ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਅਪਰੈਲ
70 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਲਈ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਜ਼ਿਲ੍ਹਾ ਪੱਧਰ ’ਤੇ ‘ਕ੍ਰਿਟੀਕਲ ਕੇਅਰ ਯੂਨਿਟ’ ਬਣਾਏ ਜਾ ਰਹੇ ਹਨ ਪਰ ਮੁਕਤਸਰ ਦੇ ਇਸ ਸੈਂਟਰ ਨੂੰ ਗਿੱਦੜਬਾਹਾ ਵਿਚ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਨੇ ਲੋਕਾਂ ’ਚ ਰੋਸ ਪੈਦਾ ਕਰ ਦਿੱਤਾ ਹੈ। 50 ਬਿਸਤਰਿਆਂ ਦੇ ਇਸ ਕ੍ਰਿਟੀਕਲ ਕੇਅਰ ਯੂਨਿਟ ਲਈ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਫੰਡ ਭੇਜੇ ਜਾ ਰਹੇ ਹਨ। ਇਸ ਫੰਡ ਨਾਲ ਮੁਕਤਸਰ ਵਿੱਜ ਨਵੀਂ ਇਮਾਰਤ ਬਣਾ ਕੇ, ਡਾਕਟਰਾਂ, ਦਵਾਈਆਂ, ਲੈਬ ਤੇ ਹੋਰ ਲੋੜੀਂਦੇ ਪ੍ਰਬੰਧ ਕਰਨੇ ਹਨ ਪਰ ਹੁਣ ਇਹ ਕੇਂਦਰ ਨੂੰ ਗਿੱਦੜਬਾਹਾ ’ਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਤਬਦੀਲੀ ’ਤੇ ਭਾਜਪਾ ਦੇ ਸੀਨੀਅਰ ਆਗੂ ਭਾਈ ਰਾਹੁਲ ਸਿੰਘ ਸਿੱਧੂ ਅਤੇ ਐਡਵੋਕੇਟ ਅਨੁਰਾਗ ਸ਼ਰਮਾ ਹੋਰਾਂ ਵੱਲੋਂ ਲੰਬੇ ਸਮੇਂ ਤੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਹੁਣ ਸ਼ਹਿਰ ਵਾਸੀਆਂ ਵੱਲੋਂ ਖੁਦ ਇਸ ਤਬਦੀਲੀ ਖ਼ਿਲਾਫ਼ ਲਾਮਬੰਦ ਹੁੰਦਿਆਂ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਅੱਜ ਸ਼ਹਿਰ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਸ਼ਾਮ ਲਾਲ ਗੋਇਲ, ਜਸਵੰਤ ਸਿੰਘ, ਜਸਪਾਲ ਸਿੰਘ, ਰੁਪਿੰਦਰ ਸਿੰਘ ਬਰਾੜ, ਬਲਵਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਮੁਕਤਸਰ ਖੇਤਰ ਵਿੱਚ ਬਜ਼ੁਰਗਾਂ ਦੀ ਆਬਾਦੀ ਗਿਦੜਬਾਹਾ ਨਾਲੋਂ ਗੁਣਾ ਵੱਧ ਹੈ ਇਸ ਲਈ ਇਸ ਖੇਤਰ ਵਿੱਚ ਹੀ ਇਸ ਯੂਨਿਟ ਦਾ ਅਸਲਾ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਥਾਂ ਦੀ ਘਾਟ ਦਾ ਕਾਰਨ ਦੱਸ ਕੇ ਪੰਜਾਬ ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਇਸ ਪ੍ਰਾਜੈਕਟ ਨੂੰ ਗਿਦੜਬਾਹਾ ਵਿੱਚ ਤਬਦੀਲ ਕਰਨਾ ਕੇਂਦਰ ਸਰਕਾਰ ਦੇ ਨੇਮਾਂ ਦੀ ਉਲੰਘਣਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਅਜਿਹਾ ਕਰਨ ਨਾਲ ਇਸ ਹਸਪਤਾਲ ਤੋਂ ਜ਼ਿਲ੍ਹਾ ਵਾਸੀ ਵਾਂਝੇ ਰਹਿ ਜਾਣ। ਜ਼ਿਲ੍ਹਾ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮੁਕਤਸਰ ਦੇ ਸਿਵਲ ਹਸਪਤਾਲ ਵਿੱਚ ‘ਕ੍ਰਿਟੀਕਲ ਕੇਅਰ ਯੂਨਿਟ’ ਵਾਸਤੇ ਲੋੜੀਂਦੀ ਜਗ੍ਹਾ ਨਾ ਹੋਣ ਕਰਕੇ ਇਸ ਨੂੰ ਗਿੱਦੜਬਾਹਾ ਵਿੱਚ ਤਬਦੀਲ ਕੀਤਾ ਗਿਆ ਹੈ।