Patiala News : ਪਟਿਆਲਾ ਪੁਲਿਸ ਨੇ ਇੱਕ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਨਾਲ ਜੁੜੇ ਚਾਰ ਤਸਕਰਾਂ ਨੂੰ 10 ਆਧੁਨਿਕ ਸਵੈ-ਲੋਡਿੰਗ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਆਰੋਪੀ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਸਨ। ਹਥਿਆਰਾਂ ਦੀ ਵਰਤੋਂ ਗੈਂਗ ਵਾਰ ਵਿੱਚ ਕੀਤੀ ਜਾਣੀ ਸੀ।
ਆਰੋਪੀਆਂ ਦੀ ਪਛਾਣ ਸੌਰਭ ਕੁਮਾਰ ਵਾਸੀ ਪਿੰਡ ਜਰੰਗ ਦੀਹ, ਮੁਜ਼ੱਫਰਪੁਰ (ਬਿਹਾਰ), ਸਾਜਨ ਵਾਸੀ ਸੋਹਾਣਾ (ਮੁਹਾਲੀ), ਅਭਿਸ਼ੇਕ ਉਰਫ਼ ਕਾਕਾ ਵਾਸੀ ਗੁਰਦੀਪ ਕਲੋਨੀ ਅਬਲੋਵਾਲ ਪਟਿਆਲਾ ਅਤੇ ਇੰਦਰਜੀਤ ਸਿੰਘ ਉਰਫ਼ ਰੋਹਿਤ, ਵਾਸੀ ਪੁਰਾਣਾ ਬਿਸ਼ਨ ਨਗਰ ਪਟਿਆਲਾ ਵਜੋਂ ਹੋਈ ਹੈ।
ਪ੍ਰੈਗਨੈਂਸੀ ‘ਚ ਨਾਰੀਅਲ ਪਾਣੀ ਪੀਣ ਨਾਲ ਕੀ ਹੁੰਦਾ ਹੈ?
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਰੋਪੀ ਬਿਹਾਰ ਤੋਂ ਦੇਸੀ ਹਥਿਆਰ ਲਿਆ ਕੇ ਉਨ੍ਹਾਂ ਨੂੰ ਰਾਜ ਵਿੱਚ ਅਪਰਾਧਿਕ ਗਤੀਵਿਧੀਆਂ ਲਈ ਸਪਲਾਈ ਕਰਦੇ ਸਨ। ਜਾਂਚ ਵਿੱਚ ਗੈਂਗ ਵਾਰ ਦੇ ਸੰਕੇਤ ਵੀ ਸਾਹਮਣੇ ਆਏ ਹਨ, ਜਿਸ ਵਿੱਚ ਗੋਲਡੀ ਢਿੱਲੋਂ ਨੈੱਟਵਰਕ ਨਾਲ ਜੁੜੇ ਇੱਕ ਵਿਰੋਧੀ ਅਪਰਾਧੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ ਤਾਂ ਜੋ ਇਲਾਕੇ ਵਿੱਚ ਦਬਦਬਾ ਕਾਇਮ ਕੀਤਾ ਜਾ ਸਕੇ।
ਟਾਰਗੇਟ ਕਿਲਿੰਗ ‘ਚ ਵਰਤੇ ਜਾਣੇ ਸੀ ਹਥਿਆਰ
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਬਿਹਾਰ ਦਾ ਰਹਿਣ ਵਾਲਾ ਸੌਰਭ ਕੁਮਾਰ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਰਾਜ ਵਿੱਚ ਟਾਰਗੇਟ ਕਿਲਿੰਗ ਅਤੇ ਹੋਰ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਲਈ ਅਪਰਾਧੀਆਂ ਨੂੰ ਦੇਸੀ ਸਵੈ-ਲੋਡਿੰਗ ਪਿਸਤੌਲ ਸਪਲਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਆਈਏ ਪਟਿਆਲਾ ਯੂਨਿਟ ਅਤੇ ਐਸਐਚਓ ਸ਼ੰਭੂ ਨੇ ਐਸਪੀ ਇਨਵੈਸਟੀਗੇਸ਼ਨ ਪਟਿਆਲਾ ਗੁਰਬੰਸ ਸਿੰਘ ਬੈਂਸ ਅਤੇ ਡੀਐਸਪੀ ਹਰਮਨ ਚੀਮਾ ਦੀ ਨਿਗਰਾਨੀ ਹੇਠ ਕਾਰਵਾਈ ਕੀਤੀ ਅਤੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਐਸਐਸਪੀ ਨੇ ਦੱਸਿਆ ਕਿ ਆਰੋਪੀ ਸੌਰਭ ਕੁਮਾਰ ਬਿਹਾਰ ਦੇ ਮੁਜ਼ੱਫਰਪੁਰ ਵਿੱਚ ਕੁਝ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੀਆਂ ਇਕਾਈਆਂ ਤੋਂ ਹਥਿਆਰ ਖਰੀਦਾ ਸੀ ਅਤੇ ਉਨ੍ਹਾਂ ਨੂੰ ਵੱਖ-ਵੱਖ ਮਾਧਿਅਮ ਰਾਹੀਂ ਪੰਜਾਬ ਵਿੱਚ ਸਪਲਾਈ ਕਰਦਾ ਸੀ। ਮੁੱਢਲੀ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਭਿਸ਼ੇਕ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਗੈਂਗਸਟਰ ਗੋਲਡੀ ਢਿੱਲੋਂ ਦੇ ਸੰਪਰਕ ਵਿੱਚ ਸੀ ਅਤੇ ਗੈਂਗ ਵਾਰ ਵਿੱਚ ਸਰਗਰਮੀ ਨਾਲ ਸ਼ਾਮਲ ਸੀ। ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 111 ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਸ਼ੰਭੂ, ਪਟਿਆਲਾ ਵਿਖੇ ਕੇਸ ਦਰਜ ਕੀਤਾ ਗਿਆ ਹੈ।
ਹੋਰ ਪੜ੍ਹੋ