ਬਲਵਿੰਦਰ ਰੈਤ
ਨੂਰਪੁਰ ਬੇਦੀ, 9 ਜੁਲਾਈ
ਨੂਰਪੁਰ ਬੇਦੀ ਪੁਲੀਸ ਨੇ ਜਲੰਧਰ-ਆਨੰਦਪੁਰ ਸਾਹਿਬ ਮੁੱਖ ਮਾਰਗ ਤੇ ਪੈਂਦੇ ਪਿੰਡ ਬੇਈਂਹਾਰਾ ਲਿੰਕ ਰੋਡ ’ਤੇ ਇਕ ਵਿਅਕਤੀ ਨੂੰ 3 ਕਿਲੋ ਅਫੀਮ ਦੇ ਨਾਲ ਕਾਬੂ ਕੀਤਾ ਹੈ। ਥਾਣਾ ਮੁਖੀ ਨੂਰਪੁਰ ਬੇਦੀ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਕੋਲ ਪੁਖਤਾ ਜਾਣਕਾਰੀ ਸੀ ਕਿ ਯੂਪੀ ਤੋਂ ਆਸਿਫ ਨਾਮ ਦਾ ਸ਼ਖ਼ਸ ਅਫੀਮ ਲਿਆ ਕੇ ਪੰਜਾਬ ਸਮੇਤ ਜ਼ਿਲ੍ਹਾ ਰੂਪਨਗਰ ਦੇ ਵੱਖ ਵੱਖ ਹਿੱਸਿਆਂ ਵਿੱਚ ਇਸਦੀ ਤਸਕਰੀ ਦਾ ਕੰਮ ਕਰਦਾ ਹੈ। ਸੂਹ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਨਾਕਾਬੰਦੀ ਕਰਕੇ ਬੇਈਂਹਾਰਾ ਲਿੰਕ ਰੋਡ ’ਤੇ ਇਕ ਵਿਅਕਤੀ ਕਾਬੂ ਕੀਤਾ ਗਿਆ ਜਿਸ ਕੋਲੋਂ ਬੈਗ ਵਿੱਚੋਂ ਤਿੰਨ ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਆਸਿਫ਼ ਪੁੱਤਰ ਜ਼ਮੀਰ ਸ਼ਾਹ ਵਾਸੀ ਪਿੰਡ ਫਿਲਮ ਥਾਣਾ ਅਲੀਗੰਜ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਸੂਬੇ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਆਨੰਦਪੁਰ ਸਾਹਿਬ ਦੀ ਅਦਾਲਤ ਤੋਂ ਨੂਰਪੁਰ ਬੇਦੀ ਪੁਲੀਸ ਨੂੰ ਮੁਲਜ਼ਮ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ।