Women Reservation act 2023 : ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਦੇ ਫੇਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਕਈ ਪਾਰਟੀਆਂ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਵਿਰੋਧੀ ਪਾਰਟੀਆਂ ਨੇ ਵੀ ਜਵਾਬੀ ਹਮਲਾ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਇੱਕ ਪੋਸਟ ਵਿੱਚ ਭਾਜਪਾ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਪ੍ਰਧਾਨ ਮੰਤਰੀ ਨੇ ਇਮਾਨਦਾਰੀ ਨਾਲ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਦੇਸ਼ ਨੂੰ ਗੁੰਮਰਾਹ ਕਰਨ ਦੀ ਚੋਣ ਕੀਤੀ।
ਟੀਐਮਸੀ ਵਿੱਚ ਕਿੰਨੀਆਂ ਮਹਿਲਾ ਨੇਤਾ ਹਨ?
ਮਮਤਾ ਬੈਨਰਜੀ ਨੇ ਕਿਹਾ, “ਮੈਂ ਇਹ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਤ੍ਰਿਣਮੂਲ ਕਾਂਗਰਸ ਹਮੇਸ਼ਾ ਔਰਤਾਂ ਲਈ ਉੱਚ ਰਾਜਨੀਤਿਕ ਪ੍ਰਤੀਨਿਧਤਾ ਦੀ ਸਮਰਥਕ ਰਹੀ ਹੈ। ਸਾਡੇ ਕੋਲ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਦੋਵਾਂ ਵਿੱਚ ਚੁਣੇ ਗਏ ਮਹਿਲਾ ਪ੍ਰਤੀਨਿਧੀਆਂ ਦਾ ਸਭ ਤੋਂ ਵੱਧ ਅਨੁਪਾਤ ਹੈ। ਲੋਕ ਸਭਾ ਵਿੱਚ ਸਾਡੇ ਚੁਣੇ ਹੋਏ ਮੈਂਬਰਾਂ ਵਿੱਚੋਂ 37.9% ਔਰਤਾਂ ਹਨ। ਅਸੀਂ ਰਾਜ ਸਭਾ ਵਿੱਚ 46% ਮਹਿਲਾ ਮੈਂਬਰ ਨਾਮਜ਼ਦ ਕੀਤੇ ਹਨ। ਮਹਿਲਾ ਰਾਖਵੇਂਕਰਨ ਦਾ ਵਿਰੋਧ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਨਾ ਹੀ ਅਜਿਹਾ ਕਦੇ ਹੋਇਆ ਹੈ।”
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਜਿਸ ਗੱਲ ਦਾ ਵਿਰੋਧ ਕਰ ਰਹੇ ਹਾਂ ,ਉਹ ਹੈ ਹੱਦਬੰਦੀ ਪ੍ਰਕਿਰਿਆ। ਮੋਦੀ ਸਰਕਾਰ ਔਰਤਾਂ ਨੂੰ ਢਾਲ ਵਜੋਂ ਵਰਤ ਕੇ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਸਾਜ਼ਿਸ਼ ਰਚ ਰਹੀ ਸੀ। ਅਸੀਂ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਵਿੱਚ ਬਦਲਾਅ, ਦੇਸ਼ ਦੀ ਵੰਡ ਅਤੇ ਰਾਜਨੀਤਿਕ ਸੀਮਾਵਾਂ ਵਿੱਚ ਹੇਰਾਫੇਰੀ ਕਰਕੇ ਭਾਜਪਾ ਸ਼ਾਸਿਤ ਰਾਜਾਂ ਨੂੰ ਦੂਜੇ ਰਾਜਾਂ ਦੀ ਕੀਮਤ ‘ਤੇ ਵੱਧ ਪ੍ਰਤੀਨਿਧਤਾ ਦੇ ਕੇ ਸੱਤਾ ਹਾਸਲ ਕਰਨ ਦਾ ਸਖ਼ਤ ਵਿਰੋਧ ਕਰ ਰਹੇ ਹਾਂ। ਇਹ ਸੰਘੀ ਲੋਕਤੰਤਰ ‘ਤੇ ਹਮਲਾ ਹੈ ਅਤੇ ਅਸੀਂ ਇਸ ‘ਤੇ ਚੁੱਪ ਨਹੀਂ ਰਹਾਂਗੇ।
3 ਸਾਲ ਤੱਕ ਇੰਤਜ਼ਾਰ ਕਿਉਂ ਕੀਤਾ ? – ਮਮਤਾ ਬੈਨਰਜੀ
ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਇਹ ਸਰਕਾਰ ਸੱਚਮੁੱਚ ਇਸ ਨੇਕ ਕੰਮ ਪ੍ਰਤੀ ਗੰਭੀਰ ਸੀ ਤਾਂ 28 ਸਤੰਬਰ 2023 ਨੂੰ ਮਹਿਲਾ ਰਿਜ਼ਰਵੇਸ਼ਨ ਬਿੱਲ ਪਾਸ ਹੋਣ ਤੋਂ ਲਗਭਗ 3 ਸਾਲ ਬਾਅਦ ਤੱਕ ਇੰਤਜ਼ਾਰ ਕਿਉਂ ਕੀਤਾ? ਜਦੋਂ ਕਈ ਰਾਜਾਂ ਵਿੱਚ ਚੋਣਾਂ ਚੱਲ ਰਹੀਆਂ ਸਨ ਤਾਂ ਇਸਨੂੰ ਇੰਨੀ ਜਲਦੀ ਕਿਉਂ ਪਾਸ ਕੀਤਾ ਗਿਆ? ਅਤੇ ਇਸਨੂੰ ਹੱਦਬੰਦੀ ਨਾਲ ਕਿਉਂ ਜੋੜਿਆ ਗਿਆ? ਤ੍ਰਿਣਮੂਲ ਕਾਂਗਰਸ ਦਹਾਕਿਆਂ ਤੋਂ ਔਰਤਾਂ ਲਈ ਖੜ੍ਹੀ ਹੈ। ਅਸੀਂ ਖੜੇ ਰਹਾਂਗੇ, ਪਰ ਅਸੀਂ ਉਸ ਵਿਸ਼ੇ ‘ਤੇ ਉਪਦੇਸ਼ ਨਹੀਂ ਸੁਣਾਂਗੇ, ਜਿਸਨੂੰ ਸੱਤਾਧਾਰੀ ਪਾਰਟੀ ਨਾ ਤਾਂ ਸਮਝਦੀ ਹੈ ਅਤੇ ਨਾ ਹੀ ਸਤਿਕਾਰ ਕਰਦੀ ਹੈ।
ਉਨ੍ਹਾਂ ਅੱਗੇ ਕਿਹਾ, “ਪ੍ਰਧਾਨ ਮੰਤਰੀ ਜੀ ਅਗਲੀ ਵਾਰ ਜਦੋਂ ਤੁਸੀਂ ਰਾਸ਼ਟਰ ਨੂੰ ਸੰਬੋਧਨ ਕਰੋ ਤਾਂ ਸੰਸਦ ਦੇ ਫਲੋਰ ਤੋਂ ਅਜਿਹਾ ਕਰਨ ਦੀ ਹਿੰਮਤ ਰੱਖੋ, ਜਿੱਥੇ ਤੁਹਾਨੂੰ ਜਾਂਚ, ਚੁਣੌਤੀ ਅਤੇ ਜਵਾਬਦੇਹੀ ਦਾ ਸਾਹਮਣਾ ਕਰਨਾ ਪਵੇਗਾ। ਤੁਸੀਂ ਕੱਲ੍ਹ ਜੋ ਕੀਤਾ ਉਹ ਕਾਇਰਤਾਪੂਰਨ, ਪਖੰਡੀ ਅਤੇ ਦੋਗਲਾ ਸੀ। ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਸੱਤਾ ਤੁਹਾਡੇ ਹੱਥਾਂ ਵਿੱਚੋਂ ਖਿਸਕ ਰਹੀ ਹੈ।”
ਹੋਰ ਪੜ੍ਹੋ