Women Health : ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਪਹੁੰਚ ਚੁੱਕਾ ਹੈ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਤਿੱਖੀ ਗਰਮੀ ਤੋਂ ਬਚਣ ਲਈ ਲੋਕ ਠੰਢੇ ਪਦਾਰਥਾਂ, ਕੂਲਰ ਅਤੇ ਏਅਰ ਕੰਡੀਸ਼ਨਰ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਹੀਟਵੇਵ ਦਾ ਅਸਰ ਹਰ ਵਿਅਕਤੀ ‘ਤੇ ਇੱਕੋ ਜਿਹਾ ਨਹੀਂ ਹੁੰਦਾ। ਖ਼ਾਸ ਤੌਰ ‘ਤੇ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਗਰਮੀ ਨਾਲ ਜੁੜੀਆਂ ਸਿਹਤ ਸਮੱਸਿਆਵਾਂ ਦਾ ਵੱਧ ਖ਼ਤਰਾ ਹੋ ਸਕਦਾ ਹੈ।
ਮਾਹਿਰਾਂ ਦੇ ਅਨੁਸਾਰ, ਹੀਟਵੇਵ ਬਾਰੇ ਗੱਲ ਕਰਦੇ ਸਮੇਂ ਅਕਸਰ ਬੱਚਿਆਂ ਅਤੇ ਬਜ਼ੁਰਗਾਂ ਦਾ ਜ਼ਿਕਰ ਹੁੰਦਾ ਹੈ, ਪਰ ਔਰਤਾਂ ਦੀ ਸਰੀਰਕ ਬਣਤਰ, ਹਾਰਮੋਨਲ ਤਬਦੀਲੀਆਂ ਅਤੇ ਰੋਜ਼ਾਨਾ ਦੇ ਕੰਮ ਵੀ ਉਨ੍ਹਾਂ ਨੂੰ ਗਰਮੀ ਦੇ ਮਾੜੇ ਪ੍ਰਭਾਵਾਂ ਲਈ ਵਧੇਰੇ ਸੰਵੇਦਨਸ਼ੀਲ ਬਣਾਉਂਦੇ ਹਨ।
ਔਰਤਾਂ ਨੂੰ ਘੱਟ ਪਸੀਨਾ ਆਉਂਦਾ ਹੈ
ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਵਿੱਚ ਪਸੀਨਾ ਅਹਿਮ ਭੂਮਿਕਾ ਨਿਭਾਉਂਦਾ ਹੈ। ਮਾਹਿਰਾਂ ਮੁਤਾਬਕ ਔਰਤਾਂ ਨੂੰ ਮਰਦਾਂ ਨਾਲੋਂ ਘੱਟ ਪਸੀਨਾ ਆਉਂਦਾ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਪਸੀਨਾ ਛੱਡਣ ਲਈ ਵੱਧ ਤਾਪਮਾਨ ਦੀ ਲੋੜ ਪੈਂਦੀ ਹੈ। ਇਸ ਕਾਰਨ ਸਰੀਰ ਨੂੰ ਠੰਢਾ ਹੋਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ ਅਤੇ ਹੀਟ ਸਟ੍ਰੈੱਸ ਦਾ ਖ਼ਤਰਾ ਵਧ ਸਕਦਾ ਹੈ।
ਹਾਰਮੋਨਲ ਤਬਦੀਲੀਆਂ ਦਾ ਪੈਂਦਾ ਹੈ ਅਸਰ
ਮਾਹਵਾਰੀ ਚੱਕਰ, ਖ਼ਾਸ ਕਰਕੇ ਓਵੂਲੇਸ਼ਨ ਤੋਂ ਬਾਅਦ, ਸਰੀਰ ਦਾ ਤਾਪਮਾਨ ਕੁਝ ਵਧ ਜਾਂਦਾ ਹੈ। ਇਸੇ ਤਰ੍ਹਾਂ ਗਰਭ ਅਵਸਥਾ ਅਤੇ ਮੀਨੋਪੌਜ਼ ਦੌਰਾਨ ਹੋਣ ਵਾਲੀਆਂ ਹਾਰਮੋਨਲ ਤਬਦੀਲੀਆਂ ਵੀ ਔਰਤਾਂ ਨੂੰ ਗਰਮੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਬਣਾ ਸਕਦੀਆਂ ਹਨ। ਮੀਨੋਪੌਜ਼ ਦੌਰਾਨ ‘ਹਾਟ ਫਲੈਸ਼’ ਦੀ ਸਮੱਸਿਆ ਵੀ ਗਰਮੀ ਨੂੰ ਹੋਰ ਮੁਸ਼ਕਲ ਬਣਾ ਸਕਦੀ ਹੈ।
ਦਿਲ ‘ਤੇ ਵੱਧ ਸਕਦਾ ਹੈ ਦਬਾਅ
