ਭਾਰਤ–ਅਮਰੀਕਾ ਟਰੇਡ ਡੀਲ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ, ਜਿਨ੍ਹਾਂ ਦੇ ਜਵਾਬ ਹਾਲੇ ਮਿਲਣੇ ਬਾਕੀ ਹਨ। ਸਰਕਾਰ ਵੱਲੋਂ ਅਧਿਕਾਰਕ ਤੌਰ ’ਤੇ ਹੁਣ ਤੱਕ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ, ਜਦਕਿ ਟਰੰਪ ਨੇ ਟਰੂਥ ਸੋਸ਼ਲ ’ਤੇ ਆਪਣੀ ਪੋਸਟ ਵਿੱਚ ਕਈ ਵੱਡੇ ਦਾਅਵੇ ਕੀਤੇ ਹਨ।
ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਨੇ ਮੰਗਲਵਾਰ ਨੂੰ ਐਕਸ ’ਤੇ ਪੋਸਟ ਕਰਦੇ ਹੋਏ ਕਿਹਾ ਕਿ ਭਾਰਤ ਅਮਰੀਕੀ ਖੇਤੀਬਾੜੀ ਉਤਪਾਦਾਂ ’ਤੇ ਟੈਰਿਫ ਘਟਾ ਕੇ ਜ਼ੀਰੋ ਕਰ ਦੇਵੇਗਾ। ਉਨ੍ਹਾਂ ਮੁਤਾਬਕ ਰਾਸ਼ਟਰਪਤੀ ਟਰੰਪ ਦੇ ਭਾਰਤ ਨਾਲ ਹੋਏ ਇਸ ਇਤਿਹਾਸਕ ਸਮਝੌਤੇ ਨਾਲ ਅਮਰੀਕੀ ਕਿਸਾਨਾਂ ਅਤੇ ਉਤਪਾਦਕਾਂ ਨੂੰ ਭਾਰਤੀ ਬਾਜ਼ਾਰ ਤੱਕ ਪਹੁੰਚ ਮਿਲੇਗੀ। ਇਕ ਇੰਟਰਵਿਊ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਮਝੌਤੇ ਤਹਿਤ ਭਾਰਤ ਨੂੰ ਕੁਝ ਖੇਤੀਬਾੜੀ ਉਤਪਾਦਾਂ ਦੇ ਆਯਾਤ ’ਤੇ ਸੁਰੱਖਿਆ ਬਣਾਈ ਰੱਖਣ ਦੀ ਇਜਾਜ਼ਤ ਵੀ ਦਿੱਤੀ ਜਾਵੇਗੀ।
ਪੀਯੂਸ਼ ਗੋਇਲ ਨੇ ਕੀ ਕਿਹਾ
ਭਾਰਤ ਦੇ ਵਪਾਰ ਮੰਤਰੀ ਪੀਯੂਸ਼ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਰੀਬ 20 ਮਿੰਟ ਦਾ ਬਿਆਨ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਮੋਦੀ–ਟਰੰਪ ਦੀ ਦੋਸਤੀ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਦੇ ਸਾਰੇ 140 ਕਰੋੜ (1.4 ਅਰਬ) ਭਾਰਤੀਆਂ ਨੂੰ ਇਸ ਸਮਝੌਤੇ ਤੋਂ ਲਾਭ ਮਿਲਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਸਮਝੌਤੇ ਨੂੰ ਜਲਦੀ ਹੀ ਅੰਤਿਮ ਰੂਪ ਦੇ ਕੇ ਇਸ ’ਤੇ ਦਸਤਖ਼ਤ ਕੀਤੇ ਜਾਣਗੇ।
ਇਸਦੇ ਨਾਲ ਹੀ ਖ਼ਬਰ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਇਸ ਹਫ਼ਤੇ ਦੇ ਅੰਦਰ ਇੱਕ ਸਾਂਝਾ ਬਿਆਨ ਵੀ ਜਾਰੀ ਕੀਤਾ ਜਾ ਸਕਦਾ ਹੈ।
ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਅਰ ਦਾ ਬਿਆਨ
ਜੈਮੀਸਨ ਗ੍ਰੀਅਰ ਨੇ ਸੀਐਨਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਵਿੱਚ ਕਈ ਚੀਜ਼ਾਂ ਜਿਵੇਂ ਮੇਵੇ, ਸ਼ਰਾਬ, ਸਪਿਰਿਟ, ਫਲ, ਸਬਜ਼ੀਆਂ ਆਦਿ ’ਤੇ ਟੈਰਿਫ ਸਿਫ਼ਰ ਹੋਣ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੇ ਚਾਵਲ, ਸੋਆਬੀਨ, ਚੀਨੀ ਜਾਂ ਦੁੱਧ ਤੋਂ ਬਣੇ ਉਤਪਾਦਾਂ ਦਾ ਕੋਈ ਜ਼ਿਕਰ ਨਹੀਂ ਕੀਤਾ। ਇਹ ਉਹ ਉਤਪਾਦ ਹਨ, ਜਿਨ੍ਹਾਂ ਨੂੰ ਭਾਰਤ ਨੇ ਯੂਰਪੀ ਯੂਨੀਅਨ ਨਾਲ ਆਪਣੇ ਹਾਲੀਆ ਵਪਾਰ ਸਮਝੌਤੇ ਵਿੱਚ ਵੀ ਬਾਹਰ ਰੱਖਿਆ ਹੋਇਆ ਹੈ।
ਟਰੰਪ ਨੇ ਕੀ ਕਿਹਾ ਸੀ
ਭਾਰਤ-ਅਮਰੀਕਾ ਵਪਾਰ ਸੌਦੇ ਬਾਰੇ ਟਰੰਪ ਨੇ ਕਿਹਾ ਹੈ ਕਿ ਭਾਰਤੀ ਪ੍ਰਧਾਨ ਮੰਤਰੀ ਮੇਰੇ ਸਭ ਤੋਂ ਚੰਗੇ ਦੋਸਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 500 ਅਰਬ ਡਾਲਰ ਦਾ ਅਮਰੀਕੀ ਸਾਮਾਨ ਖਰੀਦਣ, ਅਮਰੀਕਾ ‘ਤੇ ਟੈਰਿਫ ਨੂੰ ਜ਼ੀਰੋ ਕਰਨ ਅਤੇ ਰੂਸ ਤੋਂ ਕੱਚੇ ਤੇਲ ਦੀ ਖਰੀਦ ਨੂੰ ਰੋਕਣ ਲਈ ਸਹਿਮਤੀ ਦਿੱਤੀ ਹੈ ਕਿਉਂਕਿ ਅਮਰੀਕੀਆਂ ਦਾ ਮੰਨਣਾ ਹੈ ਕਿ ਦਿੱਲੀ ਦੀ ਖਰੀਦ ਅਸਿੱਧੇ ਤੌਰ ‘ਤੇ ਯੂਕਰੇਨ ਯੁੱਧ ਲਈ ਫੰਡਿੰਗ ਕਰ ਰਹੀ ਸੀ।
ਟਰੰਪ ਦੀ ਪੋਸਟ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਪੋਸਟ ਵਿੱਚ 18 ਫ਼ੀਸਦੀ ਟੈਰਿਫ ਤੋਂ ਇਲਾਵਾ ਸਮਝੌਤੇ ਦੀਆਂ ਹੋਰ ਵਿਸਥਾਰਕ ਜਾਣਕਾਰੀਆਂ ਸਾਂਝੀਆਂ ਨਹੀਂ ਕੀਤੀਆਂ। ਫ਼ਿਲਹਾਲ ਭਾਰਤ ਅਮਰੀਕਾ ਤੋਂ ਸਾਲਾਨਾ 50 ਅਰਬ ਡਾਲਰ ਤੋਂ ਘੱਟ ਦਾ ਆਯਾਤ ਕਰਦਾ ਹੈ, ਇਸ ਲਈ ਇਸਨੂੰ ਵਧਾ ਕੇ 500 ਅਰਬ ਡਾਲਰ ਤੱਕ ਲਿਜਾਣਾ ਇੱਕ ਵੱਡੀ ਚੁਣੌਤੀ ਹੋਵੇਗੀ। ਇਹ ਸਵਾਲ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਵੱਲੋਂ ਵੀ ਉਠਾਏ ਗਏ ਹਨ।
ਹੋਰ ਪੜ੍ਹੋ