ਕਵਿੰਦਰ ਚਾਂਦ
ਅਸੀਂ ਓਂਕਾਰ ਦੇ ਬੱਚੇ
ਅਸੀਂ ਊੜੇ ਦੇ ਜਾਏ ਹਾਂ
ਅਸੀਂ ਪੈਂਤੀ ਦਾ ਛੱਟਾ ਦੇਣ
ਇਸ ਦੁਨੀਆ ’ਤੇ ਆਏ ਹਾਂ
ਅਸੀਂ ਖਾਰੇ ਸਮੁੰਦਰਾਂ ਨੂੰ
ਕਰਾਂਗੇ ਇੱਕ ਦਿਨ ਮਿੱਠਾ
ਅਸੀਂ ਪੰਜ ਆਬ ਦੇ ਪਾਣੀ
’ਚੋਂ ਗਾਗਰ ਭਰ ਲਿਆਏ ਹਾਂ
ਅਸੀਂ ਦੁਨੀਆ ਦੇ ਹਰ ਕੋਨੇ
’ਚ ਮਹਿਕੇ ਗੁਰਮੁਖੀ ਬਣ ਕੇ
ਅਸੀਂ ਉੱਗੇ ਕਣਕ ਵਾਂਗੂ
ਤੇ ਹੁਣ ਨਿਸਰਨ ’ਤੇ ਆਏ ਹਾਂ
ਅਸੀਂ ਪੰਜਾਬ ਦੇ ਪੁੱਤਰ ਹਾਂ
ਵਗਦੇ ਪਾਣੀਆਂ ਵਰਗੇ
ਗੁਰੂ ਪੌਣਾਂ ਨੂੰ ਮੰਨਦੇ ਹਾਂ
ਤੇ ਮਾਂ ਮਿੱਟੀ ਦੇ ਜਾਏ ਹਾਂ
ਤੁਸੀਂ ਸਭ ਜਾਣਦੇ ਹੋ ਪਰ
ਕਦੇ ਨਾਨਕ ਨੂੰ ਪੜ੍ਹਿਆ ਹੈ?
ਕਵੀ ਕਿਰਸਾਨ ਬਾਬੇ ਦਾ
ਸੁਨੇਹਾ ਲੈ ਕੇ ਆਏ ਹਾਂ
ਅਸੀਂ ਹੱਥਾਂ ਦੇ ਅੱਟਣ ਪਰਖੀਏ
ਨਾ ਕਿ ਲਕੀਰਾਂ ਨੂੰ
ਅਸੀਂ ਕਿਸਮਤ ਦੇ ਘਾੜੇ ਹਾਂ
ਅਸੀਂ ਕਿਰਤਾਂ ਦੇ ਜਾਏ ਹਾਂ
News Source link
#ਊੜ #ਦ #ਜਏ