ਸ਼ਸ਼ੀਪਾਲ ਜੈਨ
ਖਰੜ, 5 ਦਸੰਬਰ
ਖਰੜ ਦੇ ਇੱਕ ਵਪਾਰੀ ਅਰੁਣ ਕੁਮਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਸ਼ਿਕਾਇਤ ਭੇਜ ਕੇ ਕਿਹਾ ਗਿਆ ਹੈ ਕਿ ਸਥਾਨਕ ਨਗਰ ਕੌਂਸਲ ਵਿੱਚ ਪਿਛਲੇ ਲਗਭਗ 2 ਸਾਲਾਂ ਵਿੱਚ 11 ਕਾਰਜਸਾਧਕ ਅਫਸਰ ਬਦਲ ਦਿੱਤੇ ਹਨ ਜਿਸ ਨਾਲ ਸ਼ਹਿਰ ਦੇ ਵਿਕਾਸ ’ਤੇ ਬਹੁਤ ਅਸਰ ਪੈ ਰਿਹਾ ਹੈ। ਉਨ੍ਹਾਂ ਲਿਖਿਆ ਹੈ ਕਿ ਸ਼ਹਿਰ ਦੇ ਵਸਨੀਕ ਇਸ ਗੱਲ ਨੂੰ ਸਮਝਣ ਵਿਚ ਅਸਮਰੱਥ ਹਨ ਕਿ ਖਰੜ ਨਗਰ ਕੌਂਸਲ ਵਿੱਚ ਏਨੀ ਤੇਜ਼ ਸਪੀਡ ਨਾਲ ਕਾਰਜਸਾਧਕ ਅਫਸਰ ਕਿਉਂ ਬਦਲੇ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਏਨੀ ਤੇਜ਼ੀ ਨਾਲ ਅਧਿਕਾਰੀ ਬਦਲੇ ਜਾ ਰਹੇ ਹਨ, ਉਥੇ ਸ਼ਹਿਰ ਦੇ ਲੋਕਾਂ ਦੇ ਅਤਿ ਜ਼ਰੂਰੀ ਕੰਮ ਕਰਨ ਵਿਚ ਸਥਾਨਕ ਨਗਰ ਕੌਂਸਲ ਦੀ ਕਾਰਗੁਜ਼ਾਰੀ ਜ਼ੀਰੋ ਹੈ। ਉਨ੍ਹਾਂ ਲਿਖਿਆ ਹੈ ਕਿ ਅੱਜ ਵੀ ਖਰੜ ਦੇ ਬਹੁਤ ਅਜਿਹੇ ਖੇਤਰ ਹਨ, ਜਿੱਥੇ ਪੀਣ ਵਾਲਾ ਸਾਫ਼ ਪਾਣੀ ਉਪਲਬੱਧ ਨਹੀਂ ਹੈ। ਕੌਂਸਲ ਦੇ ਮੈਂਬਰਾਂ ਦੀ ਆਪਸੀ ਖਿੱਚਤਾਣੀ ਕਰ ਕੇ, ਜਿੱਥੇ ਸੜਕਾਂ ਦੀ ਬੁਰੀ ਹਾਲਤ ਹੈ, ਉੱਥੇ ਸ਼ਹਿਰ ਦੀ ਵਧੇਰੇ ਥਾਵਾਂ ’ਤੇ ਸੀਵਰੇਜ ਬਲਾਕ ਪਿਆ ਹੈ। ਉਨਾਂ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਤੁਰੰਤ ਇਸ ਗੱਲ ਵੱਲ ਧਿਆਨ ਦੇਣ। ਇਸੇ ਦੌਰਾਨ ਮੁੱਖ ਮੰਤਰੀ ਦੇ ਦਫਤਰ ਵੱਲੋ ਇਸ ਸ਼ਿਕਾਇਤ ਨੂੰ ਯੋਗ ਕਾਰਵਾਈ ਲਈ ਸਬੰਧਤ ਅਧਿਕਾਰੀ ਨੂੰ ਭੇਜ ਦਿੱਤਾ ਹੈ।