ਚੋਰੀ ਦੇ ਦੋਸ਼ ਹੇਠ ਔਰਤ ਸਣੇ ਤਿੰਨ ਧੀਆਂ ਤੇ ਪੁੱਤ ਦਾ ਮੂੰਹ ਕਾਲਾ ਕੀਤਾ

Must read


ਗਗਨ ਅਰੋੜਾ

ਲੁਧਿਆਣਾ, 22 ਜਨਵਰੀ

ਇੱਥੋਂ ਦੇ ਬਹਾਦਰ ਕੇ ਰੋਡ ਦੇ ਏਕਜੋਤ ਨਗਰ ਇਲਾਕੇ ’ਚ ਇਕ ਫੈਕਟਰੀ ਮਾਲਕ ਨੇ ਇਕ ਔਰਤ, ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤ ’ਤੇ ਕੱਪੜੇ ਚੋਰੀ ਕਰਨ ਦਾ ਦੋਸ਼ ਲਗਾ ਕੇ ਉਨ੍ਹਾਂ ਦਾ ਮੂੰਹ ਕਾਲਾ ਕਰ ਦਿੱਤਾ। ਉਨ੍ਹਾਂ ਦੇ ਗਲ ਵਿੱਚ ‘ਮੈਂ ਚੋਰ ਹਾਂ’ ਲਿਖੀਆਂ ਤਖ਼ਤੀਆਂ ਵੀ ਪਾਈਆਂ ਗਈਆਂ। ਇਸ ਮਗਰੋਂ ਪੰਜਾਂ ਨੂੰ ਪੂਰੇ ਮੁਹੱਲੇ ਵਿੱਚ ਘੁਮਾ ਕੇ ਚੋਰ-ਚੋਰ ਦੇ ਨਾਅਰੇ ਲਵਾਏ ਗਏ। ਕੁੱਝ ਨੌਜਵਾਨਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਮਗਰੋਂ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਇਸ ਮਾਮਲੇ ਵਿੱਚ ਫੈਕਟਰੀ ਮਾਲਕ ਪਰਵਿੰਦਰ ਸਿੰਘ, ਮੈਨੇਜਰ ਮਨਪ੍ਰੀਤ ਸਿੰਘ ਅਤੇ ਵਰਕਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਨ੍ਹਾਂ ਨੂੰ ਵੀਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਜਾਣਕਾਰੀ ਮੁਤਾਬਕ ਏਕਜੋਤ ਨਗਰ ਇਲਾਕੇ ਵਿੱਚ ਦੀਪ ਕੁਲੈਕਸ਼ਨ ਨਾਂ ਦੀ ਕੱਪੜੇ ਦੀ ਫੈਕਟਰੀ ਹੈ। ਪਿਛਲੇ ਕੁਝ ਸਮੇਂ ਤੋਂ ਫੈਕਟਰੀ ’ਚੋਂ ਕੁਝ ਕੱਪੜੇ ਚੋਰੀ ਹੋ ਰਹੇ ਸਨ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖਣ ਤੋਂ ਬਾਅਦ ਫੈਕਟਰੀ ਮਾਲਕ ਨੂੰ ਇਲਾਕੇ ’ਚ ਰਹਿਣ ਵਾਲੀ ਔਰਤ, ਉਸ ਦੀਆਂ ਬੇਟੀਆਂ ਅਤੇ ਬੇਟੇ ’ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੂੰ ਫੈਕਟਰੀ ’ਚ ਬੁਲਾਇਆ ਗਿਆ। ਉਨ੍ਹਾਂ ਦੇ ਪਹੁੰਚਣ ’ਤੇ ਉਥੇ ਹੰਗਾਮਾ ਸ਼ੁਰੂ ਹੋ ਗਿਆ। ਫੈਕਟਰੀ ਮਾਲਕ ਨੇ ਪੁਲੀਸ ਨੂੰ ਜਾਣਕਾਰੀ ਦਿੱਤੇ ਬਿਨਾਂ ਪੰਜਾਂ ਦੇ ਮੂੰਹ ਕਾਲੇ ਕਰਕੇ ਮੁਹੱਲੇ ਵਿੱਚ ਘੁੰਮਾਇਆ। ਕੁੱਝ ਨੌਜਵਾਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੂੰ ਜਾਣਕਾਰੀ ਮਿਲੀ।

ਔਰਤ ਨੇ ਦੱਸਿਆ ਕਿ ਉਸ ਦੇ ਨਾਲ ਰਹਿਣ ਵਾਲੇ ਨੌਜਵਾਨ ਨੇ ਚੋਰੀ ਕੀਤੀ ਹੈ। ਉਹ ਫੈਕਟਰੀ ’ਚੋਂ ਸਾਮਾਨ ਚੋਰੀ ਕਰਕੇ ਬਾਹਰ ਵੇਚਦਾ ਸੀ। ਉਨ੍ਹਾਂ ਦੀ ਗਲਤੀ ਸਿਰਫ ਇੰਨੀ ਹੈ ਕਿ ਉਨ੍ਹਾਂ ਨੇ ਉਸ ਨੌਜਵਾਨ ਤੋਂ ਸਾਮਾਨ ਖਰੀਦ ਲਿਆ। ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਚੋਰੀ ਦੇ ਕੱਪੜੇ ਹਨ। ਔਰਤ ਨੇ ਕਿਹਾ ਕਿ ਉਸ ਦੀ ਉਸ ਦੀਆਂ ਧੀਆਂ ਦੀ ਕੁੱਟਮਾਰ ਵੀ ਕੀਤੀ ਗਈ ਹੈ।

 

ਥਾਣਾ ਬਸਤੀ ਜੋਧੇਵਾਲ ਦੇ ਐੱਸਐੱਚਓ ਇੰਸਪੈਕਟਰ ਜਸਬੀਰ ਸਿੰਘ ਨੇ ਕਿਹਾ ਕਿ ਫੈਕਟਰੀ ਮਾਲਕ ਸਣੇ ਤਿੰਨ ਖ਼ਿਲਾਫ਼ ਕੇਸ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ\B

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਇਸ ਮਾਮਲੇ ਦਾ ਨੋਟਿਸ ਲਿਆ ਹੈ। ਪੰਜਾਬ ਮਹਿਲਾ ਕਮਿਸ਼ਨ ਨੇ ਲੁਧਿਆਣਾ ਪੁਲੀਸ ਨੂੰ ਨੋਟਿਸ ਜਾਰੀ ਕਰਕੇ ਇਸ ਮਾਮਲੇ ਦੀ ਜਾਣਕਾਰੀ ਲੈਂਦਿਆਂ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।



News Source link

- Advertisement -

More articles

- Advertisement -

Latest article