਾਫ ਤੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੂੰ ਸਹੀ ਜਵਾਬ ਨਹੀਂ ਮਿਲਿਆ। ਗਿੱਪੀ ਨੂੰ ਕਿਹਾ ਗਿਆ ਕਿ ਹੁਣ ਇਹ ਹੋ ਗਿਆ ਹੈ ਅਤੇ ਹੁਣ ਕੁਝ ਨਹੀਂ ਹੋ ਸਕਦਾ ਹੈ।
ਗਾਇਕ ਦੇ ਅਨੁਸਾਰ, ਉਨ੍ਹਾਂ ਨੂੰ ਫਲਾਈਟ ਲੈਣ ਜਾਂ ਛੱਡਣ ਦੀ ਗੱਲ ਕਹੀ ਗਈ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਉਨ੍ਹਾਂ ਨੇ ਵਾਰ-ਵਾਰ ਸਥਿਤੀ ਬਾਰੇ ਸਵਾਲ ਕੀਤਾ, ਤਾਂ ਉਨ੍ਹਾਂ ਨੂੰ ਮਦਦ ਕਰਨ ਦੀ ਬਜਾਏ ਜਹਾਜ਼ ਤੋਂ ਉਤਰਨ ਲਈ ਕਹਿ ਦਿੱਤਾ ਗਿਆ। ਗਿੱਪੀ ਗਰੇਵਾਲ ਨੇ ਇਸ ਸਬੰਧੀ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ।
ਆਪਣੀ ਪੋਸਟ ਵਿੱਚ, ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਏਅਰਲਾਈਨ ਤੋਂ ਕੋਈ ਵਾਧੂ ਸਹੂਲਤਾਂ ਨਹੀਂ ਮੰਗ ਰਹੇ ਸੀ। ਉਨ੍ਹਾਂ ਦੀ ਇੱਕੋ ਇੱਕ ਬੇਨਤੀ ਸੀ ਕਿ ਉਨ੍ਹਾਂ ਨੂੰ ਉਹ ਬਿਜ਼ਨਸ ਕਲਾਸ ਸੀਟ ਦਿੱਤੀ ਜਾਵੇ ਜਿਸ ਦੇ ਉਨ੍ਹਾਂ ਨੇ ਪੈਸੇ ਭਰੇ ਹਨ ਅਤੇ ਇਹ ਸਮਝਾਇਆ ਜਾਵੇ ਕਿ ਅਜਿਹਾ ਕਿਉਂ ਹੋਇਆ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲੋਂ ਇੱਕ ਸਧਾਰਨ ਮੁਆਫ਼ੀ ਤੱਕ ਨਹੀਂ ਮੰਗੀ ਗਈ। ਏਅਰਲਾਈਨ ਦੇ ਵਿਵਹਾਰ ਤੋਂ ਨਿਰਾਸ਼ਾ ਪ੍ਰਗਟ ਕਰਦਿਆਂ ਹੋਇਆਂ ਗਿੱਪੀ ਨੇ ਇਸਨੂੰ ਬਹੁਤ ਬੁਰਾ ਅਨੁਭਵ ਦੱਸਿਆ।