ਤੇਜ਼ ਰਫ਼ਤਾਰ ਕਾਰ ਤੋਂ ਬਚਦਿਆਂ ਮੋਟਰਸਾਈਕਲ ਸਵਾਰ ਹਲਾਕ

Must read



ਗੁਰਿੰਦਰ ਸਿੰਘ

ਲੁਧਿਆਣਾ, 29 ਜਨਵਰੀ

ਸਥਾਨਕ ਮਿੱਡਾ ਚੌਕ ਨੇੜੇ ਅੱਜ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਤੋਂ ਆਪਣਾ ਬਚਾਅ ਕਰਦੇ ਹੋਏ ਨੌਜਵਾਨ ਦਾ ਮੋਟਰਸਾਈਕਲ ਖੰਭੇ ਨਾਲ ਜਾ ਟਕਰਾਇਆ ਤੇ ਇਸ ਟੱਕਰ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਰਜਨ ਸਿੰਘ (25) ਵਾਸੀ ਜਵਾਹਰ ਨਗਰ ਕੈਂਪ ਵਜੋਂ ਹੋਈ ਹੈ ਜੋ ਇੱਕ ਨਿੱਜੀ ਬੈਂਕ ਵਿੱਚ ਕੰਮ ਕਰਦਾ ਸੀ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਉਥੋ ਮੌਜੂਦ ਰਾਹਗੀਰ ਵੀ ਘਬਰਾ ਗਏ। ਨੌਜਵਾਨ ਦੀ ਮੌਤ ਹੋਣ ਮਗਰੋਂ ਇਲਾਕਾ ਵਾਸੀਆਂ ਨੇ ਅੱਜ ਇਥੇ ਮਿੱਡਾ ਚੌਕ ’ਤੇ ਇਕੱਠ ਕਰਕੇ ਤੇਜ਼ ਰਫ਼ਤਾਰ ਕਾਰ ਦੇ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੰਗ ਤਹਿਤ ਇਲਾਕਾ ਵਾਸੀਆਂ ਨੇ ਪੁਲੀਸ ਚੌਕੀ ਕੋਚਰ ਮਾਰਕੀਟ ਬਾਹਰ ਧਰਨਾ ਵੀ ਲਾਇਆ ਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਸਿਰਜਨ ਘਰੋਂ ਦਵਾਈ ਲੈਣ ਲਈ ਕੋਚਰ ਮਾਰਕੀਟ ਵੱਲ ਆਇਆ ਸੀ ਤੇ ਦਵਾਈ ਲੈਣ ਮਗਰੋਂ ਜਦੋਂ ਉਹ ਵਾਪਸ ਘਰ ਜਾ ਰਿਹਾ ਸੀ ਤਾਂ ਕੋਚਰ ਮਾਰਕੀਟ ਤੋਂ ਮਿੱਡਾ ਚੌਕ ਵੱਲ ਜਾਂਦਿਆਂ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਤੋਂ ਬਚਾਅ ਕਰਦਿਆਂ ਉਸ ਨੇ ਆਪਣਾ ਮੋਟਰਸਾਈਕਲ ਇੱਕ ਪਾਸੇ ਕਰ ਲਿਆ। ਇਸ ਦੌਰਾਨ ਉਸ ਦਾ ਮੋਟਰਸਾਈਕਲ ਸੜਕ ਕੰਢੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਇਆ ਤੇ ਸਿਰਜਨ ਦਾ ਮੋਟਰਸਾਈਕਲ ਪਲਟ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਿਰਜਨ ਮੋਟਰਸਾਈਕਲ ਤੋਂ ਉੱਛਲ ਕੇ ਚਾਰ-ਪੰਜ ਫੁੱਟ ਦੂਰ ਜਾ ਡਿੱਗਿਆ ਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕੀਤੀ ਪਰ ਇਸ ਤੋਂ ਪਹਿਲਾਂ ਹੀ ਸਿਰਜਨ ਦੀ ਮੌਤ ਹੋ ਗਈ।

ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕ ਇਕੱਤਰ ਹੋ ਗਏ ਅਤੇ ਉਨਾਂ ਕਾਰ ਚਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲੀਸ ਚੌਕੀ ਬਾਹਰ ਧਰਨਾ ਦੇ ਕੇ ਰੋਸ ਮੁਜ਼ਾਹਰਾ ਕੀਤਾ। ਖਬਰ ਲਿਖਣ ਤੱਕ ਧਰਨਾ ਜਾਰੀ ਸੀ ਜਦਕਿ ਉੱਚ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਮੁਜ਼ਾਹਰਾਕਾਰੀਆਂ ਨਾਲ ਗੱਲਬਾਤ ਕਰ ਰਹੇ ਸਨ ਜੋਂ ਕਾਰ ਚਾਲਕ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਮੰਗ ’ਤੇ ਅੜੇ ਹੋਏ ਸਨ।

ਸਿਰਜਨ ਦੀ ਫਾਈਲ ਫੋਟੋ।

 

The post ਤੇਜ਼ ਰਫ਼ਤਾਰ ਕਾਰ ਤੋਂ ਬਚਦਿਆਂ ਮੋਟਰਸਾਈਕਲ ਸਵਾਰ ਹਲਾਕ appeared first on Punjabi Tribune.



News Source link

- Advertisement -

More articles

- Advertisement -

Latest article