ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਦਸੰਬਰ
ਦਿੱਲੀ ਦੇ ਚੰਦਰ ਵਿਹਾਰ ਇਲਾਕੇ ਵਿੱਚ ਨਸ਼ੇ ’ਚ ਧੁੱਤ ਨਾਇਜੀਰੀਅਨ ਨੇ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਸੋਸ਼ਲ ਮੀਡੀਆ ’ਤੇ ਵਾਇਰਲ ਘਟਨਾ ਦੀ ਵੀਡੀਓ ਵਿੱਚ ਵਿਅਕਤੀ ਆਪਣੀ ਪਤਨੀ ਨੂੰ ਵਾਰ-ਵਾਰ ਥੱਪੜ ਮਾਰਦਾ ਦਿਖਾਈ ਦੇ ਰਿਹਾ ਹੈ। ਜ਼ਖਮੀ ਅਤੇ ਡਰੀ ਹੋਈ ਔਰਤ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।
ਵਿਅਕਤੀ ਦੇ ਵਿਵਹਾਰ ਤੋਂ ਨਾਰਾਜ਼ ਭੀੜ ਨੇ ਕਾਨੂੰਨ ਨੂੰ ਆਪਣੇ ਹੱਥਾਂ ‘ਚ ਲੈਂਦਿਆਂ ਮੁਲਜ਼ਮ ਦੀ ਕੁੱਟਮਾਰ ਕੀਤੀ। ਉਸ ਨੂੰ ਬਾਅਦ ਵਿੱਚ ਪੁਲੀਸ ਹਵਾਲੇ ਕੀਤਾ ਗਿਆ। ਪੁਲੀਸ ਨੇ ਉਸਨੂੰ ਘਰੇਲੂ ਹਿੰਸਾ ਦੇ ਕਥਿਤ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ ’ਚ ਘਟਨਾ ਸਥਾਨ ’ਤੇ ਭੀੜ ਇਕੱਠੀ ਹੋਈ ਦਿਖਾਈ ਦੇ ਰਹੀ ਹੈ। ਦੇਖਣ ਵਾਲਿਆਂ ਨੂੰ ਪਤੀ ਦਾ ਪਿੱਛਾ ਕਰਦੇ ਉਸ ’ਤੇ ਪੱਥਰ ਮਾਰਦੇ ਅਤੇ ਆਖਰਕਾਰ ਲੰਬੇ ਸਮੇਂ ਤੱਕ ਪਿੱਛਾ ਕਰਨ ਤੋਂ ਬਾਅਦ ਉਸਨੂੰ ਫੜਦੇ ਦੇਖਿਆ ਜਾ ਸਕਦਾ ਹੈ। ਪੁਲੀਸ ਨੂੰ ਘਟਨਾ ਦੀ ਸੂਚਨਾ ਦੇਣ ਤੋਂ ਪਹਿਲਾਂ ਭੀੜ ਨੇ ਕਥਿਤ ਤੌਰ ’ਤੇ ਮੁਲਜ਼ਮ ਦੀ ਕੁੱਟਮਾਰ ਕੀਤੀ। ਵੀਡੀਓ ’ਚ ਪੁਲੀਸ ਵਿਅਕਤੀ ਨੂੰ ਭੀੜ ਤੋਂ ਬਚਾਉਂਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ, ਪੁਲੀਸ ਦੀ ਗੱਡੀ ਵਿਚ ਬੈਠਣ ਤੋਂ ਬਾਅਦ ਵੀ ਭੀੜ ਨੇ ਉਸ ‘ਤੇ ਹਮਲਾ ਕਰਨਾ ਜਾਰੀ ਰੱਖਿਆ, ਕੁਝ ਨੇ ਪੁਲੀਸ ਦੀ ਗੱਡੀ ਨੂੰ ਵੀ ਨਿਸ਼ਾਨਾ ਬਣਾਇਆ।
ਕੁੱਟਮਾਰ ਦਾ ਮਾਮਲਾ ਡਰੱਗ ਨਾਲ ਸਬੰਧਤ ਕਿਸੇ ਮੁੱਦੇ ਨਾਲ ਜੁੜਿਆ ਹੋਣ ਦਾ ਸ਼ੱਕ ਹੈ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।