Vaibhav Sooryavanshi Team India Debut: ਆਈਪੀਐਲ 2026 ਵਿੱਚ ਵੈਭਵ ਸੂਰਿਆਵੰਸ਼ੀ ਦੇ ਜ਼ਬਰਦਸਤ ਪ੍ਰਦਰਸ਼ਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 15 ਸਾਲਾ ਇਸ ਬੱਲੇਬਾਜ਼ ਨੇ ਇਸ ਸੀਜ਼ਨ ਵਿੱਚ ਕਈ ਰਿਕਾਰਡ ਤੋੜੇ ਅਤੇ ਕਈ ਵੱਡੇ ਮੀਲ ਪੱਥਰ ਹਾਸਲ ਕੀਤੇ। ਵੈਭਵ ਨੇ 16 ਮੈਚਾਂ ਵਿੱਚ 237 ਦੇ ਸਟ੍ਰਾਈਕ ਰੇਟ ਨਾਲ 776 ਦੌੜਾਂ ਬਣਾਈਆਂ। ਵੈਭਵ ਨੇ ਆਈਪੀਐਲ 2026 ਵਿੱਚ 72 ਛੱਕੇ ਲਗਾ ਕੇ ਇੱਕ ਨਵਾਂ ਰਿਕਾਰਡ ਵੀ ਬਣਾਇਆ। ਉਹ ਇੱਕ ਆਈਪੀਐਲ ਸੀਜ਼ਨ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਵਾਲਾ ਬੱਲੇਬਾਜ਼ ਬਣ ਗਿਆ। ਇਸ ਕਾਰਨਾਮੇ ਤੋਂ ਬਾਅਦ ਵੈਭਵ ਦੀ ਕਿਸਮਤ ਵੀ ਖੁੱਲ੍ਹ ਗਈ ਹੈ।
ਦਮਦਾਰ ਪ੍ਰਦਰਸ਼ਨ ਨਾਲ ਵੱਡੇ-ਵੱਡੇ ਦਿੱਗਜਾਂ ਨੂੰ ਪ੍ਰਭਾਵਿਤ ਕੀਤਾ
ਦਰਅਸਲ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੂੰ ਲੈ ਕੇ ਭਾਰਤੀ ਚੋਣਕਾਰਾਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਹਨ। BCCI ਨੇ ਚੀਫ਼ ਸਿਲੈਕਟਰ ਅਜੀਤ ਅਗਰਕਰ ਨੂੰ ਕਿਹਾ ਹੈ ਕਿ ਵੈਭਵ ਇੱਕ ਵਿਲੱਖਣ ਪ੍ਰਤਿਭਾ ਹੈ ਅਤੇ ਉਸ ਦੇ ਹਿੱਤ ਵਿੱਚ ਜੋ ਵੀ ਫੈਸਲਾ ਜ਼ਰੂਰੀ ਲੱਗੇ, ਉਹ ਲਿਆ ਜਾਵੇ। ਵੈਭਵ ਸੂਰਿਆਵੰਸ਼ੀ ਨੇ IPL 2026 ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਵੱਡੇ-ਵੱਡੇ ਦਿੱਗਜਾਂ ਨੂੰ ਪ੍ਰਭਾਵਿਤ ਕੀਤਾ ਹੈ। BCCI ਦੇ ਸਕੱਤਰ ਦੇਵਜੀਤ ਸਾਈਕੀਆ ਨੇ ਇੱਕ ਇੰਟਰਵਿਊ ਦੌਰਾਨ ਵੈਭਵ ਨੂੰ ਭਾਰਤੀ ਕ੍ਰਿਕਟ ਦਾ ‘ਵੰਡਰ ਬੁਆਏ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੈਭਵ ਆਉਣ ਵਾਲੇ ਸਮੇਂ ਵਿੱਚ ਦੁਨੀਆ ਭਰ ਵਿੱਚ ਤੂਫ਼ਾਨ ਮਚਾਉਣ ਵਾਲਾ ਹੈ।
ਵੈਭਵ ਨੂੰ ਟੀਮ ਵਿੱਚ ਸ਼ਾਮਲ ਕੀਤੇ ਜਾਣ ਦੀਆਂ ਉਮੀਦਾਂ
ਜਾਣਕਾਰੀ ਮੁਤਾਬਕ ਭਾਰਤੀ ਟੀਮ ਨੇ ਜੂਨ-ਜੁਲਾਈ ਵਿੱਚ ਆਇਰਲੈਂਡ ਅਤੇ ਇੰਗਲੈਂਡ ਦਾ ਦੌਰਾ ਕਰਨਾ ਹੈ। ਇਨ੍ਹਾਂ ਦੌਰਿਆਂ ਲਈ ਜਲਦੀ ਹੀ ਟੀਮ ਦਾ ਐਲਾਨ ਹੋਣਾ ਹੈ ਅਤੇ ਸਾਈਕੀਆ ਦੇ ਤਾਜ਼ਾ ਬਿਆਨ ਤੋਂ ਬਾਅਦ ਵੈਭਵ ਨੂੰ ਟੀਮ ਵਿੱਚ ਸ਼ਾਮਲ ਕੀਤੇ ਜਾਣ ਦੀਆਂ ਉਮੀਦਾਂ ਕਾਫੀ ਵੱਧ ਗਈਆਂ ਹਨ। ਸਾਈਕੀਆ ਅਨੁਸਾਰ, IPL ਦੌਰਾਨ ਸਾਰੇ ਚੋਣਕਾਰ ਮੌਜੂਦ ਸਨ ਅਤੇ ਉਨ੍ਹਾਂ ਨੇ ਵੈਭਵ ਦੀ ਖੇਡ ਨੂੰ ਬਹੁਤ ਨੇੜਿਓਂ ਦੇਖਿਆ ਹੈ।
ਦੱਸਣਯੋਗ ਹੈ ਕਿ ਕ੍ਰਿਕਟ ਜਗਤ ਦੇ ਵੱਡੇ ਨਾਂ ਜਿਵੇਂ ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ ਅਤੇ ਵੀਰੇਂਦਰ ਸਹਿਵਾਗ ਵੀ ਵੈਭਵ ਦੀ ਖੇਡ ਦੀ ਸ਼ਲਾਘਾ ਕਰ ਚੁੱਕੇ ਹਨ। ਖਾਸ ਤੌਰ ‘ਤੇ ਸਚਿਨ ਤੇਂਦੁਲਕਰ ਨੇ ਚੀਫ਼ ਸਿਲੈਕਟਰ ਅਜੀਤ ਅਗਰਕਰ ਦੀ ਮੌਜੂਦਗੀ ਵਿੱਚ ਵੈਭਵ ਦੀ ਬੱਲੇਬਾਜ਼ੀ, ਕਲਾਈਆਂ ਦੇ ਇਸਤੇਮਾਲ ਅਤੇ ਗੇਂਦ ਨੂੰ ਪੜ੍ਹਨ ਦੀ ਕਾਬਲੀਅਤ ਦੀ ਤਾਰੀਫ਼ ਕੀਤੀ ਸੀ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਚੋਣਕਾਰ ਉਸ ਨੂੰ ਆਉਣ ਵਾਲੇ ਦੌਰਿਆਂ ਲਈ ਭਾਰਤੀ ਜਰਸੀ ਪਹਿਨਣ ਦਾ ਮੌਕਾ ਦਿੰਦੇ ਹਨ ਜਾਂ ਨਹੀਂ।
ਹੋਰ ਪੜ੍ਹੋ