ਪੱਤਰ ਪ੍ਰੇਰਕ
ਜ਼ੀਰਾ, 22 ਜਨਵਰੀ
ਥਾਣਾ ਸਿਟੀ ਜ਼ੀਰਾ ਪੁਲੀਸ ਵੱਲੋਂ ਇੰਸਪੈਕਟਰ ਕੰਵਲਜੀਤ ਰਾਏ ਸ਼ਰਮਾ ਮੁੱਖ ਅਫਸਰ ਥਾਣਾ ਸਿਟੀ ਜ਼ੀਰਾ ਦੀ ਅਗਵਾਈ ਹੇਠ ਨਸ਼ਾ ਤਸਕਰਾਂ ਦੀ ਗੈਰਕਾਨੂੰਨੀ ਜਾਇਦਾਦ ਨੂੰ ਜ਼ਬਤ ਕਰਵਾਇਆ ਜਾ ਰਿਹਾ ਹੈ। ਇਸ ਤਹਿਤ ਅੱਜ ਥਾਣਾ ਸਿਟੀ ਜ਼ੀਰਾ ਦੀ ਪੁਲੀਸ ਵੱਲੋਂ ਤਸਕਰ ਵਿਸ਼ਾਲ ਉਰਫ ਸ਼ਾਲੀ, ਸੋਨੂ ਪੁੱਤਰਾਨ ਰੌਸ਼ਨ ਵਾਸੀਆਨ ਬਸਤੀ ਮਾਛੀਆਂ ਜ਼ੀਰਾ ਦੀ ਜਾਇਦਾਦ ਸੀਜ਼ ਕਰਵਾਈ ਗਈ। ਡੀਐੱਸਪੀ ਜ਼ੀਰਾ ਨੇ ਦੱਸਿਆ ਕਿ ਵਿਸ਼ਾਲ ਉਰਫ ਸ਼ਾਲੀ, ਸੋਨੂੰ ਪੁੱਤਰਾਨ ਰੌਸ਼ਨ ਵਾਸੀਆਨ ਬਸਤੀ ਮਾਛੀਆਂ ਜ਼ੀਰਾ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਥਾਣਾ ਕੁੱਲਗੜ੍ਹੀ ਵਿਚ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਮੁਲਜ਼ਮਾਂ ਪਾਸੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ’ਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਹੁਕਮਾਂ ਤਹਿਤ ਮੁਲਜ਼ਮਾਂ ਦੀ ਜਾਇਦਾਦ ਸੀਜ਼ ਕਰਾਉਣ ਸਬੰਧੀ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਥਾਣਾ ਸਿਟੀ ਜ਼ੀਰਾ ਵੱਲੋਂ ਕੇਸ ਤਿਆਰ ਕਰਕੇ ਭੇਜਿਆ ਗਿਆ ਸੀ ਜਿਸ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਜਾਇਦਾਦਾ ਜ਼ਬਤ ਕੀਤੀ ਗਈ।