UPI Payment News : ਵਧਦੀ ਮਹਿੰਗਾਈ ਦੇ ਵਿਚਕਾਰ ਹੁਣ UPI ਪੇਮੈਂਟ ’ਤੇ ਚਾਰਜ ਦੇਣ ਦੀ ਗੱਲ ਸਾਹਮਣੇ ਆ ਰਹੀ ਹੈ। ਯਾਨੀ ਤੁਹਾਡਾ UPI ਹੁਣ ਮੁਫ਼ਤ ਨਹੀਂ ਰਹੇਗਾ। ਇਹ ਚਾਰਜ 2,000 ਰੁਪਏ ਤੋਂ ਵੱਧ ਦੇ ਟ੍ਰਾਂਜ਼ੈਕਸ਼ਨ ’ਤੇ ਲੱਗਣ ਦੀ ਗੱਲ ਕਹੀ ਜਾ ਰਹੀ ਹੈ। ਵੱਡੀ ਗੱਲ ਇਹ ਹੈ ਕਿ ਜੇਕਰ ਕੋਈ ਆਮ ਵਿਅਕਤੀ 2,000 ਰੁਪਏ ਤੋਂ ਵੱਧ ਦਾ ਪੈਟਰੋਲ, ਬਿਜਲੀ ਬਿੱਲ ਜਾਂ ਕੋਈ ਹੋਰ ਬਿੱਲ UPI ਰਾਹੀਂ ਅਦਾ ਕਰਦਾ ਹੈ ਤਾਂ ਹਰ ਲੈਣ-ਦੇਣ ’ਤੇ 5 ਰੁਪਏ ਤੱਕ ਦਾ ਚਾਰਜ ਲੱਗ ਸਕਦਾ ਹੈ।
ਹੁਣ ਤੱਕ UPI ਚਾਰਜ ਮੁੱਖ ਤੌਰ ’ਤੇ ਵੱਡੇ ਵਪਾਰੀਆਂ ਤੱਕ ਸੀਮਿਤ ਹੋਣ ਦੀ ਗੱਲ ਕੀਤੀ ਜਾਂਦੀ ਰਹੀ ਹੈ, ਪਰ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਆਮ ਲੋਕਾਂ ’ਤੇ ਵੀ ਵਾਧੂ ਬੋਝ ਪੈਣ ਦੀ ਚਰਚਾ ਹੈ। ਭਾਰਤੀ ਰਾਸ਼ਟਰੀ ਭੁਗਤਾਨ ਨਿਗਮ (NPCI) ਦੇ FAQ ਮੁਤਾਬਕ ਇਹ ਨਿਯਮ 15 ਅਕਤੂਬਰ 2026 ਤੋਂ ਲਾਗੂ ਹੋਣ ਦੀ ਗੱਲ ਕਹੀ ਗਈ ਹੈ।
ਪੈਟਰੋਲ, ਬਿਜਲੀ ਅਤੇ ਕੁਝ ਹੋਰ ਸੇਵਾਵਾਂ ਲਈ ਵੱਖਰਾ ਪ੍ਰਬੰਧ
ਕੁਝ ਜ਼ਰੂਰੀ ਸੇਵਾਵਾਂ ਵਿੱਚ ਆਮ 0.4% ਮਰਚੈਂਟ ਡਿਸਕਾਊਂਟ ਰੇਟ (MDR) ਦੀ ਬਜਾਏ ਹਰ ਟ੍ਰਾਂਜ਼ੈਕਸ਼ਨ ’ਤੇ 5 ਰੁਪਏ ਤੱਕ ਦਾ ਤੈਅ ਚਾਰਜ ਰੱਖਣ ਦੀ ਗੱਲ ਹੈ। ਇਸ ਵਿੱਚ ਪੈਟਰੋਲ ਪੰਪ, ਟੈਲੀਕਾਮ, ਬੀਮਾ ਅਤੇ ਰੇਲਵੇ ਵਰਗੀਆਂ ਕੈਟੇਗਰੀਆਂ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਜੇਕਰ ਇਨ੍ਹਾਂ ਸੇਵਾਵਾਂ ਦਾ ਬਿੱਲ 2,000 ਰੁਪਏ ਤੋਂ ਵੱਧ ਹੈ ਅਤੇ ਤੁਸੀਂ UPI ਰਾਹੀਂ ਭੁਗਤਾਨ ਕਰਦੇ ਹੋ ਤਾਂ ਹਰ ਪੇਮੈਂਟ ’ਤੇ 5 ਰੁਪਏ ਤੱਕ ਦਾ ਚਾਰਜ ਲਿਆ ਜਾ ਸਕਦਾ ਹੈ।
ਬਿਜਲੀ, ਪਾਣੀ ਅਤੇ ਪਾਈਪ ਵਾਲੀ ਗੈਸ ਦੇ ਬਿੱਲਾਂ ’ਤੇ ਵੀ 5 ਰੁਪਏ ਵਾਲਾ ਪ੍ਰਬੰਧ ਲਾਗੂ ਹੋਣ ਦੀ ਗੱਲ ਹੈ। ਉੱਥੇ ਹੀ ਮਿਊਚੁਅਲ ਫੰਡ ਅਤੇ ਸ਼ੇਅਰ ਬਾਜ਼ਾਰ ਨਾਲ ਜੁੜੇ ਭੁਗਤਾਨਾਂ ’ਤੇ 0.02% ਦੀ ਦਰ ਰੱਖੀ ਗਈ ਹੈ, ਜਿਸ ਦੀ ਵੱਧ ਤੋਂ ਵੱਧ ਹੱਦ 300 ਰੁਪਏ ਹੋਵੇਗੀ। ਹਾਲਾਂਕਿ ਆਟੋ-ਡੈਬਿਟ ਵਾਲੇ ਕੁਝ ਭੁਗਤਾਨਾਂ ’ਤੇ MDR ਨਹੀਂ ਲੱਗੇਗਾ।
ਸਰਕਾਰ ਨੇ ਨਿਯਮ ਕਿਉਂ ਬਦਲਿਆ?