ਸਰੀਰ ਨੂੰ ਠੰਢਾ ਰੱਖਣ ਲਈ ਖੂਨ ਦਾ ਸੰਚਾਰ ਚਮੜੀ ਵੱਲ ਤੇਜ਼ੀ ਨਾਲ ਹੁੰਦਾ ਹੈ, ਜਿਸ ਨਾਲ ਦਿਲ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ। ਜੇਕਰ ਕਿਸੇ ਔਰਤ ਨੂੰ ਪਹਿਲਾਂ ਤੋਂ ਦਿਲ ਨਾਲ ਸੰਬੰਧਿਤ ਸਮੱਸਿਆ ਹੈ ਤਾਂ ਹੀਟਵੇਵ ਦੌਰਾਨ ਜੋਖਮ ਹੋਰ ਵੱਧ ਸਕਦਾ ਹੈ।
ਘਰੇਲੂ ਕੰਮ ਵੀ ਵਧਾਉਂਦੇ ਹਨ ਜੋਖਮ
ਕਈ ਔਰਤਾਂ ਲੰਬੇ ਸਮੇਂ ਤੱਕ ਰਸੋਈ ਜਾਂ ਗਰਮ ਅਤੇ ਬੰਦ ਥਾਵਾਂ ‘ਤੇ ਕੰਮ ਕਰਦੀਆਂ ਹਨ। ਅਜਿਹੇ ਮਾਹੌਲ ਵਿੱਚ ਲਗਾਤਾਰ ਰਹਿਣ ਨਾਲ ਸਰੀਰ ਦਾ ਤਾਪਮਾਨ ਵਧਦਾ ਹੈ ਅਤੇ ਹੀਟ ਸਟ੍ਰੈੱਸ ਜਾਂ ਹੀਟਸਟ੍ਰੋਕ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਕੁਝ ਦਵਾਈਆਂ, ਜਿਵੇਂ ਕਿ ਬਲੱਡ ਪ੍ਰੈਸ਼ਰ, ਐਲਰਜੀ ਜਾਂ ਡਿਪਰੈਸ਼ਨ ਦੀਆਂ ਦਵਾਈਆਂ ਵੀ ਸਰੀਰ ਦੀ ਤਾਪਮਾਨ ਨੂੰ ਕੰਟਰੋਲ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਹੀਟਵੇਵ ਤੋਂ ਬਚਾਅ ਲਈ ਅਪਣਾਓ ਇਹ ਸਾਵਧਾਨੀਆਂ
- ਦਿਨ ਭਰ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਪਾਣੀ, ਨਿੰਬੂ ਪਾਣੀ, ਛਾਛ ਜਾਂ ਨਾਰੀਅਲ ਪਾਣੀ ਪੀਂਦੇ ਰਹੋ।
- ਖਾਣਾ ਸਵੇਰੇ ਜਾਂ ਸ਼ਾਮ ਦੇ ਠੰਢੇ ਸਮੇਂ ਵਿੱਚ ਬਣਾਉਣ ਦੀ ਕੋਸ਼ਿਸ਼ ਕਰੋ।
- ਦੁਪਹਿਰ 11 ਵਜੇ ਤੋਂ 3 ਵਜੇ ਤੱਕ ਬਿਨਾਂ ਲੋੜ ਦੇ ਘਰੋਂ ਬਾਹਰ ਨਾ ਨਿਕਲੋ।
- ਸਿੱਧੀ ਧੁੱਪ ਅਤੇ ਰਸੋਈ ਦੀ ਵੱਧ ਗਰਮੀ ਤੋਂ ਬਚੋ।
- ਘਰ ਨੂੰ ਠੰਢਾ ਰੱਖਣ ਲਈ ਕੂਲਰ, ਪੱਖੇ ਜਾਂ ਗਿੱਲੇ ਪਰਦਿਆਂ ਦੀ ਵਰਤੋਂ ਕਰੋ।
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਗਰਮੀ ਦੌਰਾਨ ਚੱਕਰ ਆਉਣ, ਬਹੁਤ ਜ਼ਿਆਦਾ ਕਮਜ਼ੋਰੀ, ਸਿਰ ਦਰਦ, ਉਲਟੀ ਜਾਂ ਬੇਹੋਸ਼ੀ ਵਰਗੇ ਲੱਛਣ ਮਹਿਸੂਸ ਹੋਣ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰੰਤ ਡਾਕਟਰੀ ਸਲਾਹ ਲਓ।
Check out below Health Tools-
Calculate Your Body Mass Index ( BMI )
Calculate The Age Through Age Calculator
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਰੋਕ