ਪੱਤਰ ਪ੍ਰੇਰਕ
ਰੂਪਨਗਰ, 4 ਮਾਰਚ
ਆਈਆਈਟੀ ਰੂਪਨਗਰ ਵਿੱਚ ਨਹਿਰੂ ਯੁਵਾ ਕੇਂਦਰ ਸੰਗਠਨ ਨਵੀਂ ਦਿੱਲੀ ਦੀ ਅਗਵਾਈ ਹੇਠ ਹੋ ਰਹੇ ਯੁਵਾ ਉਤਸਵ ਇੰਡੀਆ@ 2047 ਦੀ ਸ਼ੁਰੂਆਤ ਕੇਂਦਰੀ ਮੰਤਰੀ ਅਨੁਰਾਗ ਸਿੰਘ ਠਾਕੁਰ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਯੁਵਾ ਉਤਸਵ ਦਾ ਡੈਸ਼ਬੋਰਡ ਵੀ ਲਾਂਚ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਠਾਕੁਰ ਨੇ ਕਿਹਾ ਕਿ ਨੌਜਵਾਨ ਸ਼ਕਤੀ ਇੱਕ ਅਜਿਹੀ ਸ਼ਕਤੀ ਹੈ, ਜਿਸ ਨੂੰ ਕਦੇ ਨਾਪਿਆ ਜਾਂ ਤੋਲਿਆ ਨਹੀਂ ਜਾ ਸਕਦਾ ਤੇ ਨੌਜਵਾਨਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੁਨੀਆਂ ਦੀ ਸਭ ਤੋਂ ਵੱਡੀ ਯੁਵਾ ਸ਼ਕਤੀ ਹਨ ਅਤੇ ਉਨ੍ਹਾਂ ਨੂੰ ਆਪਣੀ ਵਿਸ਼ਾਲ ਸਮਰੱਥਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਗਮ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ, ਨਹਿਰੂ ਯੁਵਾ ਕੇਂਦਰ ਸੰਗਠਨ ਦੇ ਡਾਇਰੈਕਟਰ ਜਨਰਲ ਨਿਤੇਸ਼ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ।