Tarn Taran 'ਚ ਘਰੇਲੂ ਵਿਵਾਦ ਕਾਰਨ ਪਤਨੀ ਨੇ ਆਪਣੀ ਜੀਵਨ ਲੀਲ੍ਹਾ ਕੀਤੀ ਸਮਾਪਤ , ਪਤੀ ’ਤੇ ਤੰਗ-ਪ੍ਰੇਸ਼ਾਨ ਕਰਨ ਦੇ ਆਰੋਪ  

0
27


Tarn Taran News : ਤਰਨਤਾਰਨ ਜ਼ਿਲ੍ਹੇ ਅਧੀਨ ਆਉਂਦੇ ਇਲਾਕੇ ਵਿੱਚ ਇੱਕ ਮਹਿਲਾ ਵੱਲੋਂ ਆਪਣੇ ਪਤੀ ਦੀ ਕਥਿਤ ਸਰੀਰਕ ਅਤੇ ਮਾਨਸਿਕ ਤੰਗ-ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਘਰੋਂ ਫਰਾਰ ਹੈ। ਸੂਚਨਾ ਮਿਲਦੇ ਹੀ ਥਾਣਾ ਸਰਹਾਲੀ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਰਹਾਲੀ ਵਿੱਚ ਗੁਰਦਾਸਪੁਰ ਵਾਸੀ ਕੰਵਲਜੀਤ ਸਿੰਘ ਨੇ ਆਪਣੀ ਭੈਣ ਦੀ ਮੌਤ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਭੈਣ ਗੁਰਵਿੰਦਰ ਕੌਰ ਦਾ ਵਿਆਹ ਸਾਲ 2019 ਵਿੱਚ ਪਿੰਡ ਬਹਿਕ ਨੌਸ਼ਹਿਰਾ ਪੰਨੂ ਦੇ ਰਹਿਣ ਵਾਲੇ ਰਮਨਦੀਪ ਸਿੰਘ ਨਾਲ ਹੋਇਆ ਸੀ। ਰਮਨਦੀਪ ਸਿੰਘ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇੱਕ ਪੁੱਤਰ ਮਾਨਵਜੋਤ ਸਿੰਘ ਹੈ। ਵਿਆਹ ਤੋਂ ਬਾਅਦ ਗੁਰਵਿੰਦਰ ਕੌਰ ਦੀ ਆਪਣੀ ਕੋਈ ਸੰਤਾਨ ਨਹੀਂ ਸੀ।

 ਦੋ ਸਾਲ ਤੋਂ ਚੱਲ ਰਿਹਾ ਸੀ ਘਰੇਲੂ ਕਲੇਸ਼

ਕੰਵਲਜੀਤ ਸਿੰਘ ਦੇ ਅਨੁਸਾਰ ਪਿਛਲੇ ਕਰੀਬ ਦੋ ਸਾਲਾਂ ਤੋਂ ਉਸ ਦੀ ਭੈਣ ਗੁਰਵਿੰਦਰ ਕੌਰ ਅਤੇ ਉਸ ਦੇ ਪਤੀ ਰਮਨਦੀਪ ਸਿੰਘ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ। ਆਰੋਪ ਹੈ ਕਿ ਰਮਨਦੀਪ ਸਿੰਘ ਉਸ ਦੀ ਭੈਣ ਨਾਲ ਲਗਾਤਾਰ ਕੁੱਟਮਾਰ ਕਰਦਾ ਸੀ ਅਤੇ ਉਸ ਨੂੰ ਘਰ ਛੱਡ ਕੇ ਜਾਣ ਲਈ ਮਜਬੂਰ ਕਰਦਾ ਸੀ। ਹਾਲਾਂਕਿ ਗੁਰਵਿੰਦਰ ਕੌਰ ਆਪਣਾ ਘਰ ਬਚਾਉਣਾ ਚਾਹੁੰਦੀ ਸੀ ਅਤੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ।

ਕਮਰੇ ਵਿੱਚ ਫਾਹੇ ਨਾਲ ਲਟਕਦੀ ਮਿਲੀ

ਅੱਜ ਗੁਰਵਿੰਦਰ ਕੌਰ ਦੇ ਜੀਜਾ ਬਿਕਰਮਜੀਤ ਸਿੰਘ ਨੇ ਕੰਵਲਜੀਤ ਸਿੰਘ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੀ ਭੈਣ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਸ ਤੋਂ ਬਾਅਦ ਮਾਇਕੇ ਪਰਿਵਾਰ ਦੇ ਲੋਕ ਤੁਰੰਤ ਧੀ ਦੇ ਸਹੁਰੇ ਘਰ ਪਹੁੰਚੇ। ਉੱਥੇ ਗੁਰਵਿੰਦਰ ਕੌਰ ਦੀ ਲਾਸ਼ ਬਿਸਤਰੇ ’ਤੇ ਪਈ ਸੀ, ਜਦਕਿ ਉਸ ਦਾ ਪਤੀ ਰਮਨਦੀਪ ਸਿੰਘ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਭਰਾ ਨੇ ਆਰੋਪ ਲਗਾਇਆ ਕਿ ਉਸ ਦੀ ਭੈਣ ਨੂੰ ਖੁਦਕੁਸ਼ੀ ਕਰਨ ਲਈ ਉਸ ਦੇ ਪਤੀ ਨੇ ਹੀ ਮਜਬੂਰ ਕੀਤਾ ਹੈ।

ਪੁਲਿਸ ਨੇ ਦਰਜ ਕੀਤਾ ਕੇਸ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਸਬ-ਇੰਸਪੈਕਟਰ ਲਖਬੀਰ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮਹਿਲਾ ਦੇ ਭਰਾ ਕੰਵਲਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਤੀ ਰਮਨਦੀਪ ਸਿੰਘ ਖ਼ਿਲਾਫ਼ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਫਰਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।



News Source link