Yograj Singh Controversy : ਪੰਜਾਬੀ ਅਦਾਕਾਰ ਯੋਗਰਾਜ ਸਿੰਘ ਵੱਲੋਂ ਪੰਜਾਬੀ ਵੈਬਸੀਰੀਜ਼ ‘ਚ ਮਹਿਲਾਵਾਂ ਬਾਰੇ ਬੋਲੇ ਅਪਮਾਨਜਨਕ ਡਾਇਲੌਂਗ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸੋ-ਮੋਟੋ ਨੋਟਿਸ ਲਿਆ ਹੈ। ਇਸ ਵੀਡੀਓ ਵਿੱਚ ਅਦਾਕਾਰ ਯੋਗਰਾਜ ਸਿੰਘ ’ਤੇ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਦੇ ਦੋਸ਼ ਲੱਗੇ ਹਨ। ਕਮਿਸ਼ਨ ਨੇ ਕਿਹਾ ਕਿ ਵੀਡੀਓ ਵਿੱਚ ਵਰਤੀ ਗਈ ਭਾਸ਼ਾ ਨਾ ਸਿਰਫ਼ ਔਰਤਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜ ਵਿੱਚ ਗਲਤ ਸੰਦੇਸ਼ ਵੀ ਫੈਲਾ ਰਹੀ ਹੈ।
ਪੰਜਾਬ ਮਹਿਲਾ ਕਮਿਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਰਾਹੀਂ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਕਿਹਾ ਕਿ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇ ਕਿ ਵੈੱਬ ਸੀਰੀਜ਼ ਵਿੱਚ ਵਰਤੀ ਸਮੱਗਰੀ ਕਿੰਨੀ ਹੱਦ ਤੱਕ ਔਰਤਾਂ ਦੀ ਅਪਮਾਨਨਾ ਕਰਦੀ ਹੈ ਅਤੇ ਕੀ ਇਸ ਨਾਲ ਕਾਨੂੰਨੀ ਉਲੰਘਣਾ ਹੋਈ ਹੈ।
ਕਮਿਸ਼ਨ ਨੇ ਵੈੱਬ ਸੀਰੀਜ਼ ਨਾਲ ਜੁੜੇ ਕਲਾਕਾਰਾਂ, ਲੇਖਕਾਂ ਅਤੇ ਨਿਰਦੇਸ਼ਕਾਂ ਖਿਲਾਫ ਵੀ ਉਚਿਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦਾ ਮੰਨਣਾ ਹੈ ਕਿ ਮਨੋਰੰਜਨ ਦੇ ਨਾਮ ’ਤੇ ਕਿਸੇ ਵੀ ਵਰਗ, ਖ਼ਾਸ ਕਰਕੇ ਔਰਤਾਂ ਪ੍ਰਤੀ ਅਪਮਾਨਜਨਕ ਭਾਸ਼ਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਐਸਐਸਪੀ ਚੰਡੀਗੜ੍ਹ ਨੂੰ ਦਿੱਤੀ ਗਈ ਸ਼ਿਕਾਇਤ
ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਮਾਮਲੇ ਸਬੰਧੀ ਐਸ.ਐਸ.ਪੀ ਚੰਡੀਗੜ੍ਹ ਨੂੰ ਸ਼ਿਕਾਇਤ ਦਰਜ ਕਰਵਾਉਣ ਵਾਲਿਆ ‘ਚ ਐਡੋਵੈਕੇਟ ਉੱਜਵਲ ਭਸੀਨ ਪ੍ਰਮੁੱਖ ਹਨ। ਵਕੀਲ ਨੇ ਆਪਣੀ ਸ਼ਿਕਾਇਤ ਦੇ ਆਧਾਰ ਵਜੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਕਲਿੱਪ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਦਾ ਆਰੋਪ ਹੈ ਕਿ ਵੀਡੀਓ ਵਿੱਚ ਔਰਤਾਂ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਸ ਵਿੱਚ ਯੋਗਰਾਜ ਸਿੰਘ ਇਹ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ, “ਔਰਤਾਂ ਦਿਨ ਵੇਲੇ ਚੁੱਲ੍ਹੇ ‘ਤੇ ਹੁੰਦੀਆਂ ਹਨ ਅਤੇ ਰਾਤ ਨੂੰ ….’ਤੇ।”
ਯੋਗਰਾਜ ਸਿੰਘ ਦੀ ਪ੍ਰਤੀਕਿਰਿਆ
ਫਿਲਹਾਲ ਇਸ ਪੂਰੇ ਮਾਮਲੇ ‘ਤੇ ਯੋਗਰਾਜ ਸਿੰਘ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਪੁਲਸ ਪ੍ਰਸ਼ਾਸਨ ਨੇ ਸ਼ਿਕਾਇਤ ਪ੍ਰਾਪਤ ਕਰ ਲਈ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਹ ਵੀਡੀਓ ਕਲਿੱਪ 8 ਮਈ 2026 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਈ ਹਿੰਦੀ ਵੈੱਬ ਸੀਰੀਜ਼ ‘ਲੁੱਖੇ’ ਦੇ ਇੱਕ ਐਪੀਸੋਡ ਤੋਂ ਲਈ ਗਈ ਹੈ। ਇਹ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੀ ਹੈ, ਅਤੇ ਇਸ ਵੈੱਬ ਸੀਰੀਜ਼ ਵਿੱਚ ਬੋਲੇ ਗਏ ਅਪਮਾਨਜਨਕ ਡਾਇਲੌਂਗ ਦੇ ਆਧਾਰ ‘ਤੇ ਵਕੀਲ ਨੇ ਯੋਗਰਾਜ ਸਿੰਘ ਅਤੇ ਹੋਰਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਯੋਗਰਾਜ ਸਿੰਘ ਨੇ ਅਜੇ ਤੱਕ ਇਸ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ।
ਹੋਰ ਪੜ੍ਹੋ