ਨਵੀਂ ਦਿੱਲੀ, 16 ਜਨਵਰੀ
ਬੀਆਰਐਸ ਆਗੂ ਕਵਿਤਾ ਕੇ ਦਿੱਲੀ ਦੀ ਆਬਕਾਰੀ ਨੀਤੀ ਦੇ ਮਾਮਲੇ ’ਚ ਨਵੇਂ ਸਿਰਿਓਂ ਪੁੱਛਗਿੱਛ ਲਈ ਐਨਫੋਰਸਮੈਂਟ ਡਾਇਰੈਕਟਰੋਰੇਟ ਦੇ ਅੱਗੇ ਪੇਸ਼ ਨਹੀਂ ਹੋਈ। ਇਸ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਮਨੀ ਲਾਂਡਰਿੰਗ ਦਾ ਮਾਮਲਾ ਦਿੱਲੀ ਆਬਕਾਰੀ ਨੀਤੀ ਨਾਲ ਜੁੜਿਆ ਹੋਇਆ ਹੈ। ਮੰਨਿਆ ਜਾਂਦਾ ਹੈ ਕਿ ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ 45 ਸਾਲਾ ਧੀ ਨੇ ਈਡੀ ਦੇ ਸੰਮਨ ਦੀ ਪਾਲਣਾ ਨਾ ਕਰਨ ਦੇ ਆਪਣੇ ਫੈਸਲੇ ਨੂੰ ਇੱਕ ਈਮੇਲ ਰਾਹੀਂ ਜਾਂਚ ਅਧਿਕਾਰੀ ਨੂੰ ਜਾਣੂ ਕਰਵਾਇਆ ਹੈ। ਉਸ ਦੇ ਵਕੀਲ ਨਿਤੇਸ਼ ਰਾਣਾ ਨੇ ਸੋਮਵਾਰ ਨੂੰ ਪੀਟੀਆਈ ਨੂੰ ਦੱਸਿਆ ਸੀ, ‘‘ਸੁਪਰੀਮ ਕੋਰਟ ਨੇ ਇੱਕ ਆਦੇਸ਼ ਵਿੱਚ ਕਿਹਾ ਹੈ ਕਿ ਈਡੀ ਇਸ ਮਾਮਲੇ ਵਿੱਚ ਕਵਿਤਾ ਨੂੰ ਸੰਮਨ ਨਹੀਂ ਕਰ ਸਕਦੀ।’’ ਈਡੀ ਦੇ ਸੂਤਰਾਂ ਨੇ ਕਿਹਾ ਹੈ ਕਿ ਬੀਆਰਐਸ ਨੇਤਾ ਨੂੰ ਪਿਛਲੇ ਸਾਲ ਸੁਪਰੀਮ ਕੋਰਟ ਤੋਂ ਅਸਥਾਈ ਰਾਹਤ ਮਿਲੀ ਸੀ ਅਤੇ ਇਹ ਹੁਣ ਜਾਇਜ਼ ਨਹੀਂ ਹੈ। ਫੈਡਰਲ ਏਜੰਸੀ ਉਸ ਨੂੰ ਨਵਾਂ ਸੰਮਨ ਜਾਰੀ ਕਰ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਈਡੀ ਇਸ ਸੰਦਰਭ ‘ਚ ਜਲਦੀ ਹੀ ਕੋਈ ਫੈਸਲਾ ਲਵੇਗੀ। ਕਵਿਤਾ ਕਲਵਕੁੰਤਲਾ ਤੋਂ ਇਸ ਮਾਮਲੇ ਦੇ ਸਬੰਧ ਵਿੱਚ ਪਿਛਲੇ ਸਾਲ ਤਿੰਨ ਵਾਰ ਪੁੱਛਗਿੱਛ ਕੀਤੀ ਗਈ ਸੀ। -ਪੀਟੀਆਈ