ਪੱਤਰ ਪ੍ਰੇਰਕ
ਤਰਨ ਤਾਰਨ, 16 ਮਈ
ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸਥਾਨਕ ਜ਼ਿਲ੍ਹਾ ਇਕਾਈ ਅੱਜ ਇੱਥੇ ਬੀਤੇ ਅੱਠ ਮਹੀਨਿਆਂ ਤੋਂ ਭੱਤੇ ਦੀ ਅਦਾਇਗੀ ਨਾ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕੀਤਾ| ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਰਜਵੰਤ ਕੌਰ ਪੰਜਵੜ ਦੀ ਅਗਵਾਈ ਵਿੱਚ ਕੀਤੇ ਇਸ ਰੋਸ ਵਿਖਾਵੇ ਵਿੱਚ ਜ਼ਿਲ੍ਹਾ ਭਰ ਤੋਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਭਾਗ ਲਿਆ| ਇਸ ਮੌਕੇ ਰਾਜਵੰਤ ਕੌਰ ਤੋਂ ਇਲਾਵਾ ਗੁਰਪ੍ਰੀਤ ਕੌਰ ਮਲਮੋਹਰੀ, ਸਤਿੰਦਰ ਕੌਰ ਬੁੱਘਾ ਤੇ ਰਣਜੀਤ ਕੌਰ ਕੱਕਾ ਕੰਡਿਆਲਾ ਆਦਿ ਨੇ ਸੰਬੋਧਨ ਕੀਤਾ|
ਆਗੂਆਂ ਨੇ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੂੰ ਸਰਕਾਰ ਵੱਲੋਂ ਬਿਨਾਂ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕਰਨ ਦੀ ਨਿਖੇਧੀ ਕੀਤੀ ਅਤੇ ਸਰਕਾਰ ਨੂੰ ਆਪਣੀਆਂ ਅਜਿਹੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆਉਣ ਲਈ ਕਿਹਾ| ਬੁਲਾਰਿਆਂ ਨੇ ਉਨ੍ਹਾਂ ਦਾ ਅੱਠ ਮਹੀਨਿਆਂ ਤੋਂ ਰੋਕਿਆ ਭੱਤਾ ਤੁਰੰਤ ਜਾਰੀ ਕੀਤੇ ਜਾਣ, ਆਂਗਨਵਾੜੀ ਕੇਂਦਰ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਖੁਰਾਕ ਦਾ ਪੱਧਰ ਸੁਧਾਰਨ, ਛੇ ਸਾਲ ਤੱਕ ਦੀ ਉਮਰ ਦੇ ਬੱਚੇ ਪ੍ਰੀ-ਪ੍ਰਾਇਮਰੀ ਸਕੂਲਾਂ ਤੋਂ ਆਂਗਨਵਾੜੀ ਕੇਂਦਰਾਂ ਨੂੰ ਵਾਪਸ ਕਰਨ ਆਦਿ ਦੀ ਵੀ ਮੰਗ ਕੀਤੀ| ਜਥੇਬੰਦੀ ਦੀਆਂ ਵਰਕਰਾਂ ਨੇ ਸਰਕਾਰ ਖਿਲਾਫ਼ ਖੂਬ ਨਾਅਰੇਬਾਜ਼ੀ ਵੀ ਕੀਤੀ|