ਉੱਤਰ ਪ੍ਰਦੇਸ਼ ਦੇ ਗਾਜ਼ਿਆਬਾਦ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਤਿੰਨ ਸਕੀਆਂ ਭੈਣਾਂ ਨੇ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਪੁਲਿਸ ਮੁਤਾਬਕ ਤਿੰਨੋਂ ਨੂੰ ਆਨਲਾਈਨ ਗੇਮ ਖੇਡਣ ਦੀ ਲਤ ਸੀ। ਪਰਿਵਾਰਕ ਮੈਂਬਰਾਂ ਵੱਲੋਂ ਗੇਮ ਖੇਡਣ ਤੋਂ ਰੋਕਣ ’ਤੇ ਉਨ੍ਹਾਂ ਨੇ ਇਹ ਖ਼ਤਰਨਾਕ ਕਦਮ ਚੁੱਕ ਲਿਆ।
ਜ਼ਿਆਦਾਤਰ ਸਮਾਂ ਗੇਮ ਖੇਡਣ ਵਿੱਚ ਹੀ ਬਿਤਾਉਂਦੀਆਂ ਸਨ
ਇਹ ਘਟਨਾ ਗਾਜ਼ਿਆਬਾਦ ਦੇ ਥਾਣਾ ਟੀਲਾ ਮੋੜ ਇਲਾਕੇ ਵਿੱਚ ਸਥਿਤ ਭਾਰਤ ਸਿਟੀ ਸੋਸਾਇਟੀ ਦੀ ਦੱਸੀ ਜਾ ਰਹੀ ਹੈ। ਤਿੰਨੋਂ ਭੈਣਾਂ ਭਾਰਤ ਸਿਟੀ ਦੇ ਟਾਵਰ ਨੰਬਰ B1 ਦੇ ਫਲੈਟ ਨੰਬਰ 907 ਵਿੱਚ ਰਹਿੰਦੀਆਂ ਸਨ। ਉਨ੍ਹਾਂ ਦੀ ਉਮਰ ਕਰੀਬ 16 ਸਾਲ, 14 ਸਾਲ ਅਤੇ 12 ਸਾਲ ਦੱਸੀ ਜਾ ਰਹੀ ਹੈ। ਤਿੰਨੋਂ ਨੂੰ ਆਨਲਾਈਨ ਗੇਮ ਖੇਡਣ ਦੀ ਆਦਤ ਸੀ ਅਤੇ ਉਹ ਅਕਸਰ ਆਪਣਾ ਜ਼ਿਆਦਾਤਰ ਸਮਾਂ ਗੇਮ ਖੇਡਣ ਵਿੱਚ ਹੀ ਬਿਤਾਉਂਦੀਆਂ ਸਨ।
ਆਨਲਾਈਨ ਗੇਮ ਦੀ ਲਤ ਬਣੀ ਜਾਨਲੇਵਾ
ਮੰਗਲਵਾਰ ਦੀ ਰਾਤ ਨੂੰ ਵੀ ਤਿੰਨੋਂ ਭੈਣਾਂ ਆਨਲਾਈਨ ਗੇਮ ਖੇਡ ਰਹੀਆਂ ਸਨ। ਪਰਿਵਾਰਕ ਮੈਂਬਰਾਂ ਨੇ ਜਦੋਂ ਉਨ੍ਹਾਂ ਨੂੰ ਗੇਮ ਖੇਡਣ ਤੋਂ ਮਨਾਂ ਕੀਤਾ ਤਾਂ ਉਹ ਨਾ ਮੰਨੀਆਂ ਅਤੇ ਨਾਰਾਜ਼ ਹੋ ਗਈਆਂ। ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਕਮਰੇ ਤੋਂ ਬਾਹਰ ਚਲੇ ਗਏ ਤਾਂ ਗੁੱਸੇ ਵਿੱਚ ਤਿੰਨੋਂ ਨੇ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਤਿੰਨ ਸਕੀਆਂ ਨਾਬਾਲਿਗ ਭੈਣਾਂ ਨੇ ਕੀਤੀ ਖੁਦਕੁਸ਼ੀ
ਪਰਿਵਾਰ ਵਿੱਚ ਇਕੱਠੇ ਤਿੰਨ ਨਾਬਾਲਿਗ ਭੈਣਾਂ ਦੀ ਮੌਤ ਨਾਲ ਮਾਪਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਮੌਕੇ ’ਤੇ ਆਲੇ-ਦੁਆਲੇ ਦੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ।
ਪੁਲਿਸ ਵੱਲੋਂ ਦਿੱਤੀ ਗਈ ਅਹਿਮ ਜਾਣਕਾਰੀ
