ਸ੍ਰੀਨਗਰ/ਜੰਮੂ: ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨੇ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਦੂਜੇ ਪਾਸੇ ਜੰਮੂ ਕਸ਼ਮੀਰ ਪੁਲੀਸ ਨੇ ਅਤਿਵਾਦੀਆਂ ਵੱਲੋਂ ਆਈਈਡੀ ਲਗਾਏ ਜਾਣ ਦੀ ਸੂਚਨਾ ਮਿਲਣ ਮਗਰੋਂ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਹੰਦਵਾੜਾ ’ਚ ਪੁਲੀਸ ਨੇ ਸੁਰੱਖਿਆ ਬਲਾਂ ਨਾਲ ਮਿਲ ਕੇ ਮੁਗਲਪੁਰਾ ਕ੍ਰੇਮਹੋਰਾ ਦੇ ਜੰਗਲੀ ਖੇਤਰ ’ਚ ਅਤਿਵਾਦੀਆਂ ਦੇ ਇੱਕ ਟਿਕਾਣੇ ਦਾ ਪਤਾ ਲਾਇਆ ਅਤੇ ਉੱਥੋਂ ਗੋਲਾ-ਬਾਰੂਦ ਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਚਲਦਾਰਾ ਪੁਲੀਸ ਚੌਕੀ ਅਧੀਨ ਪੈਂਦੇ ਮੁਗਲਪੋਰਾ ਕ੍ਰੇਮਹੋਰਾ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ ਦੌਰਾਨ ਇਸ ਅਤਿਵਾਦੀ ਟਿਕਾਣੇ ਦਾ ਪਤਾ ਲੱਗਾ। ਦੂਜੇ ਪਾਸੇ ਜੰਮੂ-ਕਸ਼ਮੀਰ ਪੁਲੀਸ ਦੇ ਵਿਸ਼ੇਸ਼ ਅਪਰੇਸ਼ਨ ਸਮੂਹ ਨੇ ਅਤਿਵਾਦੀਆਂ ਵੱਲੋਂ ਆਈਈਡੀ ਲਗਾਏ ਜਾਣ ਦੀ ਸੂਚਨਾ ਮਿਲਣ ਮਗਰੋਂ ਅੱਜ ਤਲਾਸ਼ੀ ਮੁਹਿੰਮ ਚਲਾਈ ਪਰ ਉੱਥੇ ਕੋਈ ਧਮਾਕਾਖੇਜ਼ ਸਮੱਗਰੀ ਬਰਾਮਦ ਨਾ ਹੋਈ। -ਪੀਟੀਆਈ