NPCI ਮੁਤਾਬਕ UPI ਦਾ ਨੈੱਟਵਰਕ ਚਲਾਉਣ, ਸਰਵਰ ਸੰਭਾਲਣ ਅਤੇ ਧੋਖਾਧੜੀ (Fraud) ਨੂੰ ਰੋਕਣ ਲਈ ਹਰ ਸਾਲ ਕਰੀਬ 20,000 ਕਰੋੜ ਰੁਪਏ ਦਾ ਖਰਚਾ ਆਉਂਦਾ ਹੈ। ਹੁਣ ਤੱਕ UPI ਲਈ ਸਰਕਾਰੀ ਸਹਾਇਤਾ ਦੀ ਵੱਡੀ ਭੂਮਿਕਾ ਰਹੀ ਹੈ। ਅਗਸਤ 2026 ਵਿੱਚ UPI ’ਤੇ ਕਰੀਬ 2,451 ਕਰੋੜ ਟ੍ਰਾਂਜ਼ੈਕਸ਼ਨ ਹੋਏ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 29.9 ਲੱਖ ਕਰੋੜ ਰੁਪਏ ਰਹੀ।
ਨਿਯਮ ਆਇਆ ਕਿੱਥੋਂ?
ਮਾਨਸੂਨ ਸੈਸ਼ਨ ਵਿੱਚ ਸੰਸਦ ਵੱਲੋਂ Tax and Other Laws Amendment Bill 2026 ਪਾਸ ਕੀਤਾ ਗਿਆ। ਇਸ ਤੋਂ ਬਾਅਦ 14 ਸਤੰਬਰ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ 2,000 ਰੁਪਏ ਤੱਕ ਦੇ UPI ਪੇਮੈਂਟ ਅਤੇ RuPay ਡੈਬਿਟ ਕਾਰਡ ਪੇਮੈਂਟ ’ਤੇ ਚਾਰਜ ਲਗਾਉਣ ਤੋਂ ਕਾਨੂੰਨੀ ਸੁਰੱਖਿਆ ਦਿੱਤੀ। 2,000 ਰੁਪਏ ਤੋਂ ਉੱਪਰ ਦੇ ਪੇਮੈਂਟ ਦੀ ਦਰ ਤੈਅ ਕਰਨ ਦੀ ਜ਼ਿੰਮੇਵਾਰੀ UPI ਨਾਲ ਜੁੜੀ Steering Committee ਨੂੰ ਦਿੱਤੀ ਗਈ ਹੈ।
ਪਰ ਇੱਕ ਵੱਡਾ ਸਵਾਲ ਅਜੇ ਬਾਕੀ
ਅਜੇ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ MDR ’ਤੇ GST ਲੱਗੇਗਾ ਜਾਂ ਨਹੀਂ। ਇਸ ਚਾਰਜ ਤੋਂ ਮਿਲਣ ਵਾਲੀ ਰਕਮ ਵਿੱਚ ਬੈਂਕ, UPI ਐਪ ਅਤੇ NPCI ਦਾ ਹਿੱਸਾ ਕਿੰਨਾ ਹੋਵੇਗਾ ਅਤੇ ਜੇਕਰ ਕੋਈ ਦੁਕਾਨਦਾਰ ਇਹ ਚਾਰਜ ਗਾਹਕ ਤੋਂ ਵਸੂਲ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਕੀ ਕਾਰਵਾਈ ਹੋਵੇਗੀ। ਇਨ੍ਹਾਂ ਸਵਾਲਾਂ ’ਤੇ ਅਜੇ ਸਪੱਸ਼ਟਤਾ ਦੀ ਲੋੜ ਹੈ।