ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਫਰਵਰੀ
ਅਮਰੀਕਾ ਤੋਂ ਮੁਲਕ ਵਾਪਸ ਭੇਜੇ ਜਾ ਰਹੇ ਪ੍ਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਾਰਨ ’ਤੇ ਸਖਤ ਇਤਰਾਜ਼ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਜਹਾਜ਼ ਨੂੰ ਪੰਜਾਬ ਨੂੰ ਛੱਡ ਕੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ’ਤੇ ਉਤਾਰਿਆ ਜਾਵੇ।
ਅੱਜ ਸ਼ਾਮ ਇੱਥੇ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਪਹਿਲਾਂ ਵੀ ਅਤੇ ਹੁਣ ਮੁੜ ਅਮਰੀਕਾ ਤੋਂ ਵਾਪਸ ਮੁਲਕ ਭੇਜੇ ਜਾ ਰਹੇ ਪ੍ਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਿਆ ਜਾ ਰਿਹਾ ਹੈ। ਜਦੋਂ ਕਿ ਇਹ ਕੌਮੀ ਸਮੱਸਿਆ ਹੈ।
ਉਨ੍ਹਾਂ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਕੋਲ ਆਪਣਾ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਅਮਰੀਕੀ ਜਹਾਜ਼ ਨੂੰ ਪੰਜਾਬ ਦੇ ਹਵਾਈ ਅੱਡੇ ਦੀ ਥਾਂ ਦਿੱਲੀ, ਅਹਿਮਦਾਬਾਦ ਜਾਂ ਕਿਸੇ ਹੋਰ ਸੂਬੇ ਦੇ ਹਵਾਈ ਅੱਡੇ ਤੇ ਉਤਾਰਿਆ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਨਾਗਰਿਕਾਂ ਨੂੰ ਉਸ ਹਵਾਈ ਅੱਡੇ ਤੋਂ ਪੰਜਾਬ ਸਰਕਾਰ ਮਾਣ ਸਨਮਾਨ ਨਾਲ ਵਾਪਸ ਲੈ ਕੇ ਆਵੇਗੀ। ਉਨ੍ਹਾਂ ਦੱਸਿਆ ਕਿ ਉਹ ਅੱਜ ਇੱਥੇ ਇਸ ਲਈ ਪੁੱਜੇ ਹਨ ਤਾਂ ਜੋ ਅਮਰੀਕਾ ਤੋਂ ਸ਼ਨਿੱਚਰਵਾਰ ਨੂੰ ਆ ਰਹੇ ਪ੍ਰਵਾਸੀ ਭਾਰਤੀਆਂ ਨੂੰ ਜੀ ਆਇਆਂ ਕਹਿ ਸਕਣ ਅਤੇ ਮਾਣ ਸਨਮਾਨ ਨਾਲ ਰਸੀਵ ਕਰ ਸਕਣ। ਉਨ੍ਹਾਂ ਕਿਹਾ ਕਿ ਕਿ ਉਹ ਭਾਵੇਂ ਗਲਤ ਢੰਗ ਤਰੀਕੇ ਨਾਲ ਏਜੰਟਾਂ ਦੇ ਹੱਥੇ ਚੜ ਕੇ ਅਮਰੀਕਾ ਗਏ ਹਨ ਪਰ ਆਖਰ ਉਹ ਹੈ ਤਾਂ ਭਾਰਤੀ।
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੇ ਭਾਰਤੀਆਂ ਨੂੰ ਅਮਰੀਕੀ ਫੌਜ ਦੇ ਮਾਲਵਾਹਕ ਜਹਾਜ਼ ਵਿੱਚ ਹੱਥਕੜੀਆਂ ਅਤੇ ਪੈਰਾਂ ਵਿਚ ਬੇੜੀਆਂ ਲਾ ਕੇ ਭੇਜਿਆ ਗਿਆ ਸੀ ਜੋ ਕਿ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਪ੍ਰਧਾਨ ਮੰਤਰੀ ਅਮਰੀਕਾ ਦੌਰੇ ਤੋਂ ਹੋ ਕੇ ਆਏ ਹਨ ਅਤੇ ਵਾਪਸ ਪਰਤ ਰਹੇ ਹਨ। ਕੀ ਉਹ ਹੱਥਕੜੀਆਂ ਅਤੇ ਬੇੜੀਆਂ ਲੱਗੇ ਭਾਰਤੀਆਂ ਨੂੰ ਤੋਹਫੇ ਵਜੋਂ ਵਾਪਸ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਦਾ ਵਿਰੋਧ ਜਤਾਉਣਾ ਚਾਹੀਦਾ ਹੈ।