US ’ਚ ਪੰਜਾਬੀ ਟੈਕਸੀ ਡਰਾਈਵਰ ਦੀ ਨਾਗਰਿਕਤਾ ਰੱਦ, ਟੈਕਸੀ ’ਚ ਮਹਿਲਾ ਨੂੰ ਕਿਡਨੈਪ ਕਰਕੇ ਕੀਤਾ ਜਬਰ ਜਿਨਾਹ 

Must read


Punjabi Taxi Driver US Citizenship revoked : ਪੰਜਾਬੀ ਮੂਲ ਦੇ ਸਿੱਖ ਟੈਕਸੀ ਡਰਾਈਵਰ ਦੀ ਰੇਪ ਮਾਮਲੇ ਵਿੱਚ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਗਈ ਹੈ। ਅਮਰੀਕੀ ਨਿਆਂ ਵਿਭਾਗ (DOJ) ਨੇ 31 ਅਗਸਤ ਨੂੰ ਕਾਨੂੰਨੀ ਕਾਰਵਾਈ ਕੀਤੀ। ਟੈਕਸੀ ਡਰਾਈਵਰ ਗੁਰਮੀਤ ਸਿੰਘ (55) ਨੂੰ 20 ਸਾਲ ਦੀ ਸਜ਼ਾ ਵੀ ਸੁਣਾਈ ਗਈ ਹੈ। ਪੂਰਬੀ ਨਿਊਯਾਰਕ ਦੀ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਜੱਜ ਨਿਕੋਲਸ ਗਾਰੌਫਿਸ ਨੇ ਗੁਰਮੀਤ ਸਿੰਘ ਦੀ ਨਾਗਰਿਕਤਾ ਰੱਦ ਕਰਨ ਅਤੇ ਉਸ ਦਾ ਨਾਗਰਿਕਤਾ ਸਰਟੀਫਿਕੇਟ ਤੇ ਪਾਸਪੋਰਟ 16 ਸਤੰਬਰ ਤੱਕ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ।

ਗੁਰਮੀਤ ਸਿੰਘ ਨੂੰ 2011 ਵਿੱਚ ਇੱਕ ਮਹਿਲਾ ਯਾਤਰੀ ਨੂੰ ਚਾਕੂ ਦੀ ਨੋਕ ’ਤੇ ਅਗਵਾ ਕਰਨ ਅਤੇ ਉਸ ਨਾਲ ਰੇਪ ਕਰਨ ਦੇ ਆਰੋਪ ਵਿੱਚ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਇਸ ਸਮੇਂ ਗੁਰਮੀਤ ਸਿੰਘ ਨਿਊਯਾਰਕ ਦੀ ਸ਼ਾਵਾਂਗੰਕ ਕਰੈਕਸ਼ਨਲ ਫੈਸਿਲਿਟੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।

ਅਮਰੀਕੀ ਨਿਆਂ ਵਿਭਾਗ ਦੀ ਇਸ ਕਾਰਵਾਈ ’ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕੀ ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਅਪਰਾਧੀਆਂ ਲਈ ਕੋਈ ਢਾਲ ਜਾਂ ਸੁਰੱਖਿਆ ਕਵਚ ਨਹੀਂ ਹੈ। ਗੁਰਮੀਤ ਸਿੰਘ ਨੇ ਨਾਗਰਿਕਤਾ ਦੀ ਪ੍ਰਕਿਰਿਆ ਦੌਰਾਨ ਮਹਿਲਾ ਨਾਲ ਰੇਪ ਅਤੇ ਕਿਡਨੈਪਿੰਗ ਦੇ ਅਪਰਾਧ ਨੂੰ ਛੁਪਾਇਆ ਸੀ। ਧੋਖਾਧੜੀ ਨਾਲ ਹਾਸਲ ਕੀਤੀ ਨਾਗਰਿਕਤਾ ਕਿਸੇ ਵੀ ਅਪਰਾਧੀ ਨੂੰ ਕਾਨੂੰਨ ਤੋਂ ਨਹੀਂ ਬਚਾ ਸਕਦੀ।

ਟੈਕਸੀ ’ਚ ਸੁੱਤੀ ਮਹਿਲਾ ਯਾਤਰੀ ਨੂੰ ਬੰਧਕ ਬਣਾ ਕੇ ਰੇਪ ਕੀਤਾ

ਅਮਰੀਕੀ ਪੁਲਿਸ ਵੱਲੋਂ ਦਰਜ ਕੀਤੇ ਕੇਸ ਮੁਤਾਬਕ ਇਹ ਘਟਨਾ ਮਈ 2011 ਦੀ ਹੈ। ਉਸ ਸਮੇਂ ਗੁਰਮੀਤ ਸਿੰਘ ਨਿਊਯਾਰਕ ਵਿੱਚ ਪੀਲੀ ਟੈਕਸੀ ਚਲਾਉਂਦਾ ਸੀ। 6 ਮਈ 2011 ਦੀ ਰਾਤ 26 ਸਾਲਾ ਇੱਕ ਮਹਿਲਾ ਯਾਤਰੀ ਨੇ ਉਸ ਦੀ ਟੈਕਸੀ ਲਈ। ਸਫ਼ਰ ਦੌਰਾਨ ਮਹਿਲਾ ਨੂੰ ਨੀਂਦ ਆ ਗਈ ਅਤੇ ਉਹ ਕਾਰ ਦੀ ਪਿਛਲੀ ਸੀਟ ’ਤੇ ਸੌਂ ਗਈ। ਮਹਿਲਾ ਨੂੰ ਸੁੱਤਾ ਦੇਖ ਕੇ ਗੁਰਮੀਤ ਸਿੰਘ ਨੇ ਟੈਕਸੀ ਨੂੰ ਤੈਅ ਰਸਤੇ ਦੀ ਬਜਾਏ ਇੱਕ ਸੁੰਨਸਾਨ ਸੜਕ ਵੱਲ ਮੋੜ ਦਿੱਤਾ।

ਮਹਿਲਾ ਦੀ ਅੱਖ ਖੁੱਲ੍ਹੀ ਤਾਂ ਗਲੇ ’ਤੇ ਰੱਖਿਆ ਸੀ ਚਾਕੂ

ਜਦੋਂ ਪੀੜਤ ਮਹਿਲਾ ਦੀ ਅੱਖ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਗੁਰਮੀਤ ਸਿੰਘ ਉਸ ਦੀ ਛਾਤੀ ’ਤੇ ਬੈਠਾ ਹੋਇਆ ਸੀ ਅਤੇ ਉਸ ਦੀ ਗਰਦਨ ’ਤੇ ਚਾਕੂ ਰੱਖਿਆ ਹੋਇਆ ਸੀ। ਗੁਰਮੀਤ ਨੇ ਮਹਿਲਾ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਜ਼ਿੰਦਾ ਰਹਿਣਾ ਹੈ ਤਾਂ ਚੀਕਣ ਜਾਂ ਵਿਰੋਧ ਕਰਨ ਦੀ ਗਲਤੀ ਨਾ ਕਰੇ। ਇਸ ਤੋਂ ਬਾਅਦ ਮੁਲਜ਼ਮ ਨੇ ਮਹਿਲਾ ਦੇ ਹੱਥ-ਪੈਰ ਬੰਨ੍ਹ ਦਿੱਤੇ, ਉਸ ਦੇ ਮੂੰਹ ਵਿੱਚ ਕੱਪੜਾ ਤੁੰਨ ਦਿੱਤਾ ਅਤੇ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ। ਫਿਰ ਉਸ ਦੇ ਕੱਪੜੇ ਉਤਾਰ ਕੇ ਚਾਕੂ ਦੀ ਨੋਕ ’ਤੇ ਉਸ ਨਾਲ ਰੇਪ ਕੀਤਾ।

ਮੁਲਜ਼ਮ ਤੋਂ ਬਚ ਕੇ ਪੁਲਿਸ ਕੋਲ ਪਹੁੰਚੀ ਮਹਿਲਾ

ਕਿਸੇ ਤਰ੍ਹਾਂ ਹਿੰਮਤ ਕਰਕੇ ਪੀੜਤ ਮਹਿਲਾ ਮੁਲਜ਼ਮ ਦੀ ਟੈਕਸੀ ਤੋਂ ਭੱਜਣ ਵਿੱਚ ਕਾਮਯਾਬ ਹੋ ਗਈ। ਤੜਕੇ ਉਸ ਨੇ ਸੜਕ ’ਤੇ ਇੱਕ ਰਾਹਗੀਰ ਤੋਂ ਮਦਦ ਮੰਗੀ, ਜਿਸ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਤੁਰੰਤ ਮਹਿਲਾ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਮੈਡੀਕਲ ਅਤੇ ਰੇਪ ਕਿਟ ਟੈਸਟ ਕੀਤਾ ਗਿਆ। ਡੀਐਨਏ ਜਾਂਚ ਵਿੱਚ ਪੀੜਤਾ ਦੇ ਸਰੀਰ ਤੋਂ ਮਿਲੇ ਸਬੂਤ ਗੁਰਮੀਤ ਸਿੰਘ ਦੇ ਡੀਐਨਏ ਨਾਲ ਪੂਰੀ ਤਰ੍ਹਾਂ ਮੇਲ ਖਾ ਗਏ। ਇਸ ਤੋਂ ਬਾਅਦ ਜਨਵਰੀ 2012 ਵਿੱਚ ਨਿਊਯਾਰਕ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

1992 ਵਿੱਚ ਪੰਜਾਬ ਤੋਂ ਅਮਰੀਕਾ ਗਿਆ, ਗੈਰ-ਕਾਨੂੰਨੀ ਤੌਰ ’ਤੇ ਰਿਹਾ

ਪੁਲਿਸ ਮੁਤਾਬਕ ਗੁਰਮੀਤ ਸਿੰਘ ਦੇ ਅਮਰੀਕਾ ਆਉਣ ਦਾ ਇਤਿਹਾਸ ਵੀ ਨਿਯਮਾਂ ਦੀ ਉਲੰਘਣਾ ਨਾਲ ਜੁੜਿਆ ਰਿਹਾ ਹੈ। ਉਹ ਫਰਵਰੀ 1992 ਵਿੱਚ 6 ਮਹੀਨੇ ਦੇ ਵਿਜ਼ਟਰ ਵੀਜ਼ੇ ’ਤੇ ਅਮਰੀਕਾ ਗਿਆ ਸੀ। ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਹ ਕਈ ਸਾਲਾਂ ਤੱਕ ਬਿਨਾਂ ਕਿਸੇ ਕਾਗਜ਼ਾਤ ਦੇ ਗੈਰ-ਕਾਨੂੰਨੀ ਤੌਰ ’ਤੇ ਉੱਥੇ ਰਹਿੰਦਾ ਰਿਹਾ। ਇਸ ਤੋਂ ਬਾਅਦ ਜੂਨ 2000 ਵਿੱਚ ਪਰਿਵਾਰਕ ਵੀਜ਼ਾ ਪਟੀਸ਼ਨ ਰਾਹੀਂ ਉਸ ਨੇ ਅਮਰੀਕਾ ਦੀ ਪਰਮਾਨੈਂਟ ਰੈਜ਼ੀਡੈਂਸੀ (ਗ੍ਰੀਨ ਕਾਰਡ) ਹਾਸਲ ਕੀਤੀ।

