ਪਿੰਡ ’ਚ ਹਮਲਾ ਕਰ ਕੇ ਭੱਜ ਰਹੇ ਲੱਠਮਾਰਾਂ ਨੇ ਪੁਲੀਸ ਗੱਡੀ ਨੂੰ ਟੱਕਰ ਮਾਰੀ – Punjabi Tribune

0
141


ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 29 ਅਗਸਤ

ਨੇੜਲੇ ਪਿੰਡ ਰਾਮਪੁਰਾ ਵਿਖੇ ਬੀਤੀ ਰਾਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਇਕ ਘਰ ‘ਤੇ ਹਮਲਾ ਕਰਕੇ ਭੱਜ ਰਹੇ ਕਾਰ ਅਤੇ ਮੋਟਰਸਾਈਕਲ ਸਵਾਰ ਲੱਠਮਾਰਾਂ ਨੇ ਭੱਜਣ ਦੇ ਚੱਕਰ ਵਿਚ ਆਪਣੀ ਕਾਰ ਨਾਲ ਪੁਲੀਸ ਦੀ ਸਰਕਾਰੀ ਗੱਡੀ ਨੂੰ ਟੱਕਰ ਮਾਰ ਦਿੱਤੀ।

ਥਾਣਾ ਭਵਾਨੀਗੜ੍ਹ ਦੇ ਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮੋਟਰਸਾਈਕਲ ਅਤੇ ਕਾਰ ਸਵਾਰ ਕੁਝ ਵਿਅਕਤੀਆਂ ਨੇ ਪਿੰਡ ਰਾਮਪੁਰਾ ਦੇ ਗੁਰਪ੍ਰੀਤ ਸਿੰਘ ਉਰਫ਼ ਗੁਰੀ ਦੇ ਘਰ ‘ਤੇ ਹਮਲਾ ਕਰ ਦਿੱਤਾ ਹੈ। ਸੂਚਨਾ ਮਿਲਣ ’ਤੇ ਜਦੋਂ ਉਹ ਪੁਲੀਸ ਪਾਰਟੀ ਨਾਲ ਸਕੂਟੀ ਏਜੰਸੀ ਨੇੜੇ ਪੁੱਜੇ ਤਾਂ ਪੁਲੀਸ ਨੇ ਰਾਮਪੁਰਾ ਵੱਲੋਂ ਕਾਰ ਆਉਂਦੀ ਦੇਖ ਕੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਚਾਲਕ ਨੇ ਕਾਰ ਨਾਲ ਪੁਲੀਸ ਦੀ ਗੱਡੀ ਵਿਚ ਟੱਕਰ ਮਾਰ ਦਿੱਤੀ। ਇਸ ਕਾਰਨ ਸਰਕਾਰੀ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਪੁਲੀਸ ਮੁਲਾਜ਼ਮ ਵਾਲ-ਵਾਲ ਬਚ ਗਏ।

ਟੱਕਰ ਮਾਰਨ ਤੋਂ ਬਾਅਦ ਕਾਰ ਵਿੱਚੋਂ 5 ਨੌਜਵਾਨ ਕਾਰ ਛੱਡ ਕੇ ਮੌਕੇ ਤੋਂ ਭੱਜ ਨਿਕਲੇ, ਜਦਕਿ ਇਕ ਨੂੰ ਪੁਲੀਸ ਨੇ ਕਾਬੂ ਕਰ ਲਿਆ। ਪੁਲੀਸ ਨੇ ਫੜੇ ਗਏ ਮੁਲਜ਼ਮ ਅਮਰਿੰਦਰ ਸਿੰਘ ਅਤੇ ਫਰਾਰ ਹੋਏ 5 ਅਣਪਛਾਤੇ ਨੌਜਵਾਨਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਭਵਾਨੀਗੜ੍ਹ ਵਿਖੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



News Source link