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਤਿੰਨੋਂ ਭੈਣਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੇ ਗਏ ਹਨ। ਪੁਲਿਸ ਮੁਤਾਬਕ ਤਿੰਨੋਂ ਨੇ ਖੁਦਕੁਸ਼ੀ ਕਿਉਂ ਕੀਤੀ, ਇਸ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋ ਸਕਿਆ। ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਵੀ ਨਹੀਂ ਮਿਲਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨੋਂ ਨੂੰ ਆਨਲਾਈਨ ਗੇਮ ਖੇਡਣ ਦੀ ਲਤ ਸੀ ਅਤੇ ਘਟਨਾ ਵਾਲੀ ਰਾਤ ਉਨ੍ਹਾਂ ਨੂੰ ਗੇਮ ਖੇਡਣ ਤੋਂ ਮਨਾਂ ਕੀਤਾ ਗਿਆ ਸੀ।
ਪੁਲਿਸ ਨੂੰ ਮੌਕੇ ਤੋਂ ਇੱਕ ਪੌਕੇਟ ਡਾਇਰੀ ਮਿਲੀ ਹੈ, ਜਿਸ ਵਿੱਚ 8 ਸਫ਼ਿਆਂ ਦਾ ਸੁਸਾਈਡ ਨੋਟ ਲਿਖਿਆ ਹੋਇਆ ਹੈ। ਸੁਸਾਈਡ ਨੋਟ ਵਿੱਚ ਤਿੰਨੋਂ ਭੈਣਾਂ ਨੇ ਆਪਣੇ ਆਨਲਾਈਨ ਗੇਮ ਅਤੇ ਹੋਰ ਮੋਬਾਈਲ ਸਰਗਰਮੀਆਂ ਦਾ ਜ਼ਿਕਰ ਕੀਤਾ ਹੈ। ਨੋਟ ਵਿੱਚ ਲਿਖਿਆ ਹੈ ਕਿ ਉਹਨਾਂ ਨੂੰ ਗੇਮ ਨਾਲ ਬਹੁਤ ਪਿਆਰ ਹੈ ਅਤੇ ਉਹ ਗੇਮ ਛੱਡ ਨਹੀਂ ਸਕਦੀਆਂ। ਸੁਸਾਈਡ ਨੋਟ ਦੇ ਅਖੀਰ ਵਿੱਚ “ਪਾਪਾ, ਆਈ ਐਮ ਸੌਰੀ” ਲਿਖਿਆ ਹੋਇਆ ਹੈ।
ਪੁਲਿਸ ਮੁਤਾਬਕ, ਗੇਮ ਵਿੱਚ ਵਿਚਕਾਰਲੀ ਭੈਣ ਪ੍ਰਾਚੀ ਬੌਸ ਦੀ ਭੂਮਿਕਾ ਵਿੱਚ ਸੀ। ਤਿੰਨੋਂ ਭੈਣਾਂ ਖਾਣਾ ਖਾਣ ਤੋਂ ਲੈ ਕੇ ਰੋਜ਼ਾਨਾ ਦੇ ਸਾਰੇ ਕੰਮ ਇਕੱਠੇ ਹੀ ਕਰਦੀਆਂ ਸਨ।
ਉੱਧਰ, ਨਾਬਾਲਿਗਾਂ ਦੇ ਪਿਤਾ ਨੇ ਕਿਹਾ, “ਉਹਨਾਂ ਨੇ ਮੈਨੂੰ ਕਿਹਾ ਸੀ—‘ਪਾਪਾ, ਅਸੀਂ ਕੋਰੀਅਨ ਨਹੀਂ ਛੱਡ ਸਕਦੀਆਂ। ਕੋਰੀਅਨ ਸਾਡੀ ਜ਼ਿੰਦਗੀ ਹੈ, ਸਾਡੇ ਲਈ ਸਭ ਕੁਝ ਹੈ। ਤੁਸੀਂ ਸਾਨੂੰ ਇਸ ਤੋਂ ਵੱਖ ਨਹੀਂ ਕਰ ਸਕਦੇ। ਅਸੀਂ ਆਪਣੀ ਜਾਨ ਦੇ ਦਿਆਂਗੀਆਂ।’ ਮੈਂ ਹੁਣ ਸੁਸਾਈਡ ਨੋਟ ਵੇਖਿਆ ਹੈ। ਇਹ ਬਹੁਤ ਦੁੱਖਦਾਈ ਹੈ। ਮੈਂ ਸਾਰੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਵਧਾਨ ਰਹਿਣ ਅਤੇ ਇਹ ਯਕੀਨੀ ਬਣਾਉਣ ਕਿ ਬੱਚੇ ਗੇਮਾਂ ਨਾਲ ਇੰਨੇ ਡੂੰਘੇ ਤੌਰ ’ਤੇ ਨਾ ਜੁੜ ਜਾਣ।”
ਹੋਰ ਪੜ੍ਹੋ