ਰੇਪ ਤੋਂ ਬਾਅਦ ਨਾਗਰਿਕਤਾ ਲਈ ਕੀਤਾ ਅਪਲਾਈ

ਮਈ 2011 ਵਿੱਚ ਰੇਪ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਹੀ ਹਫ਼ਤਿਆਂ ਬਾਅਦ ਗੁਰਮੀਤ ਸਿੰਘ ਨੇ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦਾਖ਼ਲ ਕੀਤੀ। ਨਾਗਰਿਕਤਾ ਫਾਰਮ ਭਰਦੇ ਸਮੇਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਸਾਹਮਣੇ ਇੰਟਰਵਿਊ ਦੌਰਾਨ ਉਸ ਨੇ ਹਲਫ਼ਨਾਮਾ ਦੇ ਕੇ ਦਾਅਵਾ ਕੀਤਾ ਕਿ ਉਸ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਸ ਦੇ ਇਸ ਦਾਅਵੇ ਦੇ ਆਧਾਰ ’ਤੇ ਅਮਰੀਕੀ ਸਰਕਾਰ ਨੇ 19 ਅਕਤੂਬਰ 2011 ਨੂੰ ਉਸ ਨੂੰ ਦੇਸ਼ ਦਾ ਨਾਗਰਿਕ ਘੋਸ਼ਿਤ ਕਰ ਦਿੱਤਾ।

15 ਸਾਲ ਬਾਅਦ ਖੋਹੀ ਗਈ ਨਾਗਰਿਕਤਾ

ਨਾਗਰਿਕਤਾ ਮਿਲਣ ਤੋਂ ਕੁਝ ਹੀ ਮਹੀਨਿਆਂ ਬਾਅਦ ਜਨਵਰੀ 2012 ਵਿੱਚ ਡੀਐਨਏ ਰਿਪੋਰਟ ਦੇ ਆਧਾਰ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਨਿਊਯਾਰਕ ਸਟੇਟ ਕੋਰਟ ਵਿੱਚ ਮੁਕੱਦਮਾ ਚੱਲਿਆ। ਸਾਲ 2014 ਵਿੱਚ ਅਦਾਲਤ ਨੇ ਗੁਰਮੀਤ ਸਿੰਘ ਨੂੰ ਫਰਸਟ-ਡਿਗਰੀ ਰੇਪ ਅਤੇ ਸੈਕੰਡ-ਡਿਗਰੀ ਕਿਡਨੈਪਿੰਗ ਦਾ ਦੋਸ਼ੀ ਮੰਨਦਿਆਂ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਨਿਆਂ ਵਿਭਾਗ ਦੇ ਇਮੀਗ੍ਰੇਸ਼ਨ ਲਿਟਿਗੇਸ਼ਨ ਆਫਿਸ (OIL) ਅਤੇ ਪੂਰਬੀ ਨਿਊਯਾਰਕ ਦੇ ਯੂਐਸ ਅਟਾਰਨੀ ਦਫ਼ਤਰ ਨੇ ਜਦੋਂ ਇਸ ਮਾਮਲੇ ਦੀ ਸਮੀਖਿਆ ਕੀਤੀ ਤਾਂ ਪਤਾ ਲੱਗਾ ਕਿ ਗੁਰਮੀਤ ਸਿੰਘ ਨੇ ਆਪਣੇ ਨਾਗਰਿਕਤਾ ਅਰਜ਼ੀ ਵਿੱਚ ਅਪਰਾਧ ਛੁਪਾ ਕੇ ਅਮਰੀਕੀ ਕਾਨੂੰਨ ਨਾਲ ਧੋਖਾਧੜੀ ਕੀਤੀ ਸੀ।

ਫਰਵਰੀ 2026 ਵਿੱਚ ਨਿਆਂ ਵਿਭਾਗ ਨੇ ਉਸ ਦੀ ਨਾਗਰਿਕਤਾ ਖ਼ਤਮ ਕਰਨ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ। ਨਾਗਰਿਕਤਾ ਰੱਦ ਹੋਣ ਤੋਂ ਬਾਅਦ ਅਤੇ 20 ਸਾਲ ਦੀ ਜੇਲ੍ਹ ਦੀ ਸਜ਼ਾ ਪੂਰੀ ਕਰਨ ਉਪਰੰਤ ਗੁਰਮੀਤ ਸਿੰਘ ਨੂੰ ਭਾਰਤ ਡਿਪੋਰਟ ਕੀਤਾ ਜਾਵੇਗਾ।



News Source link

- Advertisement -

More articles

- Advertisement -

Latest article