ਜੰਮੂ, 19 ਮਈ
ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਨੈਸ਼ਨਲ ਕਾਨਫਰੰਸ (ਐੱਨਸੀ) ਦੀ ਰੈਲੀ ਦੌਰਾਨ ਅੱਜ ਚਾਕੂ ਨਾਲ ਹਮਲੇ ਦੀ ਘਟਨਾ ਵਿੱਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਐੱਨਸੀ ਮੁਖੀ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਪਾਰਟੀ ਉਮੀਦਵਾਰ ਨਾਲ ਰੈਲੀ ਵਾਲੀ ਥਾਂ ’ਤੇ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ, ‘‘ਪੁਣਛ ਜ਼ਿਲ੍ਹੇ ਦੇ ਮੇਂਧੜ ਇਲਾਕੇ ਵਿੱਚ ਅੱਜ ਨੈਸ਼ਨਲ ਕਾਨਫਰੰਸ ਦੀ ਰੈਲੀ ਸੀ। ਇਸ ਵਿੱਚ ਐੱਨਸੀ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਅਤੇ ਆਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਮੀਆਂ ਅਲਤਾਫ ਅਹਿਮਦ ਵੀ ਮੌਜੂਦ ਸਨ। ਰੈਲੀ ਦੇ ਇੱਕ ਪਾਸੇ ਦੋ ਧੜਿਆਂ ਵਿਚਕਾਰ ਝੜਪ ਹੋ ਗਈ ਹੈ ਜਿਸ ਵਿੱਚ ਤਿੰਨ ਨੌਜਵਾਨ ਚਾਕੂ ਲੱਗਣ ਕਾਰਨ ਜ਼ਖ਼ਮੀ ਹੋ ਗਏ।’’ ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਪਛਾਣ ਸੁਹੇਲ ਅਹਿਮਦ, ਯਾਸਿਰ ਅਹਿਮਦ ਅਤੇ ਇਮਰਾਨ ਅਹਿਮਦ ਵਜੋਂ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। -ਪੀਟੀਆਈ