ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੂਨ
ਪ੍ਰਤਾਪ ਚੌਕ ਕੋਲ ਸਥਿਤ ਦਸਹਿਰਾ ਗਰਾਊਂਡ ਕੋਲ ਪੈਦਲ ਜਾ ਰਹੀ ਲੜਕੀ ਨੂੰ ਕਾਰ ਸਵਾਰ ਚਾਰ ਨੌਜਵਾਨਾਂ ਨੇ ਦਿਨ ਦਿਹਾੜੇ ਅਗਵਾ ਕਰ ਲਿਆ। ਕਿਸੇ ਨੇ ਅੱਗੇ ਜਾਣ ਦੀ ਹਿੰਮਤ ਨਹੀਂ ਕੀਤੀ, ਪਰ ਇੱਕ ਰਾਹਗੀਰ ਨੇ ਇਸ ਦੀ ਜਾਣਕਾਰੀ ਤੁਰੰਤ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ-6 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਦੀਪਾਂਸ਼ੂ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਪੁਲੀਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਲੜਕੀ ਦਾ ਆਪਣੇ ਪਤੀ ਨਾਲ ਹੀ ਕੋਈ ਵਿਵਾਦ ਸੀ ਤਾਂ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਨੂੰ ਅਗਵਾ ਕਰ ਲੈ ਗਿਆ।
ਦੀਪਾਂਸ਼ੂ ਸ਼ਰਮਾ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਵੀਰਵਾਰ ਨੂੰ ਉਹ ਪ੍ਰਤਾਪ ਚੌਕ ਕੋਲ ਦਸਹਿਰਾ ਗਰਾਊਂਡ ਦੇ ਨਜ਼ਦੀਕ ਤੋਂ ਗੁਜ਼ਰ ਰਿਹਾ ਸੀ। ਇਸ ਦੌਰਾਨ ਉੱਥੇ ਕਰੀਬ 25 ਸਾਲ ਦੀ ਲੜਕੀ ਪੈਦਲ ਜਾ ਰਹੀ ਸੀ। ਇਸ ਦੌਰਾਨ ਕਾਰ ਸਵਾਰ ਚਾਰ ਨੌਜਵਾਨ ਆਏ ਤੇ ਉਨ੍ਹਾਂ ਨੇ ਲੜਕੀ ਨੂੰ ਘੇਰ ਲਿਆ। ਮੁਲਜ਼ਮਾਂ ਨੇ ਜਬਰੀ ਉਸ ਨੂੰ ਕਾਰ ’ਚ ਅਗਵਾ ਕੀਤਾ ਤੇ ਫ਼ਰਾਰ ਹੋ ਗਏ। ਦਿਨ ਦਿਹਾੜੇ ਕਾਰ ਸਵਾਰਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ, ਪਰ ਕਿਸੇ ਨੇ ਵੀ ਅੱਗੇ ਜਾਣ ਦੀ ਹਿੰਮਤ ਨਹੀਂ ਕੀਤੀ। ਦੀਪਾਂਸ਼ੂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਿਸ ਤੋਂ ਬਾਅਦ ਕੇਸ ਦਰਜ ਕੀਤਾ ਗਿਆ।
ਥਾਣਾ ਡਿਵੀਜ਼ਨ ਨੰਬਰ-6 ਦੇ ਐੱਸਐੱਚਓ ਇੰਸਪੈਕਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਲੜਕੀ ਦਾ ਆਪਣੇ ਪਤੀ ਨਾਲ ਕਿਸੇ ਗੱਲ ਸਬੰਧੀ ਵਿਵਾਦ ਸੀ। ਇਸ ਤੋਂ ਬਾਅਦ ਉਹ ਉਸ ਨੂੰ ਗੱਡੀ ’ਚ ਲੈ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।