ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 17 ਜਨਵਰੀ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 6 ਜਨਵਰੀ ਨੂੰ ਲਿਬਰਲ ਪਾਰਟੀ ਦੇ ਆਗੂ ਦੇ ਅਹੁਦੇ ਤੋਂ ਹਟਣ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲੀਡਰ ਬਣਨ ਲਈ ਕਈਆਂ ਨੇ ਪਰ ਤੋਲ ਕੇ ਦੇਖੇ, ਪਰ ਪੱਕਾ ਮਨ ਨਾ ਬਣਾ ਸਕੇ। ਹੁਣ ਮੈਦਾਨ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਬੈਂਕ ਆਫ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਹੀ ਰਹਿ ਗਏ ਹਨ। ਇਹ ਦੋਵੇਂ ਆਗੂ ਐਤਵਾਰ ਤੋਂ ਆਪਣੀ ਮੁਹਿੰਮ ਸ਼ੁਰੂ ਕਰਨਗੇ। ਦੋਹਾਂ ਦੀ ਕਿਸਮਤ ਦਾ ਫੈਸਲਾ 9 ਮਾਰਚ ਨੂੰ ਪਾਰਟੀ ਦੇ ਮੈਂਬਰਾਂ ਦੀ ਬਹੁਸੰਮਤੀ ਕਰੇਗੀ। ਦੋਹਾਂ ਆਗੂਆਂ ਨੇ ਪਾਰਟੀ ਦਾ ਅਗਲਾ ਲੀਡਰ ਤੇ ਪ੍ਰਧਾਨ ਮੰਤਰੀ ਬਣ ਕੇ ਪਹਿਲਾਂ ਕੀਤੇ ਜਾਣ ਵਾਲੇ ਕੰਮਾਂ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ।
ਕ੍ਰਿਸਟੀਆ ਫ੍ਰੀਲੈਂਡ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੋਢਿਆਂ ਤੋਂ ਕਾਰਬਨ ਟੈਕਸ ਦਾ ਭਾਰ ਲਾਹੁਣ ਨੂੰ ਪਹਿਲ ਦੇਵੇਗੀ, ਜਦਕਿ ਆਰਥਿਕ ਮਾਹਿਰ ਮੰਨੇ ਜਾਂਦੇ ਮਾਰਕ ਕਾਰਨੀ ਦਾਅਵਾ ਕਰ ਰਹੇ ਹਨ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਉੱਚਾ ਲੈ ਕੇ ਜਾਣਗੇ। ਉਨ੍ਹਾਂ ਦਾ ਕਹਿਣਾ ਹੈ, ‘‘ਜੋ ਸਾਡੇ ਕੋਲ ਹੈ ਹੀ ਨਹੀਂ ਉਹ ਉਸ ਨੂੰ ਸਮਾਜ ਦੇ ਕਮਜ਼ੋਰ ਲੋਕਾਂ ਵਿੱਚ ਵੰਡਣ ਦਾ ਭਰੋਸਾ ਦੇ ਕੇ ਸਮਰਥਨ ਲੈਣ ਦੀ ਗਲਤੀ ਨਹੀਂ ਕਰਨਗੇ।’’ ਉਨ੍ਹਾਂ ਮੰਨਿਆ ਕਿ ਪਹਿਲਾਂ ਦੇਸ਼ ਦੀ ਕਮਜ਼ੋਰ ਆਰਥਿਕਤਾ ਨੂੰ ਪੈਰਾਂ ਸਿਰ ਕਰ ਕੇ ਹੀ ਲੋਕਾਂ ਨਾਲ ਵਾਅਦੇ ਕੀਤੇ ਜਾਣ ਵਿੱਚ ਭਲਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਬਣ ਕੇ ਉਹ ਆਪਣੀ ਪਹਿਲ ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ’ਤੇ ਹੀ ਕੇਂਦਰਿਤ ਕਰਨਗੇ। ਉਨ੍ਹਾਂ ਟੋਰੀ ਪਾਰਟੀ ਦੇ ਪ੍ਰਧਾਨ ਪੀਅਰ ਪੋਲਿਵਰ ਦੇ ਦਾਅਵਿਆਂ ’ਤੇ ਵਰ੍ਹਦਿਆਂ ਕਿਹਾ ਕਿ ਸਿਰਫ ਗੱਲਾਂ ਕਰ ਕੇ ਸਰਕਾਰਾਂ ਨਹੀਂ ਚਲਾਈਆਂ ਜਾ ਸਕਦੀਆਂ।
ਕੁਝ ਲਿਬਰਲ ਸੰਸਦ ਮੈਂਬਰਾਂ ਵੱਲੋਂ ਮਾਰਕ ਕਾਰਨੀ ਦੇ ਸਮਰਥਨ ਵਿੱਚ ਮੁਹਿੰਮ ਸ਼ੁਰੂ ਵੀ ਕਰ ਦਿੱਤੀ ਗਈ ਹੈ। ਸਰੀ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਅਤੇ ਰਣਦੀਪ ਸਿੰਘ ਸਰਾਏ ਵੱਲੋਂ ਆਪਣੇ ਸਮਰਥਕਾਂ ਨੂੰ ਇੰਟਰਨੈੱਟ ਲਿੰਕ ਭੇਜ ਕੇ ਮਾਰਕ ਕਾਰਨੀ ਦੇ ਹੱਕ ਵਿੱਚ ਲਹਿਰ ਬਣਾਈ ਜਾ ਰਹੀ ਹੈ। ਸਿਆਸੀ ਪੰਡਤਾਂ ਦੇ ਇਸ਼ਾਰੇ ਮਾਰਕ ਕਾਰਨੀ ਦੇ ਲੀਡਰ ਬਣਨ ਵੱਲ ਸੇਧਿਤ ਹੋਣ ਲੱਗੇ ਹਨ।