ਨਵੀਂ ਦਿੱਲੀ, 15 ਫਰਵਰੀ
ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਅੱਜ ਕਈ ਸਵਾਲ ਚੁੱਕੇ ਕਿ ਕੀ ਦੇਸ਼ ਨੂੰ ਅਮਰੀਕਾ ਤੋਂ ਐੱਫ-35 ਜਿਹੇ ਮਹਿੰਗੇ ਲੜਾਕੂ ਜਹਾਜ਼ਾਂ ਦੀ ਲੋੜ ਹੈ ਅਤੇ ਕੀ ਦੇਸ਼ ਹਿੱਤ ’ਚ ਸੁਰੱਖਿਆ ਮਾਹਿਰਾਂ ਤੇ ਹਥਿਆਰਬੰਦ ਬਲਾਂ ਤੋਂ ਇਸ ਬਾਰੇ ਸਲਾਹ ਲਈ ਗਈ ਸੀ।
ਐਕਸ ’ਤੇ ਪਾਈਆਂ ਕਈ ਪੋਸਟਾਂ ’ਚ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਐੱਫ-35 ਜਹਾਜ਼ ’ਚ ਕਈ ਕਮੀਆਂ ਹਨ ਅਤੇ ਕਈ ਹਾਦਸੇ ਹੋਏ ਹਨ। ਕੁਝ ਨੇ ਉਨ੍ਹਾਂ ਨੂੰ ‘ਕਬਾੜ’ ਕਿਹਾ ਹੈ ਅਤੇ ਕੁਝ ਨੇ ‘ਬੇਕਾਰ’ ਕਿਹਾ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕਾ ਤੋਂ ਐੱਫ-35 ਲੜਾਕੂ ਜਹਾਜ਼ ਖਰੀਦਣ ਦੀ ਖੂਬ ਚਰਚਾ ਹੋ ਰਹੀ ਹੈ ਪਰ ਕੀ ਮੋਦੀ ਸਰਕਾਰ ਨੇ ਦੇਸ਼ ਦੇ ਹਿੱਤ ’ਚ ਇਨ੍ਹਾਂ ਪੱਖਾਂ ’ਤੇ ਵਿਚਾਰ ਕੀਤਾ?’ ਉਨ੍ਹਾਂ ਕਿਹਾ ਕਿ ਐੱਫ-35 ਲੜਾਕੂ ਜਹਾਜ਼ ਦੀ ਉਡਾਣ ਦਾ ਖਰਚਾ ਪ੍ਰਤੀ ਘੰਟਾ 35 ਹਜ਼ਾਰ ਅਮਰੀਕੀ ਡਾਲਰ ਜਾਂ 28 ਲੱਖ ਰੁਪਏ ਪ੍ਰਤੀ ਘੰਟਾ ਹੈ। ਐੱਫ-35 ਦੁਨੀਆ ਦਾ ਸਭ ਤੋਂ ਮਹਿੰਗਾ ਲੜਾਕੂ ਜਹਾਜ਼ ਹੈ ਅਤੇ ਇਸ ਇੱਕ ਜਹਾਜ਼ ਦੀ ਕੀਮਤ ਤਕਰੀਬਨ 1.10 ਕਰੋੜ ਡਾਲਰ ਜਾਂ 968 ਕਰੋੜ ਰੁਪਏ ਹੈ। -ਪੀਟੀਆਈ