ਨਵੀਂ ਦਿੱਲੀ, 17 ਦਸੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰਾਜ ਸਭਾ ਵਿੱਚ ਕਾਂਗਰਸ ’ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਨੇ ਸੰਵਿਧਾਨ ਨੂੰ ਇੱਕ ਪਰਿਵਾਰ ਦੀ ‘ਨਿੱਜੀ ਜਾਇਦਾਦ’ ਮੰਨਿਆ ਅਤੇ ਸੰਸਦ ਨਾਲ ‘ਧੋਖਾਧੜੀ’ ਕੀਤੀ। ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਰਾਜ ਸਭਾ ’ਚ ‘ਭਾਰਤ ਦੇ ਸੰਵਿਧਾਨ ਦੀ 75 ਸਾਲਾਂ ਦੀ ਸ਼ਾਨਾਮੱਤੀ ਯਾਤਰਾ’ ਵਿਸ਼ੇ ’ਤੇ ਦੋ ਦਿਨ ਚੱਲੀ ਚਰਚਾ ਦਾ ਜਵਾਬ ਦਿੱਤਾ। ਇਸ ਦੌਰਾਨ ਸ਼ਾਹ ਨੇ ਕਾਂਗਰਸ ’ਤੇ ਤੁਸ਼ਟੀਕਰਨ ਦੀ ਰਾਜਨੀਤੀ ਕਰਨ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਕਾਂਗਰਸ 50 ਫੀਸਦੀ ਰਾਖਵੇਂਕਰਨ ਦੀ ਹੱਦ ਤੋੜਨਾ ਚਾਹੁੰਦੀ ਹੈ।
ਉਨ੍ਹਾਂ ਕਾਂਗਰਸ ਤੋਂ ਪੁੱਛਿਆ ਕਿ ਕੀ ਉਹ ਮੁਸਲਿਮ ਪਰਸਨਲ ਲਾਅ ਦਾ ਸਮਰਥਨ ਕਰਦੀ ਹੈ? ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਾਂਗਰਸ ਨੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਦੇ ਕੰਮ ਨਹੀਂ ਕੀਤਾ।
ਕੇਂਦਰੀ ਗ੍ਰਹਿ ਮੰਤਰੀ ਨੇ ਚੋਣਾਂ ’ਚ ਈਵੀਐੱਮ ’ਤੇ ਸ਼ੱਕ ਜ਼ਾਹਿਰ ਕੀਤੇ ਜਾਣ ਨੂੰ ਲੈ ਕੇ ਵੀ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਲਈ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਦੋ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਇੱਕੋ ਦਿਨ ਆਏ ਹੋਣ ਅਤੇ ਇੱਕ ’ਚ ਕਿਸੇ ਪਾਰਟੀ ਦਾ ਸਫਾਇਆ ਹੋ ਗਿਆ ਹੋਵੇ ਅਤੇ ਦੂਜੇ ’ਚ ਉਹ ਜਿੱਤ ਗਈ ਹੋਵੇ ਤਾਂ ਈਵੀਐੱਮ ’ਤੇ ਸਵਾਲ ਉਠਾਉਣ ਵਾਲਿਆਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿਉਂਕਿ ਜਨਤਾ ਦੇਖ ਰਹੀ ਹੈ।
ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਨਾਂ ਲਏ ਬਿਨਾਂ ਕਿਹਾ, ‘‘ਅਜੇ ਕੁਝ ਰਾਜਨੇਤਾ ਆਏ ਹਨ। 54 ਸਾਲ ਦੀ ਉਮਰ ’ਚ ਖੁਦ ਨੂੰ ਨੌਜਵਾਨ ਆਖਦੇ ਹਨ। ਘੁੰਮਦੇ ਰਹਿੰਦੇ ਹਨ ਅਤੇ ਕਹਿੰਦੇ ਹਨ ਕਿ (ਹਾਕਮ ਧਿਰ ਵਾਲੇ) ਸੰਵਿਧਾਨ ਬਦਲ ਦੇਣਗੇ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਸੰਵਿਧਾਨ ਬਦਲਣ ਦੀ ਮੱਦ ਸੰਵਿਧਾਨ ਦੀ ਧਾਰਾ 368 ’ਚ ਹੀ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਨੇ 16 ਸਾਲ ਸ਼ਾਸਨ ਕੀਤਾ ਜਿਸ ਦੌਰਾਨ 22 ਵਾਰ ਸੰਵਿਧਾਨ ’ਚ ਸੋਧ ਕੀਤੀ ਗਈ ਜਦਕਿ ਕਾਂਗਰਸ ਨੇ 55 ਸਾਲ ਰਾਜ ਕੀਤਾ ਤੇ ਇਸ ਦੌਰਾਨ ਉਸ ਨੇ ਸੰਵਿਧਾਨ ’ਚ 77 ਵਾਰ ਤਬਦੀਲੀ ਕੀਤੀ।’’ -ਪੀਟੀਆਈ
ਵਿਰੋਧੀ ਧਿਰ ਨੇ ਮਨੀਪੁਰ ਦੇ ਮੁੱਦੇ ’ਤੇ ਸਰਕਾਰ ਘੇਰੀ
ਮਨੀਪੁਰ ਦੇ ਮੁੱਦੇ ’ਤੇ ਰਾਜ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਤ੍ਰਿਣਾਮੂਲ ਕਾਂਗਰਸ ਤੇ ਸੀਪੀਆਈ (ਐੱਮ) ਨੇ ਕਿਹਾ ਕਿ ਸੰਵਿਧਾਨ ਦੀ 75 ਸਾਲ ਦੀ ਸ਼ਾਨਾਮੱਤੀ ਯਾਤਰਾ ’ਤੇ ਚਰਚਾ ਦੌਰਾਨ ਮਨੀਪੁਰ ਬਾਰੇ ਗੱਲ ਨਾ ਕਰਨਾ ਠੀਕ ਨਹੀਂ ਹੈ। ਟੀਐੱਮਸੀ ਆਗੂ ਸੁਸ਼ਮਿਤਾ ਦੇਵ ਨੇ ਕਿਹਾ ਕਿ ਉੱਤਰ-ਪੂਰਬੀ ਖੇਤਰ ਦੀ ਹਾਕਮ ਪਾਰਟੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਮਨੀਪੁਰ ’ਚ ਸੰਵਿਧਾਨ ਤਹਿਤ ਲੋਕਾਂ ਨੂੰ ਦਿੱਤੇ ਗਏ ਸਾਰੇ ਅਧਿਕਾਰਾਂ ’ਚ ਕਟੌਤੀ ਕਰ ਦਿੱਤੀ ਗਈ ਹੈ। ਸੀਪੀਆਈ (ਐੱਮ) ਦੇ ਜੌਹਨ ਬ੍ਰਿਟਸ ਨੇ ਕਿਹਾ, ‘ਪ੍ਰਧਾਨ ਮੰਤਰੀ ਨੂੰ ਮਨੀਪੁਰ ਜਾਣ ਦਿੱਤਾ ਜਾਵੇ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣ ਦਿੱਤੀ ਜਾਵੇ।’