ਨਵੀਂ ਦਿੱਲੀ, 1 ਜੁਲਾਈ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਜੂਨ ’ਚ ਜੀਐਸਟੀ ਮਾਲੀਆ ਵਧ ਕੇ 1.44 ਲੱਖ ਕਰੋੜ ਰੁਪਏ ਹੋ ਗਿਆ ਹੈ ਜੋ ਪਿਛਲੇ ਸਾਲ ਇਸੇ ਵਕਫ਼ੇ ਨਾਲੋਂ 56 ਫ਼ੀਸਦ ਵਧ ਹੈ। ਜੀਐੱਸਟੀ ਦਿਵਸ ਮੌਕੇ ਉਨ੍ਹਾਂ ਕਿਹਾ ਕਿ ਹੁਣ 1.4 ਲੱਖ ਕਰੋੜ ਰੁਪਏ ਜੀਐੱਸਟੀ ਵਜੋਂ ਇਕੱਤਰ ਹੋਣ ਦੀ ਇਕ ਹੇਠਲੀ ਹੱਦ ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਮਈ ’ਚ ਕਰੀਬ 1.41 ਲੱਖ ਕਰੋੜ ਰੁਪਏ ਜਦਕਿ ਅਪਰੈਲ ’ਚ ਰਿਕਾਰਡ 1.68 ਲੱਖ ਕਰੋੜ ਰੁਪਏ ਦਾ ਜੀਐਸਟੀ ਇਕੱਤਰ ਹੋਇਆ ਸੀ। ਪਿਛਲੇ ਸਾਲ ਜੂਨ ’ਚ 92,800 ਕਰੋੜ ਰੁਪਏ ਜੀਐਸਟੀ ਇਕੱਤਰ ਹੋਇਆ ਸੀ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਪੰਜਵੀਂ ਵਾਰ ਹੈ ਜਦੋਂ ਜੀਐਸਟੀ 1.40 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਇਕੱਤਰ ਹੋਇਆ ਹੈ ਅਤੇ ਮਾਰਚ ਤੋਂ ਲੈ ਕੇ ਹੁਣ ਤੱਕ ਲਗਾਤਾਰ ਇਸ ਤੋਂ ਜ਼ਿਆਦਾ ਰਕਮ ਇਕੱਤਰ ਹੋਈ ਹੈ। ਮਈ ਦੇ ਮਹੀਨੇ ’ਚ ਈ-ਵੇਅ ਬਿੱਲਾਂ ਦੀ ਕੁੱਲ ਗਿਣਤੀ 7.3 ਕਰੋੜ ਸੀ ਜੋ ਅਪਰੈਲ ਨਾਲੋਂ 2 ਫ਼ੀਸਦ ਘੱਟ ਰਹੀ ਜਦੋਂ 7.4 ਕਰੋੜ ਈ-ਵੇਅ ਬਿੱਲ ਜਾਰੀ ਕੀਤੇ ਗਏ ਸਨ। -ਪੀਟੀਆਈ